Trainee IPS suicide Attempt: ਹੈਦਰਾਬਾਦ 'ਚ ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਟਰੇਨੀ IPS ਅਧਿਕਾਰੀ ਵੱਲੋਂ ਖੁਦਕੁਸ਼ੀ ਦੀ ਕੋਸ਼ਿਸ਼
ਸਿਹਤ ਵਿਗੜਨ ਤੋਂ ਬਾਅਦ ਹਸਪਤਾਲ ਦਾਖਲ
ਹੈਦਰਾਬਾਦ ਦੀ 'ਸਰਦਾਰ ਵੱਲਭਭਾਈ ਪਟੇਲ ਨੈਸ਼ਨਲ ਪੁਲੀਸ ਅਕੈਡਮੀ' (SVPNPA) ਵਿੱਚ ਤਾਇਨਾਤ ਇੱਕ ਸਿਖਲਾਈ ਅਧੀਨ ਆਈ.ਪੀ.ਐਸ. (IPS) ਅਧਿਕਾਰੀ ਨੂੰ ਸ਼ੱਕੀ ਖੁਦਕੁਸ਼ੀ ਦੀ ਕੋਸ਼ਿਸ਼ ਤੋਂ ਬਾਅਦ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਇਹ ਘਟਨਾ ਸ਼ਹਿਰ ਵਿੱਚ ਸਥਿਤ ਉਸ ਦੇ ਭਰਾ ਦੇ ਫਲੈਟ ਵਿੱਚ ਵਾਪਰੀ। ਪੁਲੀਸ ਅਨੁਸਾਰ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਉਸ ਦੇ ਭਰਾ ਅਤੇ ਦੋਸਤਾਂ ਵੱਲੋਂ ਹਸਪਤਾਲ ਲਿਆਂਦਾ ਗਿਆ ਸੀ। ਡਾਕਟਰਾਂ ਨੇ ਦੱਸਿਆ ਕਿ ਉਸ ਦੇ ਖੂਨ ਅਤੇ ਪਿਸ਼ਾਬ ਦੇ ਨਮੂਨੇ ਜਾਂਚ ਲਈ ਭੇਜੇ ਗਏ ਹਨ ਅਤੇ ਫਿਲਹਾਲ ਉਸ ਦੀ ਹਾਲਤ ਸਥਿਰ ਹੈ। ਮੌਕੇ ਤੋਂ ਇੱਕ ਹੱਥਲਿਖਤ ਨੋਟ ਵੀ ਬਰਾਮਦ ਹੋਇਆ ਹੈ, ਜਿਸ ਦੀ ਪੁਸ਼ਟੀ ਕੀਤੀ ਜਾ ਰਹੀ ਹੈ।
ਮਹਿਲਾ ਆਈ.ਪੀ.ਐਸ. ਅਧਿਕਾਰੀ ਦੁਆਰਾ ਲਗਾਏ ਗਏ ਗੰਭੀਰ ਦੋਸ਼
ਇੱਕ 30 ਸਾਲਾ ਮਹਿਲਾ ਸਿਖਲਾਈ ਅਧੀਨ IPS ਅਧਿਕਾਰੀ ਨੇ ਪੁਲੀਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਇਹ ਅਧਿਕਾਰੀ 23 ਜੂਨ ਤੋਂ ਉਸ ਨੂੰ ਅਸ਼ਲੀਲ ਮੈਸੇਜ ਭੇਜ ਕੇ ਪਰੇਸ਼ਾਨ ਕਰ ਰਿਹਾ ਸੀ ਅਤੇ ਅਕੈਡਮੀ ਵਿੱਚ ਉਸ ਦੇ ਦੋਸਤਾਂ ਸਾਹਮਣੇ ਅਪਮਾਨਜਨਕ ਟਿੱਪਣੀਆਂ ਕਰ ਰਿਹਾ ਸੀ। ਸ਼ਿਕਾਇਤਕਰਤਾ ਅਨੁਸਾਰ 9 ਜੁਲਾਈ ਨੂੰ ਇਸ ਅਧਿਕਾਰੀ ਨੇ ਉਸ ਨੂੰ ਜ਼ਬਰਦਸਤੀ ਆਪਣੇ ਕਮਰੇ ਵਿੱਚ ਲਿਜਾ ਕੇ ਵਾਲਾਂ ਤੋਂ ਫੜਿਆ, ਗਲਾ ਘੁੱਟਣ ਦੀ ਕੋਸ਼ਿਸ਼ ਕੀਤੀ ਅਤੇ ਗਰਦਨ 'ਤੇ ਚਾਕੂ ਰੱਖ ਕੇ ਧਮਕਾਇਆ। ਇਸ ਤੋਂ ਇਲਾਵਾ ਉਸ 'ਤੇ ਬਿਨਾਂ ਇਜਾਜ਼ਤ ਨਿਜੀ ਵੀਡੀਓ ਬਣਾ ਕੇ ਬਲੈਕਮੇਲ ਕਰਨ ਲਈ ਉਸ ਦੇ ਪਤੀ ਨੂੰ ਭੇਜਣ ਦਾ ਵੀ ਦੋਸ਼ ਹੈ।
ਸ਼ਿਕਾਇਤ ਦੇ ਆਧਾਰ 'ਤੇ ਅੱਤਾਪੁਰ ਪੁਲੀਸ ਨੇ 18 ਜੁਲਾਈ ਨੂੰ ਭਾਰਤੀ ਨਿਆਇ ਸੰਹਿਤਾ (BNS) ਅਤੇ ਆਈ.ਟੀ. ਐਕਟ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਮਾਮਲਾ ਦਰਜ ਹੋਣ ਤੋਂ ਬਾਅਦ ਅਕੈਡਮੀ ਵਿੱਚ ਉਸ ਵਿਰੁੱਧ ਅੰਦਰੂਨੀ ਜਾਂਚ ਵੀ ਸ਼ੁਰੂ ਕਰ ਦਿੱਤੀ ਗਈ ਹੈ। ਦੂਜੇ ਪਾਸੇ ਇਸ ਅਧਿਕਾਰੀ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਆਪਣੇ 'ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਅਤੇ ਝੂਠਾ ਦੱਸਿਆ ਹੈ। ਪੁਲੀਸ ਵੱਲੋਂ ਉਸ ਨੂੰ ਜਾਂਚ ਵਿੱਚ ਸ਼ਾਮਲ ਹੋਣ ਲਈ ਨੋਟਿਸ ਜਾਰੀ ਕੀਤਾ ਜਾ ਰਿਹਾ ਹੈ।

