ਨਵੀਂ ਦਿੱਲੀ, 26 ਫਰਵਰੀ
ਕਾਰੋਬਾਰੀਆਂ ਦੀਆਂ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਭਾਰਤ ਵਪਾਰ ਬੰਦ’ ਦੇ ਸੱਦੇ ਨੂੰ ਅੱਜ ਕੌਮੀ ਰਾਜਧਾਨੀ ਦਿੱਲੀ ਵਿੱਚ ਰਲਿਆ-ਮਿਲਿਆ ਹੁੰਗਾਰਾ ਮਿਲਿਆ। ਇਸ ਦੌਰਾਨ ਕਈ ਮਾਰਕੀਟਾਂ ਖੁੱਲ੍ਹੀਆਂ ਰਹੀਆਂ ਕਿਉਂਕਿ ਕਈ ਵਪਾਰੀਆਂ ਦਾ ਕਹਿਣਾ ਸੀ ਕਿ ਉਹ ਬੰਦ ਦਾ ਸਮਰਥਨ ਕਰਦੇ ਹਨ ਪਰ ਆਪਣੇ ਕਾਰੋਬਾਰ ਬੰਦ ਰੱਖ ਕੇ ਇਕ ਹੋਰ ਦਿਨ ਦਾ ਘਾਟਾ ਨਹੀਂ ਸਹਿਣਾ ਚਾਹੁੰਦੇ। ਕਨਫੈਡਰੇਸ਼ਨ ਆਫ਼ ਆਲ ਇੰਡੀਆ ਟਰੇਡਰਜ਼ (ਕੈਟ) ਨੇ ਵੀਰਵਾਰ ਨੂੰ ਕਿਹਾ ਸੀ ਕਿ ‘ਭਾਰਤ ਬੰਦ’ ਦੇ ਮੱਦੇਨਜ਼ਰ 26 ਫਰਵਰੀ ਨੂੰ ਦੇਸ਼ ਭਰ ਵਿੱਚ ਸਾਰੀਆਂ ਕਾਰੋਬਾਰੀ ਮਾਰਕੀਟਾਂ ਬੰਦ ਰਹਿਣਗੀਆਂ। ਇਹ ਭਾਰਤ ਬੰਦ ਵਸਤਾਂ ਤੇ ਸੇਵਾਵਾਂ ਕਰ (ਜੀਐੱਸਟੀ) ਵਿਵਸਥਾ ਦੇ ਪ੍ਰਬੰਧਾਂ ਦੀਆਂ ਖਾਮੀਆਂ ਦੂਰ ਕਰਨ ਤੇ ਹੋਰ ਮੰਗਾਂ ਨੂੰ ਲੈ ਕੇ ਕੀਤਾ ਗਿਆ ਸੀ। ਟਰੇਡ ਤੇ ਸਨਅਤ ਚੈਂਬਰ (ਸੀਟੀਆਈ) ਦੇ ਪ੍ਰਧਾਨ ਬ੍ਰਿਜੇਸ਼ ਗੋਇਲ ਨੇ ਕਿਹਾ ਕਿ ਦਿੱਲੀ ਵਿੱਚ ਜ਼ਿਆਦਾਤਰ ਮਾਰਕੀਟਾਂ ਖੁੱਲ੍ਹੀਆਂ ਸਨ ਪਰ ਐਸੋਸੀਏਸ਼ਨਾਂ ਵੱਲੋਂ ਬੰਦ ਨੂੰ ਸਮਰਥਨ ਦਿੱਤਾ ਗਿਆ ਹੈ। ਵਪਾਰੀਆਂ ਨੇ ਕੌਮੀ ਰਾਜਧਾਨੀ ’ਚ ਕਈ ਥਾਈਂ ਪ੍ਰਦਰਸ਼ਨ ਵੀ ਕੀਤੇ। ਇਸੇ ਤਰ੍ਹਾਂ ਪੰਜਾਬ, ਹਰਿਆਣਾ ਅਤੇ ਦੋਹਾਂ ਸੂਬਿਆਂ ਦੀ ਸਾਂਝੀ ਰਾਜਧਾਨੀ ਚੰਡੀਗੜ੍ਹ ਵਿੱਚ ਵੀ ‘ਭਾਰਤ ਵਪਾਰ ਬੰਦ’ ਨੂੰ ਭਰਵਾਂ ਹੁੰਗਾਰਾ ਮਿਲਿਆ। ਤੇਲੰਗਾਨਾ ਵਿੱਚ ਕੁਝ ਥਾਵਾਂ ’ਤੇ ਖੱਬੀਆਂ ਪਾਰਟੀਆਂ ਤੇ ਉਨ੍ਹਾਂ ਨਾਲ ਸਬੰਧਤ ਟਰੇਡ ਯੂਨੀਅਨਾਂ ਵੱਲੋਂ ਪ੍ਰਦਰਸ਼ਨ ਕੀਤੇ ਗਏ। ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਵਿੱਚ ਬੰਦ ਨੂੰ ਮੱਠਾ ਹੁੰਗਾਰਾ ਮਿਲਿਆ। –ਪੀਟੀਆਈ