ਅਮਰੀਕੀ ਟੀਮ ਅੰਤਰਿਮ ਵਪਾਰ ਸਮਝੌਤੇੇ ਦੀਆਂ ਸ਼ਰਤਾਂ ਨੂੰ ਅੰਤਿਮ ਰੂਪ ਦੇਣ ਲਈ ਪਹਿਲੀ ਤੋਂ 4 ਜੂਨ ਤੱਕ ਭਾਰਤ ਦੌਰੇ ’ਤੇ ਆਏਗੀ। ਵਣਜ ਮੰਤਰਾਲੇ ਨੇ ਕਿਹਾ ਕਿ ਦੋਵੇਂ ਧਿਰਾਂ ਦੁਵੱਲੇ ਵਪਾਰ ਸਮਝੌਤੇ ਤਹਿਤ ਗੱਲਬਾਤ ਨੂੰ ਅੱਗੇ ਤੋਰਨਗੀਆਂ। ਅਮਰੀਕੀ ਟੀਮ ਦੀ ਅਗਵਾਈ ਮੁੱਖ ਵਾਰਤਾਕਾਰ ਬਰੈਂਡਨ ਲਿੰਚ ਕਰਨਗੇ। ਦੋਵੇਂ ਧਿਰਾਂ ਅੰਤਰਿਮ ਸਮਝੌਤੇ ਦੇ ਵੇਰਵਿਆਂ ਨੂੰ ਅੰਤਿਮ ਰੂਪ ਦੇਣ ਅਤੇ ਮਾਰਕੀਟ ਪਹੁੰਚ, ਗ਼ੈਰ-ਟੈਰਿਫ ਉਪਾਅ, ਕਸਟਮ ਅਤੇ ਵਪਾਰ ਸਹੂਲਤ, ਨਿਵੇਸ਼ ਹੁਲਾਰਾ ਅਤੇ ਆਰਥਿਕ ਸੁਰੱਖਿਆ ਵਰਗੇ ਕਈ ਖੇਤਰਾਂ ’ਤੇ ਵਿਆਪਕ ਵਿਚਾਰ ਚਰਚਾ ਕਰਨਗੀਆਂ।
ਭਾਰਤ ਤੇ ਅਮਰੀਕਾ ਨੇ 7 ਫਰਵਰੀ ਨੂੰ ਜਾਰੀ ਸਾਂਝੇ ਬਿਆਨ ਵਿੱਚ ਦੁਵੱਲੇ ਵਪਾਰ ਸਮਝੌਤੇ (ਬੀ ਟੀ ਏ) ਦੇ ਪਹਿਲੇ ਪੜਾਅ ਦੇ ਖਰੜੇ ਨੂੰ ਅੰਤਿਮ ਰੂਪ ਦਿੱਤਾ ਸੀ। ਹੁਣ, ਦੋਵਾਂ ਧਿਰਾਂ ਨੂੰ ਉਸ ਸੌਦੇ ਲਈ ਕਾਨੂੰਨੀ ਪਹਿਲੂਆਂ ਨੂੰ ਅੰਤਿਮ ਰੂਪ ਦੇਣਾ ਹੋਵੇਗਾ। ਇਹ ਚੌਖਟਾ ਵਿਆਪਕ ਭਾਰਤ-ਅਮਰੀਕਾ ਬੀ ਟੀ ਏ ਗੱਲਬਾਤ ਪ੍ਰਤੀ ਦੇਸ਼ਾਂ ਦੀ ਵਚਨਬੱਧਤਾ ਦੀ ਪੁਸ਼ਟੀ ਕਰਦਾ ਹੈ। ਚੌਖਟੇ ਅਨੁਸਾਰ ਅਮਰੀਕਾ, ਭਾਰਤ ’ਤੇ ਟੈਰਿਫ 50 ਫ਼ੀਸਦ ਤੋਂ ਘਟਾ ਕੇ 18 ਫ਼ੀਸਦ ਕਰਨ ਬਾਰੇ ਸਹਿਮਤ ਹੋਇਆ ਸੀ। ਅਮਰੀਕਾ ਨੇ ਰੂਸੀ ਤੇਲ ਖ਼ਰੀਦਣ ਲਈ ਭਾਰਤੀ ਵਸਤਾਂ ’ਤੇ 25 ਫ਼ੀਸਦ ਟੈਰਿਫ ਹਟਾ ਦਿੱਤਾ ਸੀ ਅਤੇ ਸਮਝੌਤੇ ਤਹਿਤ ਬਾਕੀ 25 ਫ਼ੀਸਦ ਨੂੰ ਘਟਾ ਕੇ 18 ਫ਼ੀਸਦ ਕਰਨਾ ਸੀ।
ਗੋਇਲ ਵੱਲੋਂ ਕੈਨੇਡੀਅਨ ਨਿਵੇਸ਼ਕਾਂ ਨੂੰ ਭਾਈਵਾਲੀ ਦਾ ਸੱਦਾ
ਨਵੀਂ ਦਿੱਲੀ: ਵਣਜ ਤੇ ਸਨਅਤ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਨਿਵੇਸ਼ਕਾਂ ਨੂੰ ਸਵੱਛ ਊਰਜਾ ਵਿੱਚ ਭਾਈਵਾਲ ਬਣਨ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕੈਨੇਡਾ ਵਿੱਚ ਮੋਹਰੀ ਪੈਨਸ਼ਨ ਫੰਡਜ਼, ਪ੍ਰਭੂਸੱਤਾ ਸੰਪੰਨ ਤੇ ਸੰਸਥਾਈ ਨਿਵੇਸ਼ਕਾਂ ਨਾਲ ਬੈਠਕਾਂ ਕਰ ਕੇ ਸਾਰੇ ਸਬੰਧਤ ਭਾਈਵਾਲਾਂ ਨੂੰ ਸਵੱਛ ਊਰਜਾ, ਤਕਨਾਲੋਜੀ, ਡਿਜੀਟਲ ਬੁਨਿਆਦੀ ਢਾਂਚੇ, ਏ ਆਈ ਤੇ ਪੈਦਾਵਾਰ ਜਿਹੇ ਖੇਤਰਾਂ ਵਿੱਚ ਨਿਵੇਸ਼ ਲਈ ਭਾਰਤ ਨਾਲ ਭਾਈਵਾਲੀ ਪਾਉਣ ਦਾ ਸੱਦਾ ਦਿੱਤਾ। ਗੋਇਲ ਕੈਨੇਡਾ ਦੇ ਤਿੰਨ ਦਿਨਾ ਸਰਕਾਰੀ ਦੌਰੇ ’ਤੇ ਹਨ।

