ਅੱਜ ਸਭ ਦੀਆਂ ਨਜ਼ਰਾਂ ਬਿਹਾਰ ’ਤੇ
ਚੋਣ ਕਮਿਸ਼ਨ ਨੇ ਕਿਹਾ ਹੈ ਕਿ 14 ਨਵੰਬਰ ਨੂੰ ਹੋਣ ਵਾਲੀ ਵੋਟਾਂ ਦੀ ਗਿਣਤੀ ਲਈ ਬਿਹਾਰ ਦੇ ਸਾਰੇ 243 ਵਿਧਾਨ ਸਭਾ ਹਲਕਿਆਂ ’ਚ ਪੁਖ਼ਤਾ ਪ੍ਰਬੰਧ ਕੀਤੇ ਗਏ ਹਨ। ਸੂਬੇ ’ਚ ਵੋਟ ਗਿਣਤੀ ਨਿਗਰਾਨਾਂ ਤੇ ਉਮੀਦਵਾਰਾਂ ਜਾਂ ਉਨ੍ਹਾਂ ਦੇ ਏਜੰਟਾਂ ਦੀ ਹਾਜ਼ਰੀ ’ਚ ਚੋਣ ਅਧਿਕਾਰੀ ਵੋਟਾਂ ਦੀ ਗਿਣਤੀ ਕਰਨਗੇ। ਕਮਿਸ਼ਨ ਨੇ ਮੀਡੀਆ ਨੂੰ ਸਿਰਫ਼ ਅਧਿਕਾਰਤ ਚੋਣ ਨਤੀਜਿਆਂ ’ਤੇ ਹੀ ਭਰੋਸਾ ਕਰਨ ਦੀ ਸਲਾਹ ਦਿੱਤੀ ਹੈ।
ਕਮਿਸ਼ਨ ਨੇ ਕਿਹਾ ਕਿ ਹਰ ਟੇਬਲ ’ਤੇ ਵੋਟ ਗਿਣਤੀ ਨਿਗਰਾਨ, ਵੋਟ ਗਿਣਤੀ ਸਹਾਇਕ ਤੇ ‘ਮਾਈਕਰੋ-ਅਬਜ਼ਰਵਰ’ ਨਾਲ 4,372 ਵੋਟ ਗਿਣਤੀ ਕਾਊਂਟਰ ਲਾਏ ਗਏ ਹਨ। ਉਮੀਦਵਾਰਾਂ ਦੇ ਲਾਏ 18 ਹਜ਼ਾਰ ਤੋਂ ਵੱਧ ਏਜੰਟ ਵੋਟਾਂ ਦੀ ਗਿਣਤੀ ਪ੍ਰਕਿਰਿਆ ਦੀ ਨਿਗਰਾਨੀ ਕਰਨਗੇ। ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੋਸਟਲ ਬੈਲੇਟ ਦੀ ਗਿਣਤੀ ਸਭ ਤੋਂ ਪਹਿਲਾਂ ਸ਼ੁਰੂ ਹੋਵੇਗੀ। ਇਸ ਮਗਰੋਂ ਸਵੇਰੇ 8.30 ਵਜੇ ਈ ਵੀ ਐੱਮ ’ਚ ਦਰਜ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ।
ਕਮਿਸ਼ਨ ਨੇ ਕਿਹਾ ਕਿ ਨਤੀਜਿਆਂ ਨਾਲ ਸਬੰਧਤ ਚੋਣ ਅਧਿਕਾਰੀ ਅਧਿਕਾਰਤ ਪੋਰਟਲ ’ਤੇ ਨਤੀਜੇ ਮੁਹੱਈਆ ਕਰੇਗਾ। ਚੋਣ ਕਮਿਸ਼ਨ ਨੇ ਚੌਕਸ ਕੀਤਾ, ‘‘ਕਮਿਸ਼ਨ ਸਾਰਿਆਂ ਨੂੰ ਸਲਾਹ ਦਿੰਦਾ ਹੈ ਕਿ ਉਹ ਸਟੀਕ ਤੇ ਪੁਸ਼ਟੀ ਕੀਤੇ ਅਪਡੇਟ ਲਈ ਸਿਰਫ਼ ਇਸ ਪੋਰਟਲ ਦਾ ਹੀ ਸਹਾਰਾ ਲੈਣ ਅਤੇ ਕਿਸੇ ਵੀ ਸੁਣੀ-ਸੁਣਾਈ ਗੱਲ ਜਾ ਗ਼ੈਰ-ਰਸਮੀ ਸਰੋਤਾਂ ’ਤੇ ਭਰੋਸਾ ਨਾ ਕਰਨ। ਟੀ ਵੀ ਚੈਨਲਾਂ ਤੇ ਇੰਟਰਨੈੱਟ ਮੀਡੀਆ ਚੈਨਲਾਂ ਨੂੰ ਵੀ ਇਸੇ ਤਰ੍ਹਾਂ ਦੀ ਸਲਾਹ ਦਿੱਤੀ ਜਾਂਦੀ ਹੈ।’’
ਕਿਸੇ ਵੀ ਗੜਬੜੀ ਨਾਲ ਨਜਿੱਠਣ ਲਈ ਤਿਆਰ: ਤੇਜਸਵੀ
ਪਟਨਾ: ਆਰ ਜੇ ਡੀ ਆਗੂ ਤੇਜਵਸੀ ਯਾਦਵ ਨੇ ਦਾਅਵਾ ਕੀਤਾ ਕਿ ਪਾਰਟੀ ਕਾਰਕੁਨ ਤੇ ਜਨਤਾ ‘ਵੋਟਾਂ ਦੀ ਗਿਣਤੀ ਦੌਰਾਨ ਕਿਸੇ ਵੀ ਗ਼ੈਰ-ਸੰਵਿਧਾਨਕ ਕਾਰਵਾਈ ਨਾਲ ਨਜਿੱਠਣ ਲਈ ਤਿਆਰ ਹਨ।’ ਉਨ੍ਹਾਂ ਐਕਸ ’ਤੇ ਕਿਹਾ, ‘‘ਵੋਟਾਂ ਦੀ ਗਿਣਤੀ ਤੋਂ ਪਹਿਲਾਂ ਪਾਰਟੀ ਉਮੀਦਵਾਰਾਂ ਤੇ ਜ਼ਿਲ੍ਹਾ ਅਧਿਕਾਰੀਆਂ ਨਾਲ ਆਨਲਾਈਨ ਮੀਟਿੰਗ ਕੀਤੀ ਹੈ। ਇਨਸਾਫਪਸੰਦ ਲੋਕ ਕਿਸੇ ਵੀ ਗ਼ੈਰ-ਵਾਜਿਬ ਜਾਂ ਗ਼ੈਰ-ਸੰਵਿਧਾਨਕ ਗਤੀਵਿਧੀ ਨਾਲ ਨਜਿੱਠਣ ਲਈ ਤਿਆਰ ਹਨ।’’ -ਪੀਟੀਆਈ
ਐੱਨ ਡੀ ਏ ਦੀ ਵਾਪਸੀ ਤੈਅ: ਭਾਜਪਾ
ਭਾਜਪਾ ਦੇ ਸੂਬਾ ਪ੍ਰਧਾਨ ਦਿਲੀਪ ਜੈਸਵਾਲ ਨੇ ਕਿਹਾ, ‘‘ਸਾਡੀ ਕਾਨੂੰਨ ਦੇ ਰਾਜ ’ਚ ਯਕੀਨ ਰੱਖਣ ਵਾਲੀ ਸਰਕਾਰ ਹੈ। ਆਰ ਜੇ ਡੀ ਆਗੂ ਨਿਰਾਸ਼ ਹਨ ਤੇ ਜਨਤਾ ਦਾ ਅਪਮਾਨ ਕਰ ਰਹੇ ਹਨ। ਜਨਤਾ ਨੇ ਈ ਵੀ ਐੱਮ ’ਚ ਆਪਣਾ ਫ਼ੈਸਲਾ ਸੀਲ ਕਰ ਦਿੱਤਾ ਹੈ ਅਤੇ ਜਿੱਤ ਐੱਨ ਡੀ ਏ ਦੀ ਹੋਵੇਗੀ। -ਪੀਟੀਆਈ
ਤਰਨ ਤਾਰਨ ਜ਼ਿਮਨੀ ਚੋਣ ਦਾ ਨਤੀਜਾ ਅੱਜ
ਤਰਨ ਤਾਰਨ (ਗੁਰਬਖਸ਼ਪੁਰੀ): ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲੜ ਰਹੇ 15 ਉਮੀਦਵਾਰਾਂ ਦੀ ਜਿੱਤ-ਹਾਰ ਦਾ ਫ਼ੈਸਲਾ 14 ਨਵੰਬਰ ਨੂੰ ਹੋਵੇਗਾ| ਪ੍ਰਸ਼ਾਸਨ ਨੇ ਵੋਟਾਂ ਗਿਣਤੀ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ| ਵੋਟਾਂ ਦੀ ਗਿਣਤੀ ਭਲਕੇ ਸਵੇਰੇ 8 ਵਜੇ ਮਾਈ ਭਾਗੋ ਇੰਟਰਨੈਸ਼ਨਲ ਕਾਲਜ ਆਫ ਨਰਸਿੰਗ, ਪਿੱਦੀ (ਤਰਨ ਤਾਰਨ) ’ਚ ਹੋਵੇਗੀ। ਰਿਟਰਨਿੰਗ ਅਫਸਰ ਗੁਰਮੀਤ ਸਿੰਘ ਨੇ ਦੱਸਿਆ ਕਿ ਜ਼ਿਮਨੀ ਚੋਣ ਵਿੱਚ ਕੁੱਲ 15 ਉਮੀਦਵਾਰ ਮੈਦਾਨ ਵਿੱਚ ਹਨ; ਈ ਵੀ ਐੱਮ ਵਿੱਚ 16 ਨੰਬਰ ਉੱਪਰ ਨੋਟਾ ਜੋੜਿਆ ਗਿਆ ਹੈ।
ਵੋਟਾਂ ਦੀ ਗਿਣਤੀ ਲਈ ਦੋ ਹਾਲ ਬਣਾਏ ਗਏ ਹਨ ਜਿਨ੍ਹਾਂ ਵਿੱਚੋਂ ਇੱਕ ਵਿੱਚ ਈ ਵੀ ਐੱਮ ਦੀਆਂ ਵੋਟਾਂ ਦੀ ਗਿਣਤੀ ਹੋਵੇਗੀ ਤੇ ਇਸ ਲਈ 14 ਕਾਊਂਟਰ ਲਗਾਏ ਗਏ ਹਨ। ਦੂਜੇ ਹਾਲ ਵਿੱਚ ਪੋਸਟਲ ਬੈਲੇਟ ਪੇਪਰਾਂ ਦੀ ਗਿਣਤੀ ਹੋਵੇਗੀ ਅਤੇ ਉਸ ਵਿੱਚ 7 ਟੇਬਲ ਲਗਾਏ ਗਏ ਹਨ। ਗਿਣਤੀ ਦੌਰਾਨ ਉਮੀਦਵਾਰਾਂ ਦੇ ਕਾਊਂਟਿੰਗ ਏਜੰਟ ਵੀ ਨਾਲ ਮੌਜੂਦ ਹੋਣਗੇ। ਵੋਟਾਂ ਦੀ ਗਿਣਤੀ ਦੇ ਕੁੱਲ 16 ਰਾਊਂਡ ਹੋਣਗੇ। ਕਾਊਂਟਿੰਗ ਸੈਂਟਰ ਦੇ ਅੰਦਰ ਤੇ ਬਾਹਰ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ ਅਤੇ ਗਿਣਤੀ ਦੀ ਸਾਰੀ ਪ੍ਰਕਿਰਿਆ ਨਿਗਰਾਨਾਂ ਦੀ ਹਾਜ਼ਰੀ ਵਿੱਚ ਪੂਰੇ ਤਰ੍ਹਾਂ ਪਾਰਦਰਸ਼ੀ ਢੰਗ ਨਾਲ ਮੁਕੰਮਲ ਕੀਤੀ ਜਾਵੇਗੀ।
ਉਮੀਦਵਾਰਾਂ ਵਿੱਚ ਆਮ ਆਦਮੀ ਪਾਰਟੀ ਦੇ ਹਰਮੀਤ ਸਿੰਘ ਸੰਧੂ, ਸ਼੍ਰੋਮਣੀ ਅਕਾਲੀ ਦਲ ਦੀ ਸੁਖਵਿੰਦਰ ਕੌਰ ਰੰਧਾਵਾ, ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ, ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ, ‘ਵਾਰਸ ਪੰਜਾਬ ਦੇ’ ਦੇ ਮਨਦੀਪ ਸਿੰਘ ਸਮੇਤ ਹੋਰ ਉਮੀਦਵਾਰ ਸ਼ਾਮਲ ਹਨ|
