Tibet-Nepal Border Flood: ਤਿੱਬਤ-ਨੇਪਾਲ ਸਰਹੱਦ ’ਤੇ ਆਏ ਹੜ੍ਹਾਂ ਤੋਂ ਬਾਅਦ ਲਾਪਤਾ 261 ਵਿਦੇਸ਼ੀਆਂ ਵਿੱਚ 49 ਭਾਰਤੀ ਨਾਗਰਿਕ ਸ਼ਾਮਲ
ਚੀਨੀ ਅਧਿਕਾਰੀਆਂ ਨੇ ਐਤਵਾਰ ਨੂੰ ਦਿੱਤੀ ਜਾਣਕਾਰੀ
ਚੀਨ ਦੇ ਅਧਿਕਾਰੀਆਂ ਨੇ ਐਤਵਾਰ ਨੂੰ ਦੱਸਿਆ ਕਿ 26 ਅਗਸਤ ਨੂੰ ਨੇਪਾਲ ਅਤੇ ਤਿੱਬਤ ਵਿਚਕਾਰ ਮੁੱਖ ਸਰਹੱਦੀ ਲਾਂਘਿਆਂ 'ਚੋਂ ਇੱਕ, ਜੀਆਰੋਂਗ ਬੰਦਰਗਾਹ 'ਤੇ ਅਚਾਨਕ ਆਏ ਭਿਆਨਕ ਹੜ੍ਹਾਂ ਤੋਂ ਬਾਅਦ 49 ਭਾਰਤੀਆਂ ਸਮੇਤ 261 ਵਿਦੇਸ਼ੀ ਨਾਗਰਿਕਾਂ ਦਾ ਹੁਣ ਤੱਕ ਕੁੱਝ ਪਤਾ ਨਹੀਂ ਲੱਗ ਸਕਿਆ ਹੈ।
ਸਰਕਾਰੀ ਸਮਾਚਾਰ ਏਜੰਸੀ 'ਸ਼ਿਨਹੂਆ' ਦੇ ਅਨੁਸਾਰ, ਚੀਨ ਦੇ ਅਧਿਕਾਰੀਆਂ ਨੇ ਜੀਆਰੋਂਗ ਵਿੱਚ ਆਯੋਜਿਤ ਇੱਕ ਪ੍ਰੈੱਸ ਕਾਨਫ਼ਰੰਸ ਵਿੱਚ ਦੱਸਿਆ ਕਿ ਇਹ 261 ਵਿਦੇਸ਼ੀ ਨਾਗਰਿਕ 23 ਦੇਸ਼ਾਂ ਤੋਂ ਹਨ।
ਇਹ ਪ੍ਰੈਸ ਕਾਨਫਰੰਸ ਵਿਦੇਸ਼ ਮਾਮਲਿਆਂ, ਜਨਤਕ ਸੁਰੱਖਿਆ, ਸੱਭਿਆਚਾਰ ਅਤੇ ਸੈਰ-ਸਪਾਟਾ ਅਤੇ ਐਮਰਜੈਂਸੀ ਪ੍ਰਬੰਧਨ ਦੇ ਅਧਿਕਾਰੀਆਂ ਦੁਆਰਾ ਸਾਂਝੀ ਖੋਜ ਅਤੇ ਜਾਣਕਾਰੀ ਦੇ ਮਿਲਾਨ ਤੋਂ ਬਾਅਦ ਕੀਤੀ ਗਈ ਸੀ।
ਰਿਪੋਰਟ ਦੇ ਅਨੁਸਾਰ, ਜਿਨ੍ਹਾਂ ਲੋਕਾਂ ਦਾ ਹੁਣ ਤੱਕ ਪਤਾ ਨਹੀਂ ਚੱਲ ਸਕਿਆ ਹੈ, ਉਨ੍ਹਾਂ ਵਿੱਚ ਨੇਪਾਲ ਦੇ 104, ਭਾਰਤ ਦੇ 49, ਲਾਤਵੀਆ ਦੇ 33, ਅਮਰੀਕਾ ਦੇ 18, ਬ੍ਰਿਟੇਨ ਦੇ 15, ਕੈਨੇਡਾ ਦੇ ਛੇ, ਆਸਟਰੇਲੀਆ ਦੇ ਛੇ ਅਤੇ ਦੱਖਣੀ ਅਫ਼ਰੀਕਾ ਦੇ ਚਾਰ ਲੋਕ ਸ਼ਾਮਲ ਹਨ।
ਇਸ ਤੋਂ ਇਲਾਵਾ ਮਲੇਸ਼ੀਆ, ਜਰਮਨੀ ਅਤੇ ਰੂਸ ਦੇ ਤਿੰਨ-ਤਿੰਨ, ਆਇਰਲੈਂਡ, ਇਸਟੋਨੀਆ, ਫਰਾਂਸ, ਨੀਦਰਲੈਂਡ ਤੇ ਨਿਊਜ਼ੀਲੈਂਡ ਦੇ ਦੋ-ਦੋ ਅਤੇ ਕਜ਼ਾਕਿਸਤਾਨ, ਫਿਨਲੈਂਡ, ਲਿਥੁਆਨੀਆ, ਪੁਰਤਗਾਲ, ਯੂਕਰੇਨ, ਸਪੇਨ ਅਤੇ ਹੰਗਰੀ ਦਾ ਇੱਕ-ਇਕ ਨਾਗਰਿਕ ਵੀ ਲਾਪਤਾ ਦੱਸਿਆ ਗਿਆ ਹੈ।
ਚੀਨ ਅਤੇ ਭਾਰਤ ਵਿਚਕਾਰ ਸਬੰਧਾਂ 'ਚ ਸੁਧਾਰ ਤੋਂ ਬਾਅਦ ਵੱਡੀ ਗਿਣਤੀ ਵਿੱਚ ਭਾਰਤੀ ਤੀਰਥ ਯਾਤਰੀ ਕੈਲਾਸ਼ ਮਾਨਸਰੋਵਰ ਯਾਤਰਾ ਵਿੱਚ ਸ਼ਾਮਲ ਹੋਣ ਲਈ ਤਿੱਬਤ ਪਹੁੰਚੇ ਸਨ।
ਦੱਸਿਆ ਜਾ ਰਿਹਾ ਹੈ ਕਿ ਹੜ੍ਹ ਆਉਣ ਦੇ ਸਮੇਂ ਕੁਝ ਭਾਰਤੀ ਤੀਰਥ ਯਾਤਰੀ ਤਿੱਬਤ-ਨੇਪਾਲ ਸਰਹੱਦ ’ਤੇ ਸਥਿਤ ਇਮੀਗ੍ਰੇਸ਼ਨ ਇਮਾਰਤ ਵਿੱਚ ਮੌਜੂਦ ਸਨ। ਇਸ ਹੜ੍ਹ ਨੇ ਤਿੱਬਤ ਦੇ ਜੀਆਰੋਂਗ ਕਾਉਂਟੀ ਵਿੱਚ ਭਾਰੀ ਤਬਾਹੀ ਮਚਾਈ। ਹੜ੍ਹ ਦੇ ਪਾਣੀ ਵਿੱਚ ਡੁੱਬੀ ਪੂਰੀ ਇਮੀਗ੍ਰੇਸ਼ਨ ਇਮਾਰਤ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਏ ਹਨ।

