ਟੋਰਾਂਟੋ: ਕੈਨੇਡਾ ਵਿਚ ਭਾਰਤੀ ਮੂਲ ਦੇ ਤਿੰਨ ਨੌਜਵਾਨਾਂ ਨੂੰ 80 ਸਾਲਾ ਬਜ਼ੁਰਗ ਔਰਤ ਕੋਲੋਂ ਦੇਸ਼ ਦੀ ਰੈਵੇਨਿਊ ਏਜੰਸੀ ਦੇ ਨਾਂ ਉਤੇ ਜ਼ਬਰਦਸਤੀ ਵਸੂਲੀ ਕਰਨ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਹੈ। ਤਰਨਵੀਰ ਸਿੰਘ (19), ਰਣਵੀਰ ਸਿੰਘ (19) ਤੇ ਚਮਨਜੋਤ ਸਿੰਘ (21) ਬਰੈਂਪਟਨ ਦੇ ਰਹਿਣ ਵਾਲੇ ਹਨ ਤੇ ਇਨ੍ਹਾਂ ਉਤੇ ਜਬਰੀ ਵਸੂਲੀ ਕਰਨ, ਗੰਭੀਰ ਅਪਰਾਧ ਲਈ ਸਾਜ਼ਿਸ਼ ਘੜਨ ਤੇ ਹੋਰ ਦੋਸ਼ ਲਾਏ ਗਏ ਹਨ। ਯੌਰਕ ਪੁਲੀਸ ਮੁਤਾਬਕ ਤਿੰਨ ਮਈ ਨੂੰ ਬਜ਼ੁਰਗ ਨੂੰ ਕੈਨੇਡਾ ਰੈਵੇਨਿਊ ਏਜੰਸੀ ਦੇ ਨਾਂ ਉਤੇ ਮੁਲਜ਼ਮ ਨੇ ਫੋਨ ਕੀਤਾ। ਬਜ਼ੁਰਗ ਨੂੰ ਬੈਂਕ ’ਚੋਂ ਦਸ ਹਜ਼ਾਰ ਰੁਪਏ ਕਢਵਾ ਕੇ ਬਰੈਂਪਟਨ ਦੇ ਇਕ ਪਤੇ ਉਤੇ ਕੁਰੀਅਰ ਕਰਨ ਲਈ ਕਿਹਾ ਗਿਆ। ਬਜ਼ੁਰਗ ਔਰਤ ਨੂੰ ਕਿਹਾ ਗਿਆ ਕਿ ਜੇ ਉਹ ਅਜਿਹਾ ਨਹੀਂ ਕਰੇਗੀ ਤਾਂ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ। ਪੁਲੀਸ ਨੇ ਸੂਚਨਾ ਮਿਲਣ ’ਤੇ ਨਿਗਰਾਨੀ ਰੱਖੀ ਅਤੇ ਡਿਲਿਵਰੀ ਪੈਕੇਜ ਚੁੱਕਣ ਆਏ ਨੌਜਵਾਨ ਨੂੰ ਗ੍ਰਿਫ਼ਤਾਰ ਕਰ ਲਿਆ। ਮਗਰੋਂ ਜਾਂਚ ਵਿਚ ਸਾਹਮਣੇ ਆਇਆ ਕਿ ਇਸ ਸਾਜ਼ਿਸ਼ ਵਿਚ ਹੋਰ ਵੀ ਸ਼ਾਮਲ ਹਨ। ਪੈਸੇ ਮਹਿਲਾ ਨੂੰ ਮੋੜ ਦਿੱਤੇ ਗਏ ਹਨ। ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਤੇ 10 ਜੂਨ ਨੂੰ ਓਂਟਾਰੀਓ ਕੋਰਟ ਆਫ਼ ਜਸਟਿਸ ਵਿਚ ਪੇਸ਼ ਕੀਤਾ ਜਾਵੇਗਾ। -ਪੀਟੀਆਈ