ਸੋਮਨਾਥ ਨੂੰ ਤੋੜਨ ਵਾਲੇ ਇਤਿਹਾਸ ਦੇ ਪੰਨਿਆਂ ’ਚ ਗੁਆਚੇ: ਮੋਦੀ
ਸੋਮਨਾਥ ਦੇ ਪੁਨਰ ਨਿਰਮਾਣ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਹਾਲੇ ਵੀ ਸਰਗਰਮ; ਦੇਸ਼ ਨੂੰ ਇਨ੍ਹਾਂ ਤਾਕਤਾਂ ਨੂੰ ਹਰਾਉਣ ਲਈ ਇਕਜੁੱਟ ਹੋਣ ਲਈ ਪ੍ਰੇਰਿਆ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਆਜ਼ਾਦੀ ਤੋਂ ਬਾਅਦ ਸੋਮਨਾਥ ਮੰਦਰ ਦੇ ਪੁਨਰ ਨਿਰਮਾਣ ਦਾ ਵਿਰੋਧ ਕਰਨ ਵਾਲੀਆਂ ਤਾਕਤਾਂ ਹਾਲੇ ਵੀ ਸਰਗਰਮ ਹਨ ਅਤੇ ਭਾਰਤ ਨੂੰ ਉਨ੍ਹਾਂ ਨੂੰ ਹਰਾਉਣ ਲਈ ਇਕਜੁੱਟ ਅਤੇ ਮਜ਼ਬੂਤ ਰਹਿਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਸੋਮਨਾਥ ਨੂੰ ਤੋੜਨ ਵਾਲੇ ਇਤਿਹਾਸ ਦੇ ਪੰਨਿਆਂ ਵਿਚ ਹੀ ਰਹਿ ਗਏ ਹਨ।
ਗੁਜਰਾਤ ਦੇ ਗਿਰ ਸੋਮਨਾਥ ਜ਼ਿਲ੍ਹੇ ਵਿੱਚ ਸਥਿਤ ਇਤਿਹਾਸਕ ਮੰਦਰ ’ਤੇ ਪਿਛਲੇ ਸਮੇਂ ਵਿੱਚ ਹੋਏ ਹਮਲਿਆਂ ਦਾ ਹਵਾਲਾ ਦਿੰਦੇ ਹੋਏ ਮੋਦੀ ਨੇ ਕਿਹਾ ਕਿ ਲੋਕਾਂ ਦੇ ਦਿਲ ਕਦੇ ਵੀ ਤਲਵਾਰ ਦੀ ਨੋਕ ਨਾਲ ਨਹੀਂ ਜਿੱਤੇ ਜਾ ਸਕਦੇ। ਇਸ ਕਰ ਕੇ ਇਸ ਮੰਦਰ ਦਾ ਮੁੜ ਨਿਰਮਾਣ ਹੁੰਦਾ ਰਿਹਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਸੋਮਨਾਥ ਦਾ 1,000 ਸਾਲਾਂ ਦਾ ਇਤਿਹਾਸ ਤਬਾਹੀ ਅਤੇ ਹਾਰ ਦਾ ਨਹੀਂ ਸਗੋਂ ਜਿੱਤ ਅਤੇ ਪੁਨਰ ਨਿਰਮਾਣ ਦਾ ਹੈ।
ਉਨ੍ਹਾਂ ਇੱਥੇ ਕਰਵਾਏ ਸਮਾਗਮ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵਿਦੇਸ਼ੀ ਹਮਲਾਵਰਾਂ ਵਲੋਂ ਇਸ ਮੰਦਰ ਨੂੰ ਵਾਰ-ਵਾਰ ਤਬਾਹ ਕੀਤਾ ਗਿਆ ਸੀ ਜਿਸ ਦੀ ਸ਼ੁਰੂਆਤ ਸਾਲ 1026 ਵਿੱਚ ਮਹਿਮੂਦ ਗਜ਼ਨੀ ਦੇ ਹਮਲੇ ਤੋਂ ਹੋਈ ਸੀ। ਸਦੀਆਂ ਤੋਂ ਇਸ ਦੇ ਵਿਨਾਸ਼ ਦੀਆਂ ਕਈ ਵਾਰ ਕੋਸ਼ਿਸ਼ਾਂ ਦੇ ਬਾਵਜੂਦ ਭਗਵਾਨ ਸ਼ਿਵ ਨੂੰ ਸਮਰਪਿਤ ਸੋਮਨਾਥ ਮੰਦਰ ਅੱਜ ਵੀ ਵਿਸ਼ਵਾਸ ਅਤੇ ਰਾਸ਼ਟਰੀ ਸਵੈਮਾਣ ਦੇ ਸ਼ਕਤੀਸ਼ਾਲੀ ਪ੍ਰਤੀਕ ਵਜੋਂ ਸਥਾਪਿਤ ਹੈ ਤੇ ਇਸ ਦੀ ਪ੍ਰਾਚੀਨ ਸ਼ਾਨ ਨੂੰ ਬਹਾਲ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਵੇਗੀ।

