ਸੀਸ ਮਹਿਲ ਨਹੀਂ, ਮੇਰਾ ਕੈਂਪ ਆਫਿਸ: ਭਗਵੰਤ ਮਾਨ
ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਦੇ ਵੀ ਉੱਥੇ ਰਹਿਣ ਦਾ ਕੀਤਾ ਦਾਅਵਾ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਚੰਡੀਗੜ੍ਹ ਵਿੱਚ ‘ਆਪ’ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ‘ਸ਼ੀਸ਼ ਮਹਿਲ’ ਬਣਾ ਕੇ ਦੇਣ ਦੇ ਭਾਜਪਾ ਵੱਲੋਂ ਲਾਏ ਗਏ ਦੋਸ਼ਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਭਾਜਪਾ ਅਸਲ ਮੁੱਦਿਆਂ ਤੋਂ ਧਿਆਨ ਵੰਡਾਉਣ ਲਈ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਚੁਣੌਤੀ ਦਿੱਤੀ ਕਿ ਉਹ ‘ਸ਼ੀਸ਼ ਮਹਿਲ’ ਬਾਰੇ ਆਪਣੇ ਦਾਅਵਿਆਂ ਨੂੰ ਸਾਬਿਤ ਕਰ ਕੇ ਦਿਖਾਉਣ। ਮੁੱਖ ਮੰਤਰੀ ਨੇ ਅੱਜ ਦੇਰ ਸ਼ਾਮ ਵੀਡੀਓ ਸੁਨੇਹਾ ਜਾਰੀ ਕਰ ਕੇ ਇਹ ਗੱਲਾਂ ਆਖੀਆਂ ਹਨ। ਉਨ੍ਹਾਂ ਕਿਹਾ ਕਿ 16 ਮਾਰਚ, 2022 ਨੂੰ ਮੁੱਖ ਮੰਤਰੀ ਬਣਨ ਤੋਂ ਬਾਅਦ ਤੋਂ ਹੀ ਚੰਡੀਗੜ੍ਹ ਦੇ ਸੈਕਟਰ-2 ਵਿੱਚ ਕੋਠੀ ਨੰਬਰ 45 ਵਿੱਚ ਉਨ੍ਹਾਂ ਦੀ ਰਿਹਾਇਸ਼ ਹੈ ਅਤੇ ਕੋਠੀ ਨੰਬਰ 50 ਉਨ੍ਹਾਂ ਦੇ ਗੈਸਟ ਹਾਊਸ ਤੇ ਕੈਂਪ ਆਫਿਸ ਵਜੋਂ ਅਲਾਟ ਕੀਤੀ ਗਈ ਹੈ। ਉਨ੍ਹਾਂ ਦਾਅਵਾ ਕੀਤਾ ਕਿ 50 ਨੰਬਰ ਕੋਠੀ ਕੋਈ ਸ਼ੀਸ਼ ਮਹਿਲ ਨਹੀਂ, ਸਗੋਂ ਉਨ੍ਹਾਂ ਦਾ ਕੈਂਪ ਆਫਿਸ-ਕਮ-ਗੈਸਟ ਹਾਊਸ ਹੈ, ਜਿੱਥੇ ਖਾਸ ਮੀਟਿੰਗਾਂ ਹੁੰਦੀਆਂ ਹਨ ਅਤੇ ਸੂਬੇ ਵਿੱਚ ਆਉਣ ਵਾਲੇ ਪਤਵੰਤਿਆਂ ਨੂੰ ਠਹਿਰਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਭਾਜਪਾ ਜਿਸ ਕੋਠੀ ਨੂੰ ਸ਼ੀਸ਼ ਮਹਿਲ ਬਣਾਉਣ ਦੇ ਦਾਅਵੇ ਕਰ ਰਹੀ ਹੈ, ਉਹ ਮੁੱਖ ਮੰਤਰੀ ਕੋਟੇ ਦੀ ਹੈ ਅਤੇ ਇਨ੍ਹਾਂ ਕੋਠੀਆਂ ਵਿੱਚ ਹੀ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਾਕਿਸਤਾਨੀ ਦੋਸਤ ਅਰੂਸਾ ਵੀ ਰਹਿੰਦੀ ਸੀ, ਜੋ ਪੱਤਰਕਾਰ ਹੋਣ ਕਰ ਕੇ ਦੇਸ਼ ਦੀ ਸੁਰੱਖਿਆ ਲਈ ਘਾਤਕ ਸਾਬਤ ਹੋ ਸਕਦੀ ਸੀ। ਉਨ੍ਹਾਂ ਕਿਹਾ ਕਿ ਜਿਨ੍ਹਾਂ ਕੋਲ ਮਹਿਲ ਹਨ, ਉਹ ਅੱਜ ਕੱਲ੍ਹ ਭਾਜਪਾ ਨਾਲ ਮਿਲੇ ਹੋਏ ਹਨ ਅਤੇ ਉਹ ਕਦੇ ਵੀ ਇਨ੍ਹਾਂ ਕੋਠੀਆਂ ਵਿੱਚ ਨਹੀਂ ਰਹੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਜੇ ਭਾਜਪਾ ਨੇ ਮਹਿਲ ਵੇਖਣੇ ਹਨ ਤਾਂ ਸਿਸਵਾਂ ’ਚ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਦੇ ਮਹਿਲ ਵੇਖ ਸਕਦੇ ਹਨ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੂੰ ਨਿਸ਼ਾਨੇ ’ਤੇ ਲੈਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਸੁਖਨਾ ਝੀਲ ਦੇ ਸਾਹਮਣੇ 33 ਨੰਬਰ ਕੋਠੀ ਵਿੱਚ ਉਨ੍ਹਾਂ ਗ਼ੈਰ-ਕਾਨੂੰਨੀ ਢੰਗ ਨਾਲ ਕਬਜ਼ਾ ਕੀਤਾ ਹੋਇਆ ਹੈ। ਇਹ ਕੋਠੀ ਉਨ੍ਹਾਂ ਦੇ ਚਾਚਾ ਤੇਜ ਪ੍ਰਕਾਸ਼ ਸਿੰਘ ਨੂੰ ਅਲਾਟ ਹੋਈ ਸੀ ਅਤੇ ਉਸ ਨੂੰ ਖਾਲੀ ਕਰਵਾਉਣ ਲਈ ਸੂਬਾ ਸਰਕਾਰ ਕਈ ਵਾਰ ਪੰਜਾਬ ਦੇ ਰਾਜਪਾਲ ਤੱਕ ਪਹੁੰਚ ਕਰ ਚੁੱਕੀ ਹੈ। ਭਾਜਪਾ ਆਗੂ ਦੂਜਿਆਂ ’ਤੇ ਸਵਾਲ ਚੁੱਕਣ ਤੋਂ ਪਹਿਲਾਂ ਆਪਣੀ ਪੀੜ੍ਹੀ ਹੇਠਾਂ ਸੋਟਾਂ ਫੇਰਨ। ਭਾਜਪਾ ਦੇਸ਼ ਭਰ ਖਾਸ ਕਰਕੇ ਗੁਜਰਾਤ ਵਿੱਚ ਆਮ ਆਦਮੀ ਪਾਰਟੀ ਦੇ ਵਧ ਰਹੇ ਆਧਾਰ ਤੋਂ ਪਰੇਸ਼ਾਨ ਹੋ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ।
‘ਦਿੱਲੀ ਵਿੱਚ ਭਾਜਪਾ ਦੇ ਦਫ਼ਤਰ ਸੱਤ ਤਾਰਾ ਹੋਟਲਾਂ ਵਰਗੇ’
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਭਾਜਪਾ ਵੱਲੋਂ ਝੂਠ ਬੋਲ ਕੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਨੇ ਦਿੱਲੀ ਵਿੱਚ ਆਪਣੇ ਦਫ਼ਤਰ ਸੱਤ ਤਾਰਾ ਹੋਟਲਾਂ ਵਰਗੇ ਬਣਾਏ ਹੋਏ ਹਨ। ਭਾਜਪਾ ਨੂੂੰ ਹੋਰਾਂ ’ਤੇ ਉਂਗਲ ਚੁੱਕਣ ਤੋਂ ਪਹਿਲਾਂ ਆਪਣੇ ਘਰਾਂ ਅਤੇ ਦਫ਼ਤਰਾਂ ’ਤੇ ਨਜ਼ਰ ਮਾਰਨੀ ਚਾਹੀਦੀ ਹੈ।
ਪੰਜਾਬ ਦੇ ਗੈਸਟ ਹਾਊਸਾਂ ਦੀ ਨੁਹਾਰ ਬਦਲਣ ਦਾ ਦਾਅਵਾ
ਮੁੱਖ ਮੰਤਰੀ ਨੇ ਕਿਹਾ ਕਿ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਗੈਸਟ ਹਾਊਸਾਂ ਦੀ ਨੁਹਾਰ ਬਦਲੀ ਜਾ ਰਹੀ ਹੈ, ਜਿੱਥੇ ਮੰਤਰੀ ਅਤੇ ਹੋਰ ਅਧਿਕਾਰੀ ਲੋੜ ਪੈਣ ’ਤੇ ਰਹਿੰਦੇ ਹਨ। ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨਾਲ ਸਬੰਧਤ ਸਮਾਗਮਾਂ ਦੌਰਾਨ ਪੰਜਾਬ ਵਿੱਚ ਦੇਸ਼ ਅਤੇ ਦੁਨੀਆ ਭਰ ਤੋਂ ਮਹਿਮਾਨ ਆਉਣਗੇ, ਜਿਨ੍ਹਾਂ ਨੂੰ ਜਲੰਧਰ, ਅੰਮ੍ਰਿਤਸਰ ਅਤੇ ਹੋਰ ਥਾਵਾਂ ’ਤੇ ਗੈਸਟ ਹਾਊਸਾਂ ਵਿੱਚ ਠਹਿਰਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਦਿੱਲੀ ਵਿੱਚ ਪੰਜਾਬ ਦੇ ਮੁੱਖ ਮੰਤਰੀ ਦੀ ਸਰਕਾਰੀ ਰਿਹਾਇਸ਼ ਕਪੂਰਥਲਾ ਹਾਊਸ ਹੈ ਜੋ ਪੁਰਾਣੇ ਰਾਜਿਆਂ ਦਾ ਮਹਿਲ ਹੁੰਦਾ ਸੀ। ਹੁਣ ਕਪੂਰਥਲਾ ਹਾਊਸ ਵਿੱਚ ਪੰਜਾਬ ਦਾ ਮੁੱਖ ਮੰਤਰੀ ਅਤੇ ਰਾਜਪਾਲ ਇਕੱਠੇ ਰਹਿੰਦੇ ਹਨ।

