ਕੁੱਤੇ ਨਹੀਂ, ਸੰਸਦ ਅੰਦਰ ਬੈਠੇ ਵੱਢਦੇ ਨੇ: ਰੇਣੁਕਾ ਚੌਧਰੀ
ਕਾਂਗਰਸ ਦੀ ਰਾਜ ਸਭਾ ਮੈਂਬਰ ਦੇ ਕੁੱਤੇ ਨਾਲ ਸੰਸਦ ਪੁੱਜਣ ’ਤੇ ਵਿਵਾਦ
ਕਾਂਗਰਸ ਦੀ ਸੰਸਦ ਮੈਂਬਰ ਰੇਣੁਕਾ ਚੌਧਰੀ ਨੇ ਅੱਜ ਆਪਣੀ ਕਾਰ ’ਚ ਲਾਵਾਰਸ ਕੁੱਤੇ ਨੂੰ ਲੈ ਕੇ ਸੰਸਦ ਪਹੁੰਚਣ ਮਗਰੋਂ ਕਿਹਾ, ‘‘ ਸੰਸਦ ਅੰਦਰ ਬੈਠੇ ਲੋਕ ਵੱਢਦੇ ਨੇ, ਕੁੱਤੇ ਨਹੀਂ।’’ ਇਸ ਬਿਆਨ ਮਗਰੋਂ ਵਿਵਾਦ ਖੜ੍ਹਾ ਹੋ ਗਿਆ ਤੇ ਸੱਤਾ ਧਿਰ ਦੇ ਕੁਝ ਮੈਂਬਰਾਂ ਨੇ ਉਨ੍ਹਾਂ ’ਤੇ ‘ਨਾਟਕ’ ਕਰਨ ਦਾ ਦੋਸ਼ ਲਾਇਆ।
ਰੇਣੁਕਾ ਚੌਧਰੀ ਨੇ ਕਿਹਾ ਕਿ ਉਨ੍ਹਾਂ ਦਿਨ ’ਚ ਪਹਿਲਾਂ ਹੀ ਲਾਵਾਰਸ ਕੁੱਤੇ ਨੂੰ ਚੁੱਕ ਲਿਆ ਸੀ ਤੇ ਉਸ ਨੂੰ ਪਸ਼ੂਆਂ ਦੇ ਡਾਕਟਰ ਕੋਲ ਲਿਜਾ ਰਹੀ ਸੀ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ ਅਤੇ ਹਾਕਮ ਧਿਰ ਦੇ ਸੰਸਦ ਮੈਂਬਰਾਂ ਦੇ ਇਤਰਾਜ਼ਾਂ ’ਤੇ ਸਵਾਲ ਚੁੱਕਦਿਆਂ ਕਿਹਾ ਕਿ ਕੀ ਲਾਵਾਰਸ ਕੁੱਤੇ ਨੂੰ ਬਚਾਉਣ ਲਈ ਕੋਈ ਕਾਨੂੰਨ ਨਹੀਂ ਹੈ? ਪੱਤਰਕਾਰਾਂ ਨੇ ਜਦੋਂ ਉਨ੍ਹਾਂ ਦੀ ਕਾਰ ਅੰਦਰ ਮੌਜੂਦ ਕੁੱਤੇ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ, ‘‘ਇਸ ਸਰਕਾਰ ਨੂੰ ਜਾਨਵਰ ਪਸੰਦ ਨਹੀਂ ਹਨ। ਜਾਨਵਰਾਂ ਦੀ ਕੋਈ ਆਵਾਜ਼ ਨਹੀਂ ਹੁੰਦੀ। ਉਹ (ਕੁੱਤਾ) ਕਾਰ ਵਿੱਚ ਸੀ ਤਾਂ ਉਨ੍ਹਾਂ ਨੂੰ ਕੀ ਪ੍ਰੇਸ਼ਾਨੀ ਹੈ? ਉਹ ਇੰਨਾ ਛੋਟਾ ਹੈ, ਕੀ ਲੱਗਦਾ ਹੈ ਵੱਢ ਲਵੇਗਾ? ਸੰਸਦ ’ਚ ਬੈਠੇ ਲੋਕ ਵੱਢਦੇ ਹਨ, ਕੁੱਤੇ ਨਹੀਂ।’’ ਦੂਜੇ ਪਾਸੇ, ਭਾਜਪਾ ਦੇ ਸੰਸਦ ਮੈਂਬਰ ਜਗਦੰਬਿਕਾ ਪਾਲ ਨੇ ਕਾਂਗਰਸ ਆਗੂ ’ਤੇ ‘ਤਮਾਸ਼ਾ’ ਕਰਨ ਤੇ ਸੰਸਦ ’ਚ ਕੁੱਤਾ ਲਿਆ ਕੇ ਪ੍ਰੋਟੋਕੋਲ ਤੋੜਨ ਦਾ ਦੋਸ਼ ਲਾਇਆ। ਉਨ੍ਹਾਂ ਦਲੀਲ ਦਿੱਤੀ ਕਿ ਮੈਂਬਰ ਬਿਨਾਂ ਢੁੱਕਵੇਂ ਦਸਤਾਵੇਜ਼ ਦੇ ਕਿਸੇ ਨੂੰ ਵੀ ਸੰਸਦ ਅੰਦਰ ਨਹੀਂ ਲਿਆ ਸਕਦੇ ਤੇ ਉਨ੍ਹਾਂ ਕਾਂਗਰਸ ਸੰਸਦ ਮੈਂਬਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

