ਨਵੀਂ ਦਿੱਲੀ, 31 ਅਗਸਤ
ਆਗਾਮੀ ਜੀ-20 ਸਿਖਰ ਸੰਮੇਲਨ ’ਚ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਦੀ ਵਿਅਕਤੀਗਤ ਸ਼ਮੂਲੀਅਤ ਬਾਰੇ ਭਾਰਤ ਨੂੰ ਹਾਲੇ ਤੱਕ ਕੋਈ ਜਾਣਕਾਰੀ ਨਹੀਂ ਮਿਲੀ ਹੈ। ਚੀਨੀ ਰਾਸ਼ਟਰਪਤੀ ਵੱਲੋਂ ਨਵੀਂ ਦਿੱਲੀ ਦਾ ਦੌਰਾ ਨਾ ਕਰਨ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਭਾਰਤ ਵਿੱਚ ਜੀ-20 ਸਿਖਰ ਸੰਮੇਲਨ 9 ਅਤੇ 10 ਸਤੰਬਰ ਨੂੰ ਹੋਣਾ ਹੈ। ਸੂਤਰਾਂ ਮੁਤਾਬਕ, ‘‘ਚੀਨੀ ਰਾਸ਼ਟਰਪਤੀ ਦੇ ਵਿਅਕਤੀਗਤ ਤੌਰ ’ਤੇ ਸੰਮੇਲਨ ’ਚ ਸ਼ਾਮਲ ਹੋਣ ਬਾਰੇ ਹਾਲੇ ਪੁਸ਼ਟੀ ਨਹੀਂ ਹੋਈ ਹੈ।’’ ਇੱਕ ਹੋਰ ਵਿਅਕਤੀ ਨੇ ਨਾਮ ਗੁਪਤ ਰੱਖਣ ਦੀ ਸ਼ਰਤ ’ਤੇ ਦੱਸਿਆ ਕਿ ਇਸ ਬਾਰੇ ਬੇਯਕੀਨੀ ਹੈ ਕਿ ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਸੰਮੇਲਨ ’ਚ ਸ਼ਾਮਲ ਹੋਣਗੇ ਜਾਂ ਇਸ ਲਈ ਕੋਈ ਹੋਰ ਨੇਤਾ ਭਾਰਤ ਦੌਰਾ ਕਰ ਸਕਦਾ ਹੈ। ਹਾਲਾਂਕਿ ਭਾਰਤ ਵੱਲੋਂ ਇਸ ਮੁੱਦੇ ’ਤੇ ਹਾਲੇ ਤੱਕ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ। ਦੱਸਣਯੋਗ ਹੈ ਕਿ ਅਮਰੀਕੀ ਰਾਸ਼ਟਰਪਤੀ ਜੋਅ ਬਾਇਡਨ, ਫਰਾਂਸੀਸੀ ਰਾਸ਼ਟਰਪਤੀ ਇਮੈਨੁਅਲ ਮੈਕਰੌਂ, ਆਸਟਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼, ਜਰਮਨ ਚਾਂਸਲਰ ਓਲਫ਼ ਸ਼ੁਲਜ਼, ਯੂਕੇ ਦੇ ਪ੍ਰਧਾਨ ਮੰਤਰੀ ਰਿਸ਼ੀ ਸੂਨਕ, ਜਪਾਨੀ ਪ੍ਰਧਾਨ ਮੰਤਰੀ ਫੁਮੀਓ ਕਿਸ਼ੀਦਾ ਅਤੇ ਬਰਾਜ਼ੀਲ ਦੇ ਰਾਸ਼ਟਰਪਤੀ ਲੂਈਜ਼ ਇਨਾਸੀਓ ਲੂਲਾ ਦਾਸਿਲਵਾ ਸਣੇ ਕਈ ਦੇਸ਼ਾਂ ਦੇ ਨੇਤਾ ਪਹਿਲਾਂ ਹੀ ਸੰਮੇਲਨ ’ਚ ਸ਼ਾਮਲ ਹੋਣ ਦੀ ਪੁਸ਼ਟੀ ਕਰ ਚੁੱਕੇ ਹਨ। -ਪੀਟੀਆਈ