ਵਿਸ਼ਵ ਦਾ ਸਭ ਤੋਂ ਉੱਚਾ ਚਿਨਾਬ ਰੇਲ ਪੁਲ ਅਗਲੇ ਵਰ੍ਹੇ ਹੋਵੇਗਾ ਮੁਕੰਮਲ

ਵਿਸ਼ਵ ਦਾ ਸਭ ਤੋਂ ਉੱਚਾ ਚਿਨਾਬ ਰੇਲ ਪੁਲ ਅਗਲੇ ਵਰ੍ਹੇ ਹੋਵੇਗਾ ਮੁਕੰਮਲ

ਨਵੀਂ ਦਿੱਲੀ, 2 ਅਗਸਤ

ਜੰਮੂ ਕਸ਼ਮੀਰ ਵਿਚ ਚਿਨਾਬ ਨਦੀ ਉਤੇ ਬਣ ਰਿਹਾ ਦੁਨੀਆ ਦਾ ਸਭ ਤੋਂ ਉੱਚਾ ਰੇਲ ਪੁਲ ਅਗਲੇ ਸਾਲ ਤੱਕ ਤਿਆਰ ਹੋ ਜਾਵੇਗਾ। ਇਸ ਪੁਲ ਦੇ ਬਣਨ ਨਾਲ ਕਸ਼ਮੀਰ ਵਾਦੀ ਰੇਲਗੱਡੀ ਰਾਹੀਂ ਬਾਕੀ ਭਾਰਤ ਨਾਲ ਪਹਿਲੀ ਵਾਰ 2022 ਵਿਚ ਜੁੜੇਗੀ। ਪੁਲ ਦਾ ਕੇਂਦਰੀ ਸਪੈਨ 467 ਮੀਟਰ ਹੈ ਤੇ ਇਹ ਪਾਣੀ ਦੇ ਤਲ ਤੋਂ 359 ਮੀਟਰ ਦੀ ਉਚਾਈ ਉਤੇ ਬਣਾਇਆ ਜਾ ਰਿਹਾ ਹੈ। ਦਿੱਲੀ ਦਾ ਕੁਤਬ ਮੀਨਾਰ 72 ਮੀਟਰ ਤੇ ਪੈਰਿਸ ਦਾ ਆਈਫ਼ਲ ਟਾਵਰ 324 ਮੀਟਰ ਉੱਚਾ ਹੈ। ਪੁਲ 266 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲ ਰਹੀ ਹਵਾ ਝੱਲ ਸਕਦਾ ਹੈ। ਪੁਲ ਦੀ ਉਸਾਰੀ ਦਾ ਕੰਮ ਪਿਛਲੇ ਇਕ ਸਾਲ ਤੋਂ ਰਫ਼ਤਾਰ ਨਾਲ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਦੇ ਸਿਖ਼ਰਲੇ ਅਧਿਕਾਰੀ ਇਸ ਦੀ ਸਿੱਧੀ ਨਿਗਰਾਨੀ ਕਰ ਰਹੇ ਹਨ। ਪੁਲ ਤੋਂ ਦਸੰਬਰ, 2022 ਤੱਕ ਪਹਿਲੀ ਯਾਤਰੀ ਰੇਲਗੱਡੀ ਗੁਜ਼ਰਨ ਦੀ ਪੂਰੀ ਸੰਭਾਵਨਾ ਹੈ। ਜ਼ਿਕਰਯੋਗ ਹੈ ਕਿ ਊਧਮਪੁਰ-ਕਟੜਾ, ਬਨਿਹਾਲ-ਕਾਜ਼ੀਗੁੰਡ ਤੇ ਕਾਜ਼ੀਗੁੰਡ-ਬਾਰਾਮੂਲਾ ਸੈਕਸ਼ਨ ਪਹਿਲਾਂ ਹੀ ਚੱਲ ਰਹੇ ਹਨ। ਆਖ਼ਰੀ ਸੈਕਸ਼ਨ ਕਟੜਾ-ਬਨਿਹਾਲ ਜੋ ਕਿ 111 ਕਿਲੋਮੀਟਰ ਲੰਮਾ ਹੈ, ਉਸ ਨੂੰ ਫ਼ਿਲਹਾਲ ਤਿਆਰ ਕੀਤਾ ਜਾ ਰਿਹਾ ਹੈ। ਕਈ ਸੁਰੰਗਾਂ ਵੀ ਉਸਾਰੀਆਂ ਗਈਆਂ ਹਨ। ਨਵੰਬਰ, 2015 ਵਿਚ ਐਲਾਨੇ ਗਏ ਪ੍ਰਧਾਨ ਮੰਤਰੀ ਵਿਕਾਸ ਪੈਕੇਜ (80,068 ਕਰੋੜ ਰੁਪਏ) ਦਾ ਇਹ ਹਿੱਸਾ ਹੈ। 8.45 ਕਿਲੋਮੀਟਰ ਲੰਮੀ ਬਨਿਹਾਲ ਸੁਰੰਗ ਦਾ ਵੀ 86 ਫ਼ੀਸਦ ਕੰਮ ਮੁਕੰਮਲ ਹੋ ਚੁੱਕਾ ਹੈ ਤੇ ਇਸ ਨੂੰ ਅਗਲੇ ਵਰ੍ਹੇ ਆਮ ਆਵਾਜਾਈ ਲਈ ਖੋਲ੍ਹ ਦਿੱਤਾ ਜਾਵੇਗਾ। ਕਈ ਸੜਕੀ ਪ੍ਰਾਜੈਕਟਾਂ ਉਤੇ ਵੀ ਤੇਜ਼ੀ ਨਾਲ ਕੰਮ ਕੀਤਾ ਜਾ ਰਿਹਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All