DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

‘ਕਿਸਾਨਾਂ ਦੀ ਰਾਖੀ ਦਾ ਭਰੋਸਾ ਗਲੇ ਨਹੀਂ ਉੱਤਰ ਰਿਹਾ’

ਕਿਸਾਨ ਜਥੇਬੰਦੀਆਂ ਵੱਲੋਂ ਭਾਰਤ-ਅਮਰੀਕਾ ਵਪਾਰ ਸਮਝੌਤੇ ਦਾ ਵਿਰੋਧ

  • fb
  • twitter
  • whatsapp
  • whatsapp
Advertisement
ਕਿਸਾਨ ਯੂਨੀਅਨਾਂ ਅਤੇ ਵਿਰੋਧੀ ਪਾਰਟੀਆਂ ਨੇ ਨਵੇਂ ਭਾਰਤ-ਅਮਰੀਕਾ ਵਪਾਰਕ ਢਾਂਚੇ ਖ਼ਿਲਾਫ਼ 12 ਫਰਵਰੀ ਨੂੰ ਦੇਸ਼ ਵਿਆਪੀ ਰੋਸ ਪ੍ਰਦਰਸ਼ਨਾਂ ਦਾ ਸੱਦਾ ਦਿੱਤਾ ਹੈ। ਕਿਸਾਨਾਂ ਅਨੁਸਾਰ ਅਮਰੀਕੀ ਵਸਤਾਂ ਦੀ ਬੇਰੋਕ ਆਮਦ ਦੇਸ਼ ਦੇ ਖੇਤੀ ਖੇਤਰ ਲਈ ਵੱਡਾ ਖ਼ਤਰਾ ਬਣ ਸਕਦੀ ਹੈ। ਸਰਕਾਰ ਭਾਵੇਂ ਚੌਲ, ਕਣਕ, ਮੱਕੀ ਅਤੇ ਡੇਅਰੀ ਉਤਪਾਦ ਸੁਰੱਖਿਅਤ ਰੱਖਣ ਦਾ ਦਾਅਵਾ ਕਰ ਰਹੀ ਹੈ, ਪਰ ਕਿਸਾਨ ਆਗੂ ਇਸ ਨੂੰ ਭਰੋਸੇਯੋਗ ਨਹੀਂ ਮੰਨ ਰਹੇ। 100 ਤੋਂ ਵੱਧ ਕਿਸਾਨ ਜਥੇਬੰਦੀਆਂ ਵਾਲੇ ਸੰਯੁਕਤ ਕਿਸਾਨ ਮੋਰਚੇ (ਐੱਸ ਕੇ ਐੱਮ) ਨੇ 12 ਫਰਵਰੀ ਨੂੰ ਪ੍ਰਦਰਸ਼ਨ ਦਾ ਐਲਾਨ ਕਰਦਿਆਂ ਕਿਹਾ ਕਿ ਇਹ ਸਮਝੌਤਾ ਅਮਰੀਕੀ ਬਹੁ-ਕੌਮੀ ਕੰਪਨੀਆਂ ਅੱਗੇ ਗੋਡੇ ਟੇਕਣ ਬਰਾਬਰ ਹੈ।

ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਚਿੰਤਾ ਜਤਾਈ ਕਿ ਭਾਰਤੀ ਕਿਸਾਨ ਅਮਰੀਕੀ ਕਿਸਾਨਾਂ ਦੇ ਮੁਕਾਬਲੇ ਕਾਫੀ ਕਮਜ਼ੋਰ ਹਨ। ਅਮਰੀਕਾ ਵਿੱਚ ਕਿਸਾਨਾਂ ਕੋਲ ਵੱਡੀਆਂ ਜ਼ਮੀਨਾਂ ਅਤੇ ਵਧੇਰੇ ਸਬਸਿਡੀਆਂ ਹਨ। ਐੱਸ ਕੇ ਐੱਮ ਦੇ ਸਕੱਤਰ ਪਰਸ਼ੋਤਮ ਸ਼ਰਮਾ ਨੇ ਕਿਹਾ ਕਿ ਕੱਚੇ ਸੋਇਆ ਤੇਲ ’ਤੇ ਟੈਰਿਫ ਘਟਾਉਣ ਨਾਲ ਘਰੇਲੂ ਤੇਲ ਬੀਜ ਉਤਪਾਦਕਾਂ ਨੂੰ ਨੁਕਸਾਨ ਹੋਵੇਗਾ। ਕਸ਼ਮੀਰ ਵਾਦੀ ਦੇ ਫ਼ਲ ਉਤਪਾਦਕਾਂ ਨੇ ਵੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ ਕੇ ਅਮਰੀਕੀ ਸੇਬਾਂ ’ਤੇ 100 ਫੀਸਦੀ ਤੋਂ ਵੱਧ ਦਰਾਮਦ ਡਿਊਟੀ ਲਾਉਣ ਦੀ ਮੰਗ ਕੀਤੀ ਹੈ। -ਪੀਟੀਆਈ

Advertisement

ਸਮਝੌਤੇ ਨਾਲ ਕਿਸਾਨੀ ਹਿੱਤਾਂ ਦਾ ਘਾਣ ਹੋਵੇਗਾ: ਪਵਨ ਖੇੜਾ

Advertisement

ਕਾਂਗਰਸ ਨੇ ਵੀ ਇਸ ਸਮਝੌਤੇ ਨੂੰ ਕੌਮੀ ਅਤੇ ਕਿਸਾਨੀ ਹਿੱਤਾਂ ਦਾ ਘਾਣ ਦੱਸਿਆ ਹੈ। ਪਾਰਟੀ ਆਗੂ ਪਵਨ ਖੇੜਾ ਨੇ ਦੋਸ਼ ਲਾਇਆ ਕਿ ਇਸ ਨਾਲ ਭਾਰਤ ਅਮਰੀਕੀ ਉਤਪਾਦਾਂ ਲਈ ‘ਡੰਪਿੰਗ ਗਰਾਊਂਡ’ ਬਣ ਸਕਦਾ ਹੈ। ਸਰਕਾਰ ਨੇ ਵੇਰਵੇ ਲੁਕਾ ਕੇ ਦੇਸ਼ ਨੂੰ ਅਮਰੀਕੀ ਸਾਮਾਨ ਦਾ ਅੱਡਾ ਬਣਾਉਣ ਦੀ ਤਿਆਰੀ ਕਰ ਲਈ ਹੈ। ਉਨ੍ਹਾਂ ਖ਼ਦਸ਼ਾ ਜਤਾਇਆ ਕਿ ਇਸ ਨਾਲ ਪੇਂਡੂ ਭਾਰਤ ਦੀ ਆਰਥਿਕਤਾ ਤਬਾਹ ਹੋ ਜਾਵੇਗੀ।

ਕੇਂਦਰੀ ਟਰੇਡ ਯੂਨੀਅਨਾਂ ਵੱਲੋਂ 12 ਨੂੰ ਹੜਤਾਲ ਦਾ ਐਲਾਨ

ਕੇਂਦਰੀ ਟਰੇਡ ਯੂਨੀਅਨਾਂ ਦੇ ਸਾਂਝੇ ਮੰਚ ਨੇ ਕੇਂਦਰ ਸਰਕਾਰ ਦੀਆਂ ਕਥਿਤ ‘ਮਜ਼ਦੂਰ, ਕਿਸਾਨ ਅਤੇ ਰਾਸ਼ਟਰ ਵਿਰੋਧੀ ਨੀਤੀਆਂ’ ਖ਼ਿਲਾਫ਼ 12 ਫਰਵਰੀ ਨੂੰ ਦੇਸ਼ ਵਿਆਪੀ ਹੜਤਾਲ ਕਰਨ ਦਾ ਐਲਾਨ ਕੀਤਾ ਹੈ। ਆਲ ਇੰਡੀਆ ਟਰੇਡ ਯੂਨੀਅਨ ਕਾਂਗਰਸ (ਏ ਆਈ ਟੀ ਯੂ ਸੀ) ਦੀ ਜਨਰਲ ਸਕੱਤਰ ਅਮਰਜੀਤ ਕੌਰ ਨੇ ਦਾਅਵਾ ਕੀਤਾ ਕਿ ਇਸ ਹੜਤਾਲ ਵਿੱਚ 30 ਕਰੋੜ ਤੋਂ ਵੱਧ ਕਾਮੇ ਹਿੱਸਾ ਲੈਣਗੇ। ਪਿਛਲੇ ਸਾਲ ਜੁਲਾਈ ਵਿੱਚ ਹੋਈ ਹੜਤਾਲ ਦੌਰਾਨ 25 ਕਰੋੜ ਮਜ਼ਦੂਰਾਂ ਨੇ ਸ਼ਮੂਲੀਅਤ ਕੀਤੀ ਸੀ।

ਉਨ੍ਹਾਂ ਦੱਸਿਆ ਕਿ ਦੇਸ਼ ਦੇ 600 ਜ਼ਿਲ੍ਹਿਆਂ ਵਿੱਚ ਇਸ ਹੜਤਾਲ ਦਾ ਅਸਰ ਦੇਖਣ ਨੂੰ ਮਿਲੇਗਾ। ਉਨ੍ਹਾਂ ਦਾਅਵਾ ਕੀਤਾ ਕਿ ਉੜੀਸਾ ਅਤੇ ਅਸਾਮ ਵਰਗੇ ਭਾਜਪਾ ਸ਼ਾਸਿਤ ਸੂਬੇ ਵੀ ਪੂਰੀ ਤਰ੍ਹਾਂ ਬੰਦ ਰਹਿਣਗੇ। ਸੰਯੁਕਤ ਕਿਸਾਨ ਮੋਰਚੇ ਨੇ ਮਜ਼ਦੂਰਾਂ ਦੀਆਂ ਮੰਗਾਂ ਨੂੰ ਜਾਇਜ਼ ਦੱਸਦਿਆਂ ਪੂਰਾ ਸਹਿਯੋਗ ਦਿੱਤਾ ਹੈ। ਖੇਤੀਬਾੜੀ ਮਜ਼ਦੂਰ ਯੂਨੀਅਨਾਂ ਵੀ ਮਗਨਰੇਗਾ ਬਹਾਲੀ ਦੇ ਮੁੱਦੇ ’ਤੇ ਹੜਤਾਲ ਵਿੱਚ ਸ਼ਾਮਲ ਹਨ।

ਹੜਤਾਲ ਕਰਨ ਵਾਲੀਆਂ ਜਥੇਬੰਦੀਆਂ ਦੀਆਂ ਮੁੱਖ ਮੰਗਾਂ ਵਿੱਚ ਚਾਰ ਲੇਬਰ ਕੋਡ ਰੱਦ ਕਰਨੇ, ਡਰਾਫਟ ਸੀਡ ਬਿੱਲ, ਬਿਜਲੀ ਸੋਧ ਬਿੱਲ ਅਤੇ ‘ਸ਼ਾਂਤੀ’ ਐਕਟ ਵਾਪਸ ਲੈਣਾ ਸ਼ਾਮਲ ਹੈ। ਉਨ੍ਹਾਂ ਦੱਸਿਆ ਕਿ ਯੂਨੀਅਨਾਂ ਨੇ ਸਰਕਾਰ ਨੂੰ ਹੜਤਾਲ ਦੇ ਨੋਟਿਸ ਪਹਿਲਾਂ ਹੀ ਭੇਜ ਦਿੱਤੇ ਹਨ। ਇਸ ਮੁਹਿੰਮ ਵਿੱਚ ਵਿਦਿਆਰਥੀ, ਨੌਜਵਾਨ ਅਤੇ ਆਮ ਨਾਗਰਿਕ ਵੀ ਵੱਧ-ਚੜ੍ਹ ਕੇ ਹਿੱਸਾ ਲੈ ਰਹੇ ਹਨ। ਸਾਂਝੇ ਮੰਚ ਵਿੱਚ ਆਈ ਐੱਨ ਟੀ ਯੂ ਸੀ, ਸੀ ਆਈ ਟੀ ਯੂ ਅਤੇ ਹੋਰ ਪ੍ਰਮੁੱਖ ਜਥੇਬੰਦੀਆਂ ਸ਼ਾਮਲ ਹਨ। -ਪੀਟੀਆਈ

Advertisement
×