The Tribune Punjab Achievers-2026: ਟ੍ਰਿਬਿਊਨ ਗਰੁੱਪ ਨੇ 145 ਸਾਲਾਂ ’ਚ ਆਪਣੀ ਭਰੋਸੇਯੋਗਤਾ ਬਰਕਰਾਰ ਰੱਖੀ: ਕਟਾਰੀਆ
50 ਤੋਂ ਵੱਧ ਅਦਾਰਿਆਂ ਤੇ ਸ਼ਖ਼ਸੀਅਤਾਂ ਦਾ ਸਨਮਾਨ; ਟਰੱਸਟੀ ਜਸਟਿਸ ਐੱਸ ਐੱਸ ਸੋਢੀ ਨੇ ਅਚੀਵਰਜ਼ ਨੂੰ ਦਿੱਤੀ ਵਧਾਈ
ਉੱਤਰ ਭਾਰਤ ਵਿੱਚ ਸਭ ਤੋਂ ਵੱਧ ਪੜ੍ਹੇ ਜਾਣ ਵਾਲੇ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਵੱਲੋਂ ਮੁਹਾਲੀ ਵਿੱਚ ‘ਦਿ ਟ੍ਰਿਬਿਊਨ ਪੰਜਾਬ ਅਚੀਵਰਜ਼- 2026’ ਕਰਵਾਇਆ ਗਿਆ। ਇਸ ਵਿੱਚ ਟ੍ਰਿਬਿਊਨ ਸਮੂਹ ਵੱਲੋਂ ਵੱਖ-ਵੱਖ ਖੇਤਰਾਂ ਵਿੱਚ ਮਿਸਾਲੀ ਕੰਮ ਕਰਨ ਵਾਲੇ ਅਤੇ ਨਾਮ ਖੱਟਣ ਵਾਲੇ 50 ਤੋਂ ਵੱਧ ਅਦਾਰਿਆਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪੰਜਾਬ ਦੇ ਰਾਜਪਾਲ ਅਤੇ ਯੂ ਟੀ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਇਸ ਤੋਂ ਇਲਾਵਾ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਜਸਟਿਸ ਐੱਸ ਐੱਸ ਸੋਢੀ ਵਿਸ਼ੇਸ਼ ਤੌਰ ਉੱਤੇ ਪਹੁੰਚੇ। ਇਸ ਮੌਕੇ ਟ੍ਰਿਬਿਊਨ ਪ੍ਰਕਾਸ਼ਨ ਸਮੂਹ ਦੇ ਜਨਰਲ ਮੈਨੇਜਰ ਅਮਿਤ ਸ਼ਰਮਾ, ਟ੍ਰਿਬਿਊਨ ਗਰੁੱਪ ਦੀ ਮੁੱਖ ਸੰਪਾਦਕ ਜਯੋਤੀ ਮਲਹੋਤਰਾ ਅਤੇ ਪੰਜਾਬੀ ਟ੍ਰਿਬਿਊਨ ਦੀ ਸੰਪਾਦਕ ਅਰਵਿੰਦਰ ਪਾਲ ਕੌਰ ਵੀ ਵਿਸ਼ੇਸ਼ ਤੌਰ ਉੱਤੇ ਮੌਜੂਦ ਰਹੇ।
ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਦੇਸ਼ ਦੀ ਤਰੱਕੀ ਲਈ ਅਤੇ ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਵੱਖ-ਵੱਖ ਅਦਾਰਿਆਂ ਅਤੇ ਸ਼ਖ਼ਸੀਅਤਾਂ ਨੂੰ ਸਨਮਾਨਿਤ ਕਰਨ ਲਈ ਟ੍ਰਿਬਿਊਨ ਗਰੁੱਪ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਗਰੁੱਪ ਦੇਸ਼ ਦੀ ਆਜ਼ਾਦੀ ਤੋਂ ਪਹਿਲਾਂ ਤੋਂ ਲੋਕਾਂ ਦੀ ਆਵਾਜ਼ ਨੂੰ ਚੁੱਕਦਾ ਆ ਰਿਹਾ ਹੈ। ਟ੍ਰਿਬਿਊਨ ਗਰੁੱਪ ਦਾ ਬੂਟਾ ਮਰਹੂਮ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਸਾਲ 1881 ਵਿੱਚ ਲਾਹੌਰ ਵਿਖੇ ਲਾਇਆ ਸੀ। ਅਖ਼ਬਾਰ ਲਾਹੌਰ ਤੋਂ ਸ਼ੁਰੂ ਹੋਇਆ ਅਤੇ ਦੇਸ਼ ਵੰਡ ਤੋਂ ਬਾਅਦ ਚੰਡੀਗੜ੍ਹ ਵਿੱਚ ਸ਼ਿਫਟ ਹੋ ਗਿਆ। ਟ੍ਰਿਬਿਊਨ ਗਰੁੱਪ ਨੇ 145 ਸਾਲਾਂ ਦੇ ਲੰਮੇ ਸਫ਼ਰ ਦੌਰਾਨ ਕਈ ਵਾਰ ਮੁਸ਼ਕਲ ਦੌਰ ਦਾ ਸਾਹਮਣਾ ਕੀਤਾ ਅਤੇ ਹਮੇਸ਼ਾ ਇਮਾਨਦਾਰੀ ਨਾਲ ਲੋਕਾਂ ਦੀ ਆਵਾਜ਼ ਚੁੱਕੀ ਹੈ। ਇਸ ਸਫ਼ਰ ਦੌਰਾਨ ਟ੍ਰਿਬਿਊਨ ਗਰੁੱਪ ਨੇ ਆਪਣੀ ਭਰੋਸੇਯੋਗਤਾ ਨੂੰ ਬਰਕਰਾਰ ਰੱਖਿਆ ਹੈ। ਟ੍ਰਿਬਿਊਨ ਗਰੁੱਪ ਅੰਗਰੇਜ਼ੀ, ਪੰਜਾਬੀ ਅਤੇ ਹਿੰਦੀ ਵਿੱਚ ਪੂਰੇ ਉੱਤਰ ਭਾਰਤ ਵਿੱਚ ਸਭ ਤੋੋਂ ਭਰੋਸੇਯੋਗ ਹੈ। ਇਹ ਪ੍ਰਿੰਟ ਤੋਂ ਸ਼ੁਰੂ ਹੋਇਆ ਅਤੇ ਅੱਜ ਡਿਜੀਟਲ ਤੇ ਸੋਸ਼ਲ ਮੀਡੀਆ ਦੇ ਖੇਤਰ ਵਿੱਚ ਵੀ ਤੇਜ਼ੀ ਨਾਲ ਪੈਰ ਪਸਾਰ ਰਿਹਾ ਹੈ।
ਸ੍ਰੀ ਕਟਾਰੀਆ ਨੇ ਕਿਹਾ ਕਿ ਕਿਸੇ ਵੀ ਦੇਸ਼ ਦੀ ਤਰੱਕੀ ਲਈ ਸਿੱਖਿਆ, ਸਿਹਤ ਅਤੇ ਵਪਾਰਕ ਅਦਾਰਿਆਂ ਦੀ ਮਜ਼ਬੂਤੀ ਜ਼ਰੂਰੀ ਹੈ। ਟ੍ਰਿਬਿਊਨ ਗਰੁੱਪ ਨੇ ਅੱਜ ਉਨ੍ਹਾਂ ਨੂੰ ਸਨਮਾਨਿਤ ਕਰ ਕੇ ਬਹੁਤ ਵਧੀਆ ਕਾਰਜ ਕੀਤਾ ਹੈ। ਉਨ੍ਹਾਂ ਪੰਜਾਬ ਦੇ ਲੋਕਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੰਜਾਬ ਦੇ ਲੋਕ ਬਹੁਤ ਮਿਹਨਤੀ ਅਤੇ ਸਮਾਜ ਸੇਵਾ ਵਿੱਚ ਕੰਮ ਕਰਨ ਵਾਲੇ ਹਨ। ਪੰਜਾਬੀਆਂ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਸ਼ਹਾਦਤਾਂ ਦਿੱਤੀਆਂ। ਜਦੋਂ ਕਿ ਅਨਾਜ ਦੀ ਘਾਟ ਦੇ ਚਲਦਿਆਂ ਹਰੀ ਕ੍ਰਾਂਤੀ ਵਿੱਚ ਦੇਸ਼ ਦੀ ਬਾਂਹ ਫੜੀ। ਪਿਛਲੇ ਸਾਲ ਪੰਜਾਬ ਵਿੱਚ ਹੜ੍ਹ ਆਉਣ ਸਮੇਂ ਵੀ ਪੰਜਾਬੀਆਂ ਨੇ ਇੱਕ ਦੂਜੇ ਦੀ ਅੱਗੇ ਵਧ ਕੇ ਬਾਂਹ ਫੜੀ ਅਤੇ ਸਮਾਜ ਸੇਵਾ ਦਾ ਕਾਰਜ ਕੀਤਾ। ਲੋਕ ਹਿੱਤ ਵਿੱਚ ਕੰਮ ਕਰਨ ਵਾਲੇ ਲੋਕਾਂ ਨੂੰ ਅੱਜ ਸਨਮਾਨਿਤ ਕਰ ਕੇ ਉਹ ਨਿੱਜੀ ਤੌਰ ’ਤੇ ਬਹੁਤ ਖ਼ੁਸ਼ ਹਨ।
ਇਸ ਤੋਂ ਪਹਿਲਾਂ ਟ੍ਰਿਬਿਊਨ ਟਰੱਸਟ ਦੇ ਟਰੱਸਟੀ ਜਸਟਿਸ ਐੱਸ ਐੱਸ ਸੋਢੀ ਨੇ ਸਾਰਿਆਂ ਦਾ ਸਵਾਗਤ ਕੀਤਾ। ਉਨ੍ਹਾਂ ਟ੍ਰਿਬਿਊਨ ਗਰੁੱਪ ਦੇ 145 ਸਾਲਾਂ ਦੇ ਸਫ਼ਰ ਬਾਰੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਟ੍ਰਿਬਿਊਨ ਗਰੁੱਪ ਹਮੇਸ਼ਾ ਲੋਕਾਂ ਦੀ ਆਵਾਜ਼ ਚੁੱਕਦਾ ਆਇਆ ਹੈ ਅਤੇ ਭਵਿੱਖ ਵਿੱਚ ਵੀ ਚੁੱਕਦਾ ਰਹੇਗਾ। ਜਸਟਿਸ ਸੋਢੀ ਨੇ ਸਨਮਾਨਿਤ ਕੀਤੇ ਜਾਣ ਵਾਲੇ ਅਚੀਵਰਜ਼ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ।

