ਨਵੀਂ ਦਿੱਲੀ: ਡਰੱਗ ਕੰਟਰੋਲਰ ਜਨਰਲ ਆਫ਼ ਇੰਡੀਆ (ਡੀਸੀਜੀਆਈ) ਨੇ ਆਕਸਫੋਰਡ ਯੂਨੀਵਰਸਿਟੀ ਵੱਲੋਂ ਵਿਕਸਤ ਕੋਵਿਡ-19 ਦੇ ਟੀਕੇ ਦੇ ਮੁਲਕ ’ਚ ਦੂਜੇ ਅਤੇ ਤੀਜੇ ਪੜਾਅ ਦੇ ਮਨੁੱਖੀ ਪ੍ਰੀਖਣਾਂ ਲਈ ਸੀਰਮ ਇੰਸਟੀਚਿਊਟ ਆਫ਼ ਇੰਡੀਆ ਨੂੰ ਮਨਜ਼ੂਰੀ ਦੇ ਦਿੱਤੀ ਹੈ। ਸਰਕਾਰੀ ਅਧਿਕਾਰੀਆਂ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਇੰਸਟੀਚਿਊਟ ਨੂੰ ਇਹ ਮਨਜ਼ੂਰੀ ਡਰੱਗ ਕੰਟਰੋਲਰ ਡਾਕਟਰ ਵੀ ਜੀ ਸੋਮਾਨੀ ਨੇ ਐਤਵਾਰ ਦੇਰ ਰਾਤ ਦਿੱਤੀ। ਇਸ ਤੋਂ ਪਹਿਲਾਂ ਉਨ੍ਹਾਂ ਕੋਵਿਡ-19 ਦੇ ਵਿਸ਼ਾ ਮਾਹਿਰ ਕਮੇਟੀ ਦੀ ਸਿਫ਼ਾਰਸ਼ ਦਾ ਡੂੰਘਾ ਮੁਲਾਂਕਣ ਕੀਤਾ ਸੀ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ,‘‘ਕੰਪਨੀ ਨੂੰ ਤੀਜੇ ਪੜਾਅ ਦੇ ਕਲੀਨਿਕਲ ਟ੍ਰਾਇਲ ਤੋਂ ਪਹਿਲਾਂ ਸੁਰੱਖਿਆ ਸਬੰਧੀ ਉਹ ਡੇਟਾ ਕੇਂਦਰੀ ਡਰੱਗਜ਼ ਸਟੈਂਡਰਡ ਕੰਟਰੋਲ ਆਰਗੇਨਾਈਜ਼ੇਸ਼ਨ ਕੋਲ ਜਮ੍ਹਾਂ ਕਰਵਾਉਣਾ ਹੋਵੇਗਾ ਜਿਸ ਦਾ ਮੁਲਾਂਕਣ ਡੇਟਾ ਸੁਰੱਖਿਆ ਨਿਗਰਾਨੀ ਬੋਰਡ ਨੇ ਕੀਤਾ ਹੋਵੇ।’’ ਉਨ੍ਹਾਂ ਦੱਸਿਆ ਕਿ ਅਧਿਐਨ ਦੀ ਰੂਪ-ਰੇਖਾ ਮੁਤਾਬਕ ਇਸ ’ਚ ਸ਼ਾਮਲ ਹਰ ਵਿਅਕਤੀ ਨੂੰ ਚਾਰ ਹਫ਼ਤਿਆਂ ਦੇ ਫਰਕ ’ਤੇ ਦੋ ਖੁਰਾਕਾਂ ਦਿੱਤੀਆਂ ਜਾਣਗੀਆਂ (ਪਹਿਲੀ ਖੁਰਾਕ ਤੋਂ ਬਾਅਦ 29 ਦਿਨਾਂ ਮਗਰੋਂ ਦੂਜੀ ਖੁਰਾਕ ਦਿੱਤੀ ਜਾਵੇਗੀ)। ਇਸ ਤੋਂ ਬਾਅਦ ਤੈਅ ਵਕਫ਼ੇ ’ਤੇ ਸੁਰੱਖਿਆ ਅਤੇ ਇਮਿਊਨਿਟੀ ਸਬੰਧੀ ਮੁਲਾਂਕਣ ਕੀਤਾ ਜਾਵੇਗਾ। ਅਧਿਕਾਰੀਆਂ ਨੇ ਦੱਸਿਆ ਕਿ ਸੀਡੀਐੈੱਸਸੀਓ ਦੀ ਮਾਹਿਰ ਕਮੇਟੀ ਨੇ ਪਹਿਲੇ ਅਤੇ ਦੂਜੇ ਪੜਾਅ ਦੇ ਪ੍ਰੀਖਣਾਂ ਤੋਂ ਮਿਲੇ ਡੇਟਾ ਦੀ ਪੜਤਾਲ ਮਗਰੋਂ ‘ਕੋਵਿਡਸ਼ੀਲਡ’ ਦੇ ਭਾਰਤ ’ਚ ਸਿਹਤਮੰਦ ਵਿਅਕਤੀਆਂ ’ਤੇ ਦੂਜੇ ਅਤੇ ਤੀਜੇ ਪੜਾਅ ਦੇ ਪ੍ਰੀਖਣਾਂ ਦੀ ਮਨਜ਼ੂਰੀ ਦਿੱਤੀ ਹੈ। ਆਕਸਫੋਰਡ ਵੱਲੋਂ ਵਿਕਸਤ ਇਸ ਟੀਕੇ ਦੇ ਦੂਜੇ ਅਤੇ ਤੀਜੇ ਪੜ੍ਹਾਅ ਦਾ ਪ੍ਰੀਖਣ ਅਜੇ ਬ੍ਰਿਟੇਨ ’ਚ ਚੱਲ ਰਿਹਾ ਹੈ। ਸੀਰਮ ਇੰਸਟੀਚਿਊਟ ਵੱਲੋਂ ਸੋਧੇ ਗਏ ਪ੍ਰਸਤਾਵ ਮੁਤਾਬਕ 18 ਸਾਲ ਤੋਂ ਵੱਧ ਉਮਰ ਦੇ 1600 ਵਿਅਕਤੀ 17 ਚੋਣਵੀਆਂ ਥਾਵਾਂ ’ਤੇ ਪ੍ਰੀਖਣਾਂ ’ਚ ਸ਼ਾਮਲ ਹੋਣਗੇ। ਇਹ ਪ੍ਰੀਖਣ ਏਮਜ਼ ਦਿੱਲੀ, ਏਮਜ਼ ਜੋਧਪੁਰ, ਪੀਜੀਆਈ ਚੰਡੀਗੜ੍ਹ, ਬੀ ਜੇ ਮੈਡੀਕਲ ਕਾਲਜ ਪੁਣੇ, ਰਾਜੇਂਦਰ ਮੈਮੋਰੀਅਲ ਰਿਸਰਚ ਇੰਸਟੀਚਿਊਟ ਪਟਨਾ, ਨਹਿਰੂ ਹਸਪਤਾਲ ਗੋਰਖਪੁਰ, ਆਂਧਰਾ ਮੈਡੀਕਲ ਕਾਲਜ ਵਿਸ਼ਾਖਾਪਟਨਮ ਅਤੇ ਜੇਐੱਸਐੱਸ ਅਕੈਡਮੀ ਆਫ਼ ਹਾਇਰ ਐਜੂਕੇਸ਼ਨ ਮੈਸੂਰ ’ਚ ਹੋਣਗੇ।
-ਪੀਟੀਆਈ