ਨਵੀਂ ਦਿੱਲੀ, 21 ਸਤੰਬਰ
ਭਾਰਤੀ ਹਵਾਈ ਸੈਨਾ ਦੀ ਮਹਿਲਾ ਜੰਗੀ ਪਾਇਲਟ ਜਲਦੀ ਹੀ ਰਾਫ਼ਾਲ ਲੜਾਕਿਆਂ ਦੀ ਫਲੀਟ ਦਾ ਹਿੱਸਾ ਬਣੇਗੀ। ਅਧਿਕਾਰਤ ਸੂਤਰਾਂ ਨੇ ਕਿਹਾ ਕਿ ਇਹ ਮਹਿਲਾ ਪਾਇਲਟ ਮਿੱਗ-21 ਲੜਾਕੂ ਜਹਾਜ਼ ਉਡਾ ਰਹੀ ਹੈ ਤੇ ਊਸ ਦੀ ਚੋਣ ਹੋ ਚੁੱਕੀ ਹੈ ਤੇ ਜਲਦੀ ਹੀ ਊਸ ਨੂੰ ਅੰਬਾਲਾ ਆਧਾਰਿਤ ਗੋਲਡਨ ਐਰੋਜ਼ ਸਕੁਐਡਰਨ ਵਿੱਚ ਸ਼ਾਮਲ ਕੀਤਾ ਜਾਵੇਗਾ। ਸੂਤਰ ਨੇ ਕਿਹਾ, ‘ਇਸ ਮਹਿਲਾ ਪਾਇਲਟ ਨੂੰ ਬੜੇ ਸਖ਼ਤ ਚੋਣ ਅਮਲ ਮਗਰੋਂ ਰਾਫ਼ਾਲ ਜੈੱਟ ਉਡਾਉਣ ਲਈ ਚੁਣਿਆ ਗਿਆ ਹੈ। ਹਾਲ ਦੀ ਘੜੀ ਉਹ ਸਿਖਲਾਈ ਲੈ ਰਹੀ ਹੈ।’ ਚੇਤੇ ਰਹੇ ਕਿ ਸਾਲ 2018 ਵਿੱਚ ਫਲਾਈਂਗ ਅਧਿਕਾਰੀ ਅਵਨੀ ਚਤੁਰਵੇਦੀ ਜੰਗੀ ਜਹਾਜ਼ ਉਡਾਉਣ ਵਾਲੀ ਪਹਿਲੀ ਭਾਰਤੀ ਮਹਿਲਾ ਸੀ। ਅਵਨੀ ਨੇ ਆਪਣੀ ਪਹਿਲੀ ਸੋਲੋ ਉਡਾਣ ਦੌਰਾਨ ਮਿੱਗ-21 ਬਾਇਸਨ ਜਹਾਜ਼ ਉਡਾਇਆ ਸੀ। ਚਤੁਰਵੇਦੀ ਫਲਾਈਂਗ ਅਧਿਕਾਰੀਆਂ ਵਜੋਂ ਕਮਿਸ਼ਨ ਹਾਸਲ ਕਰਨ ਵਾਲੀ ਤਿੰਨ ਮੈਂਬਰੀ ਮਹਿਲਾ ਟੀਮ ਦਾ ਹਿੱਸਾ ਸੀ। ਦੋ ਹੋਰਨਾਂ ਪਾਇਲਟਾਂ ’ਚ ਭਾਵਨਾ ਕਾਂਤ ਤੇ ਮੋਹਾਨਾ ਸਿੰਘ ਸ਼ਾਮਲ ਹਨ। ਮੌਜੂਦਾ ਸਮੇਂ ਭਾਰਤੀ ਹਵਾਈ ਸੈਨਾ ਕੋਲ 10 ਮਹਿਲਾ ਜੰਗੀ ਪਾਇਲਟ ਤੇ 18 ਮਹਿਲਾ ਨੈਵੀਗੇਟਰ ਹਨ। ਭਾਰਤੀ ਹਵਾਈ ਸੈਨਾ ਵਿੱਚ ਮਹਿਲਾ ਅਧਿਕਾਰੀਆਂ ਦੀ ਕੁਲ ਨਫ਼ਰੀ 1875 ਹੈ। -ਪੀਟੀਆਈ