ਨਵੀਂ ਦਿੱਲੀ, 19 ਸਤੰਬਰ
ਰਾਜ ਸਭਾ ਵਿਚ ਅੱਜ ਕਾਂਗਰਸ ਮੈਂਬਰ ਅਹਿਮਦ ਪਟੇਲ ਨੇ ਮੰਗ ਕੀਤੀ ਕਿ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਵੇ ਤਾਂ ਕਿ ਉਹ ਕੋਵਿਡ-19 ਮਹਾਂਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਆਨਲਾਈਨ ਕਲਾਸਾਂ ਦਾ ਲਾਭ ਲੈ ਸਕਣ। ਉਪਰਲੇ ਸਦਨ ਵਿੱਚ ਸਿਫਰ ਕਾਲ ਦੌਰਾਨ ਸ੍ਰੀ ਪਟੇਲ ਨੇ ਕਿਹਾ ਕਿ ਕੋਵਿਡ-19 ਮਹਾਮਾਰੀ ਕਾਰਨ ਸਕੂਲ ਬੰਦ ਹੋਣ ਕਾਰਨ ਆਨਲਾਈਨ ਕਲਾਸਾਂ ਲੱਗ ਰਹੀਆਂ ਸਨ। ਆਨਲਾਈਨ ਕਲਾਸਾਂ ਪਿੱਛੇ ਸਕੂਲਾਂ ਦਾ ਮਕਸਦ ਸਿਰਫ਼ ਫੀਸਾਂ ਵਸੂਲਣਾ ਹੈ। ਉਨ੍ਹਾਂ ਕਿਹਾ ਕਿ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਵਿਦਿਆਰਥੀਆਂ ਨੂੰ ਇਨ੍ਹਾਂ ਕਲਾਸਾਂ ਵਿਚ ਭਾਗ ਲੈਣ ਲਈ ਨਿੱਜੀ ਕੰਪਿਊਟਰ, ਲੈਪਟਾਪ ਅਤੇ ਸਮਾਰਟ ਫੋਨ ਦੀ ਸਹੂਲਤ ਨਹੀਂ ਹੈ। ਸਾਧਨਾਂ ਦੀ ਘਾਟ ਕਾਰਨ ਆਰਥਿਕ ਪੱਖੋਂ ਕਮਜ਼ੋਰ ਵਰਗਾਂ ਦੇ ਵਿਦਿਆਰਥੀ ਇਨ੍ਹਾਂ ਕਲਾਸਾਂ ਦਾ ਲਾਭ ਨਹੀਂ ਲੈ ਸਕਦੇ। ਕੋਵਿਡ-19 ਮਹਾਂਮਾਰੀ ਕਾਰਨ ਪਹਿਲਾਂ ਤੋਂ ਪ੍ਰੇਸ਼ਾਨ ਮਾਪਿਆਂ ਲਈ ਬੱਚਿਆਂ ਵਾਸਤੇ ਅਜਿਹੇ ਸਾਧਨ ਜੁਟਾਉਣੇ ਔਖੇ ਹਨ। ਆਧੁਨਿਕ ਸਾਜ਼ੋ ਸਾਮਾਨ ਦੀ ਘਾਟ ਕਾਰਨ ਕੁੱਝ ਰਾਜਾਂ ਵਿੱਚ ਵਿਦਿਆਰਥੀਆਂ ਨੇ ਆਤਮ ਹੱਤਿਆਵਾਂ ਵੀ ਕੀਤੀਆਂ ਹਨ। ਇਸ ਲਈ ਕੇਂਦਰ ਤੇ ਰਾਜ ਸਰਕਾਰਾਂ ਇਸ ਮਸਲੇ ਦਾ ਰਲ ਕੇ ਕੋਈ ਹੱਲ ਕੱਢਣ।