ਨਵੀਂ ਦਿੱਲੀ: ਅਡਾਨੀ ਗਰੁੱਪ ਖ਼ਿਲਾਫ਼ ਲੱਗੇ ਤਾਜ਼ਾ ਦੋਸ਼ਾਂ ਮਗਰੋਂ ਕਾਂਗਰਸ ਸਮੇਤ ਹੋਰ ਵਿਰੋਧੀ ਧਿਰਾਂ ਵੱਲੋਂ ਮੋਦੀ ਸਰਕਾਰ ਨੂੰ ਨਿਸ਼ਾਨਾ ਬਣਾਏ ਜਾਣ ’ਤੇ ਭਾਜਪਾ ਨੇ ਕਿਹਾ ਹੈ ਕਿ ਭਾਰਤ ਦੀ ਤਾਕਤਵਰ ਮੁਲਕ ਵਜੋਂ ਤਰੱਕੀ ਕਈ ਲੋਕਾਂ ਦੀਆਂ ਅੱਖਾਂ ’ਚ ਰੜਕ ਰਹੀ ਹੈ। ਭਾਜਪਾ ਦੇ ਕੌਮੀ ਤਰਜਮਾਨ ਸੱਯਦ ਜਫਰ ਇਸਲਾਮ ਨੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ,‘‘ਜੌਰਜ ਸੋਰੋਸ ਵਰਗੀਆਂ ਕੁਝ ਤਾਕਤਾਂ ਹਨ…ਭਾਰਤ, ਜੋ ਕਦੇ ਇਕ ਨਰਮ ਮੁਲਕ ਹੁੰਦਾ ਸੀ, ਅੱਜ ਇਕ ਮਜ਼ਬੂਤ ਮੁਲਕ ਵਜੋਂ ਉੱਭਰ ਰਿਹਾ ਹੈ। ਇਹ ਕਈ ਲੋਕਾਂ ਦੀਆਂ ਅੱਖਾਂ ’ਚ ਰੜਕ ਰਿਹਾ ਹੈ।’’ ਉਨ੍ਹਾਂ ਕਿਹਾ ਕਿ ਅਜਿਹੇ ਦੋਸ਼ਾਂ ਨਾਲ ਸਿੱਝਣ ਵਾਲੀਆਂ ਏਜੰਸੀਆਂ ਅਤੇ ਅਦਾਰੇ ਆਪਣਾ ਕੰਮ ਕਰਨਗੇ ਅਤੇ ਇਸ ਮੁੱਦੇ ’ਤੇ ਬਿਨਾ ਕਿਸੇ ਜਾਣਕਾਰੀ ਦੇ ਕੋਈ ਟਿੱਪਣੀ ਨਹੀਂ ਕੀਤੀ ਜਾਣੀ ਚਾਹੀਦੀ ਹੈ। -ਪੀਟੀਆਈ