ਅਮਰੀਕਾ ’ਚ 40 ਜਣਿਆਂ ਦੀ ਨਾਗਰਿਕਤਾ ਰੱਦ ਕਰਨ ਦੀ ਪ੍ਰਕਿਰਿਆ ਸ਼ੁਰੂ
ਕੈਲੀਫੋਰਨੀਆ ਵਾਸੀ ਭਾਰਤੀ ਮੂਲ ਦਾ ਸ਼ਖ਼ਸ ਵੀ ਕਾਨੂੰਨੀ ਕਾਰਵਾਈ ਦੇ ਘੇਰੇ ’ਚ
ਅਮਰੀਕਾ ਨੇ ਆਧੁਨਿਕ ਇਤਿਹਾਸ ਵਿੱਚ ਨਾਗਰਿਕਤਾ ਰੱਦ ਕਰਨ ਦੀ ਸਭ ਤੋਂ ਵੱਡੀ ਪ੍ਰਕਿਰਿਆ ਸ਼ੁਰੂ ਕੀਤੀ ਹੈ, ਜਿਸ ਤਹਿਤ ਉਸ ਨੇ ਭਾਰਤੀ ਮੂਲ ਦੇ ਵਿਅਕਤੀ ਸਮੇਤ 40 ਜਣਿਆਂ ਦੀ ਅਮਰੀਕੀ ਨਾਗਰਿਕਤਾ ਰੱਦ ਕਰਨ ਲਈ ਵੱਖ-ਵੱਖ ਅਦਾਲਤਾਂ ਵਿੱਚ ਕਾਰਵਾਈ ਅੱਗੇ ਵਧਾਈ ਹੈ। ਜਿਨ੍ਹਾਂ ਲੋਕਾਂ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ, ਉਨ੍ਹਾਂ ਵਿੱਚ ਪਾਕਿਸਤਾਨ, ਮੈਕਸਿਕੋ, ਕੰਬੋਡੀਆ, ਨੇਪਾਲ ਤੇ ਅਫ਼ਗਾਨਿਸਤਾਨ ਦੇ ਲੋਕ ਸ਼ਾਮਲ ਹਨ। ਨਿਆਂ ਵਿਭਾਗ ਨੇ ਦੱਸਿਆ ਕਿ ਇਨ੍ਹਾਂ 40 ਲੋਕਾਂ ਖ਼ਿਲਾਫ਼ ਅਮਰੀਕਾ ਦੀਆਂ ਕਈ ਅਦਾਲਤਾਂ ਵਿੱਚ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਇਨ੍ਹਾਂ ਉਤੇ ਵਿਦੇਸ਼ੀ ਸਰਕਾਰ ਦੇ ਏਜੰਟ ਦੇ ਰੂਪ ਵਿੱਚ ਕੰਮ ਕਰਨ, ਗ਼ੈਰ-ਇਰਾਦਤਨ ਕਤਲ ਤੇ ਦਿਵਿਆਂਗ ਵਿਅਕਤੀ ਨਾਲ ਜਿਨਸੀ ਅਪਰਾਧ ਸਣੇ ਕਈ ਗੰਭੀਰ ਅਪਰਾਧਾਂ ਦੇ ਦੋਸ਼ ਹਨ। ਕੈਲੀਫੋਰਨੀਆ ਦੇ ਬਲਵਿੰਦਰ ਸਿੰਘ ਦੀ ਨਾਗਰਿਕਤਾ ਰੱਦ ਕਰਨ ਦੀ ਕਾਰਵਾਈ ਕੀਤੀ ਜਾ ਰਹੀ ਹੈ। ਉਸ ’ਤੇ ਫ਼ਰਜ਼ੀ ਪਛਾਣ ਦਾ ਇਸਤੇਮਾਲ ਕਰ ਕੇ ਅਮਰੀਕਾ ਵਿੱਚ ਦਾਖ਼ਲ ਹੋਣ ਤੇ ਅਮਰੀਕੀ ਨਾਗਰਿਕਤਾ ਹਾਸਲ ਕਰਨ ਦਾ ਦੋਸ਼ ਹੈ। ਇਮੀਗ੍ਰੇਸ਼ਨ ਤੇ ਨਾਗਰਿਕਤਾ ਕਾਨੂੰਨ ਤਹਿਤ ਜੇ ਕਿਸੇ ਵਿਅਕਤੀ ਨੇ ਅਮਰੀਕੀ ਨਾਗਰਿਕਤਾ ਗ਼ੈਰ-ਕਾਨੂੰਨੀ ਤਰੀਕੇ ਨਾਲ ਹਾਸਲ ਕੀਤੀ ਹੋਵੇ ਜਾਂ ਕਿਸੇ ਅਹਿਮ ਤੱਥ ਨੂੰ ਲੁਕੋ ਕੇ ਜਾਂ ਜਾਣਬੁੱਝ ਕੇ ਗ਼ਲਤ ਜਾਣਕਾਰੀ ਦੇ ਕੇ ਨਾਗਰਿਕਤਾ ਹਾਸਲ ਕੀਤੀ ਹੋਵੇ ਤਾਂ ਉਸ ਦੀ ਨਾਗਰਿਕਤਾ ਰੱਦ ਕੀਤੀ ਜਾ ਸਕਦੀ ਹੈ। ਅਮਰੀਕੀ ਨਿਆਂ ਵਿਭਾਗ ਮੁਤਾਬਕ ਬਲਵਿੰਦਰ ਸਿੰਘ ਨੇ 1992 ਵਿੱਚ ਇਸੇ ਨਾਂ ਤੇ ਪਛਾਣ ਨਾਲ ਇਮੀਗ੍ਰੇਸ਼ਨ ਲਈ ਅਰਜ਼ੀ ਦਿੱਤੀ ਸੀ। ਸਾਲ 2003 ਵਿੱਚ ਉਸ ਨੇ ਦੂਜੀ ਪਛਾਣ ਤਹਿਤ ਸਥਾਈ ਵਸਨੀਕ ਦਾ ਦਰਜਾ ਹਾਸਲ ਕਰਨ ਲਈ ਅਰਜ਼ੀ ਦਿੱਤੀ ਤੇ ਉਸ ਨੂੰ ਇਹ ਦਰਜਾ ਮਿਲ ਗਿਆ। ਸਾਲ 2009 ਵਿੱਚ ਬਲਵਿੰਦਰ ਸਿੰਘ ਨੇ ਆਪਣੀ ਦੂਜੀ ਪਛਾਣ ਤਹਿਤ ਅਮਰੀਕੀ ਨਾਗਰਿਕਤਾ ਵੀ ਹਾਸਲ ਕੀਤੀ। ਉਂਗਲੀਆਂ ਦੇ ਨਿਸ਼ਾਨ ਤੋਂ ਪਤਾ ਲੱਗਾ ਕਿ ਦੋਵੇਂ ਅਰਜ਼ੀਆਂ ਉਸੇ ਨੇ ਦਿੱਤੀਆਂ ਸਨ। ਅਮਰੀਕੀ ਵਿਭਾਗ ਚੀਨ ਵਿੱਚ ਜਨਮੇ ਜਿੰਚਾਓ ਵੇਈ ਦੀ ਨਾਗਰਿਕਤਾ ਰੱਦ ਕਰਨ ਦੀ ਮੰਗ ਵੀ ਕਰ ਰਿਹਾ ਹੈ। -ਪੀਟੀਆਈ

