ਵਾਰਾਣਸੀ, 23 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੰਸਦ ਵਿੱਚ ਮਹਿਲਾ ਰਾਖਵਾਂਕਰਨ ਬਿੱਲ ਪਾਸ ਹੋਣ ਦਾ ਸਿਹਰਾ ਅੱਜ ਦੇਸ਼ ਦੀਆਂ ਔਰਤਾਂ ਨੂੰ ਦਿੰਦਿਆਂ ਕਿਹਾ ਕਿ ਇਤਿਹਾਸ ਦੇ ਹਰੇਕ ਦੌਰ ਵਿੱਚ ਮਹਿਲਾਵਾਂ ਨੇ ਅਗਵਾਈ ਨਾਲ ਆਪਣੀ ਤਾਕਤ ਨੂੰ ਸਿੱਧ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਆਪਣੇ ਸੰਸਦੀ ਹਲਕੇ ਵਾਰਾਣਸੀ ਵਿੱਚ ਸੰਪੂਰਨਾਨੰਦ ਸੰਸਕ੍ਰਿਤ ਯੂਨੀਵਰਸਿਟੀ ਵਿੱਚ ਕਰਵਾਏ ‘ਨਾਰੀ ਸ਼ਕਤੀ ਵੰਦਨ ਸਮਾਰੋਹ’ ਨੂੰ ਸੰਬੋਧਨ ਕਰ ਰਹੇ ਸਨ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ਵੀ ਮੌਜੂਦ ਸਨ। ਇਸ ਦੌਰਾਨ ਪ੍ਰਧਾਨ ਮੰਤਰੀ ਮੋਦੀ ਨੇ ਯੂਪੀ ਵਿੱਚ ਲੋੜਵੰਦ ਬੱਚਿਆਂ ਲਈ ਖੋਲ੍ਹੇ ਗਏ 16 ਰਿਹਾਇਸ਼ੀ ਸਕੂਲਾਂ ਦਾ ਉਦਘਾਟਨ ਕੀਤਾ। ਇਹ ਸਕੂਲ (ਅਟਲ ਅਵਾਸਿਆ ਵਿਦਿਆਲਿਆਜ਼) ਮਜ਼ਦੂਰਾਂ, ਉਸਾਰੀ ਕਾਮਿਆਂ ਅਤੇ ਕਰੋਨਾ ਮਹਾਮਾਰੀ ਦੌਰਾਨ ਅਨਾਥ ਹੋਏ ਬੱਚਿਆਂ ਨੂੰ ਮਿਆਰੀ ਸਿੱਖਿਆ ਮੁਹੱਈਆ ਕਰਵਾਉਣ ਲਈ ਖੋਲ੍ਹੇ ਗਏ ਹਨ। ਉਨ੍ਹਾਂ ਆਪਣੇ ਸੰਸਦੀ ਹਲਕੇ ਵਾਰਾਣਸੀ ਵਿੱਚ ਕੌਮਾਂਤਰੀ ਕ੍ਰਿਕਟ ਸਟੇਡੀਅਮ ਦਾ ਨੀਂਹ ਪੱਥਰ ਵੀ ਰੱਖਿਆ। -ਪੀਟੀਆਈ