ਨਵੀਂ ਦਿੱਲੀ, 17 ਅਪਰੈਲ
ਦੇਸ਼ ਵਿੱਚ ਇਕ ਦਿਨ ਵਿਚ 2.34 ਲੱਖ ਕਰੋਨਾ ਪਾਜ਼ੇਟਿਵ ਮਾਮਲੇ ਹੋਰ ਸਾਹਮਣੇ ਆਉਣ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਉਚ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਜਿਸ ਵਿਚ ਕੋਵਿਡ-19 ਹਾਲਾਤ ਦੀ ਸਮੀਖਿਆ ਕੀਤੀ ਗਈ। ਸ੍ਰੀ ਮੋਦੀ ਨੇ ਦੇਸ਼ ਭਰ ਦੇ ਹਸਪਤਾਲਾਂ ਵਿਚ ਕਰੋਨਾ ਮਰੀਜ਼ਾਂ ਦੇ ਇਲਾਜ ਲਈ ਬੈਡਾਂ ਦਾ ਪ੍ਰਬੰਧ ਕਰਨ ਲਈ ਨਿਰਦੇਸ਼ ਦਿੱਤੇ। ਉਨ੍ਹਾਂ ਕਰੋਨਾ ਰੋਕੂ ਦਵਾਈਆਂ ਦੀ ਵਧਦੀ ਮੰਗ ’ਤੇ ਫਾਰਮਾ ਇੰਡਸਟਰੀ ਦੀ ਕਾਬਲੀਅਤ ਦੀ ਪੂਰੀ ਵਰਤੋਂ ਕਰਨ ’ਤੇ ਵੀ ਜ਼ੋਰ ਦਿੱਤਾ। ਪ੍ਰਧਾਨ ਮੰਤਰੀ ਨੇ ਕਿਹਾ ਕਿ ਜਿਹੜੇ ਆਕਸੀਜਨ ਪਲਾਂਟ ਮਨਜ਼ੂਰ ਹੋ ਚੁੱਕੇ ਹਨ ਉਨ੍ਹਾਂ ਨੂੰ ਚਾਲੂ ਕਰਵਾਉਣ ਦੇ ਕੰਮ ਵਿਚ ਤੇਜ਼ੀ ਲਿਆਂਦੀ ਜਾਵੇ। ਉਨ੍ਹਾਂ ਕਰੋਨਾ ਮਹਾਮਾਰੀ ਨੂੰ ਕਾਬੂ ਕਰਨ ਲਈ ਸੂਬਿਆਂ ਦੇ ਆਪਸੀ ਤਾਲਮੇਲ ’ਤੇ ਜ਼ੋਰ ਦਿੱਤਾ। ਉਨ੍ਹਾਂ ਕਰੋਨਾ ਰੋਕੂ ਟੀਕਿਆਂ ਦੀ ਕਾਲਾਬਾਜ਼ਾਰੀ ਨੂੰ ਕਾਬੂ ਪਾਉਣ ਲਈ ਵੀ ਨਿਰਦੇਸ਼ ਦਿੱਤੇ। ਮੀਟਿੰਗ ਵਿਚ ਸਾਰੇ ਕੇਂਦਰੀ ਮੰਤਰਾਲਿਆਂ ਦੇ ਸਿਖਰਲੇ ਅਧਿਕਾਰੀ ਪੁੱਜੇ। ਉਨ੍ਹਾਂ ਦੇਸ਼ ਭਰ ਵਿਚ ਆਈਸੀਯੂ ਬੈਡਾਂ, ਆਕਸੀਜਨ ਤੇ ਕਰੋਨਾ ਰੋਕੂ ਟੀਕਿਆਂ ਦੀ ਘਾਟ ਨੂੰ ਦੂਰ ਕਰਨ ’ਤੇ ਚਰਚਾ ਕੀਤੀ। -ਪੀਟੀਆਈ