ਵਿਰੋਧੀ ਧਿਰ ਜਮੂਦ ਤੋੜਨ ਲਈ ਅੱਗੇ ਨਹੀਂ ਆ ਰਹੀ: ਸ਼ਾਹ : The Tribune India

ਵਿਰੋਧੀ ਧਿਰ ਜਮੂਦ ਤੋੜਨ ਲਈ ਅੱਗੇ ਨਹੀਂ ਆ ਰਹੀ: ਸ਼ਾਹ

ਸਰਕਾਰ ਤੇ ਵਿਰੋਧੀ ਧਿਰ ਦੋਵਾਂ ਨੂੰ ਸੰਸਦੀ ਪ੍ਰਣਾਲੀ ਲਈ ਜ਼ਰੂਰੀ ਦੱਸਿਆ

ਵਿਰੋਧੀ ਧਿਰ ਜਮੂਦ ਤੋੜਨ ਲਈ ਅੱਗੇ ਨਹੀਂ ਆ ਰਹੀ: ਸ਼ਾਹ

ਨਵੀਂ ਦਿੱਲੀ, 18 ਮਾਰਚ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ ਕਿ ਸੰਸਦ ’ਚ ਬਣੀ ਮੌਜੂਦਾ ਖੜੌਤ ਤਾਂ ਹੀ ਟੁੱਟ ਸਕਦੀ ਹੈ ਜੇਕਰ ਵਿਰੋਧੀ ਧਿਰ ਗੱਲਬਾਤ ਲਈ ਅੱਗੇ ਆਵੇ। ਉਨ੍ਹਾਂ ਕਿਹਾ ਕਿ ਸਰਕਾਰ ਤਾਂ ਹੀ ਦੋ ਕਦਮ ਅੱਗੇ ਵਧੇਗੀ ਜੇਕਰ ਵਿਰੋਧੀ ਧਿਰ ਦੋ ਕਦਮ ਅੱਗੇ ਵਧੇ।

ਇੱਥੇ ‘ਇੰਡੀਆ ਟੂਡੇ ਕਨਕਲੇਵ’ ’ਚ ਹਿੱਸਾ ਲੈਣ ਪਹੁੰਚੇ ਸ਼ਾਹ ਨੇ ਕਿਹਾ, ‘ਸਾਡੇ ਸੱਦੇ ਦੇ ਬਾਵਜੂਦ ਵਿਰੋਧੀ ਧਿਰ ਵੱਲੋਂ ਗੱਲਬਾਤ ਦੀ ਕੋਈ ਤਜਵੀਜ਼ ਨਹੀਂ ਆਈ ਹੈ। ਫਿਰ ਅਸੀਂ ਗੱਲ ਕਿਸ ਨਾਲ ਕਰੀਏ? ਉਹ ਮੀਡੀਆ ਨਾਲ ਗੱਲ ਕਰ ਰਹੇ ਹਨ। ਉਹ ਨਾਅਰੇ ਮਾਰਦੇ ਹਨ ਕਿ ਸੰਸਦ ’ਚ ਬੋਲਣ ਦੀ ਆਜ਼ਾਦੀ ਹੋਣੀ ਚਾਹੀਦੀ ਹੈ। ਸੰਸਦ ’ਚ ਬੋਲਣ ਦੀ ਪੂਰੀ ਆਜ਼ਾਦੀ ਹੈ। ਕੋਈ ਤੁਹਾਨੂੰ ਬੋਲਣ ਤੋਂ ਨਹੀਂ ਰੋਕ ਸਕਦਾ।’ ਉਨ੍ਹਾਂ ਕਿਹਾ ਕਿ ਕੁਝ ਮਸਲੇ ਸਿਆਸਤ ਤੋਂ ਉੱਪਰ ਹੁੰਦੇ ਹਨ ਅਤੇ ਇੱਥੋਂ ਤੱਥ ਕਿ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੇ ਵੀ ਵਿਦੇਸ਼ੀ ਧਰਤੀ ’ਤੇ ਘਰੇਲੂ ਮਸਲਿਆਂ ਬਾਰੇ ਚਰਚਾ ਕਰਨ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ, ‘ਦੋਵੇਂ ਧਿਰਾਂ ਸਪੀਕਰ ਕੋਲ ਬੈਠਣ ਤੇ ਗੱਲਬਾਤ ਕਰਨ। ਉਨ੍ਹਾਂ ਨੂੰ ਦੋ ਕਦਮ ਅੱਗੇ ਵਧਣਾ ਚਾਹੀਦਾ ਹੈ ਅਤੇ ਅਸੀਂ ਦੋ ਕਦਮ ਅੱਗੇ ਵਧਾਵਾਂਗੇ ਤਾਂ ਹੀ ਸੰਸਦੀ ਕਾਰਵਾਈ ਚੱਲ ਸਕਦੀ ਹੈ। ਤੁਸੀਂ ਸਿਰਫ਼ ਪ੍ਰੈੱਸ ਕਾਨਫਰੰਸ ਕਰਦੇ ਹੋ ਤੇ ਹੋਰ ਕੁਝ ਨਹੀਂ। ਅਜਿਹਾ ਕਰਨਾ ਠੀਕ ਨਹੀਂ ਹੈ।’ ਉਨ੍ਹਾਂ ਕਿਹਾ ਕਿ ਸੰਸਦੀ ਪ੍ਰਣਾਲੀ ਸਿਰਫ਼ ਸਰਕਾਰ ਜਾਂ ਵਿਰੋਧੀ ਧਿਰ ਨਹੀਂ ਚਲਾ ਸਕਦੀ ਬਲਕਿ ਦੋਵਾਂ ਧਿਰਾਂ ਨੂੰ ਇੱਕ-ਦੂਜੇ ਨਾਲ ਗੱਲ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ, ‘ਸੰਸਦ ’ਚ ਬਹਿਸ ਨਿਯਮਾਂ ਅਨੁਸਾਰ ਹੁੰਦੀ ਹੈ। ਤੁਸੀਂ ਸੰਸਦ ’ਚ ਇਸ ਤਰ੍ਹਾਂ ਨਹੀਂ ਬੋਲ ਸਕਦੇ ਜਿਵੇਂ ਕੋਈ ਸੜਕ ’ਤੇ ਬੋਲਦਾ ਹੈ। ਜੇਕਰ ਉਨ੍ਹਾਂ ਨੂੰ ਇਹ ਬੁਨਿਆਦੀ ਨੁਕਤਾ ਨਹੀਂ ਪਤਾ ਤਾਂ ਅਸੀਂ ਕੀ ਕਰ ਸਕਦੇ ਹਾਂ?’ ਉਨ੍ਹਾਂ ਕਿਹਾ ਕਿ ਸੰਸਦੀ ਕਾਰਵਾਈ ਕੁਝ ਨਿਯਮਾਂ ਅਨੁਸਾਰ ਚੱਲਦੀ ਹੈ ਤੇ ਇਹ ਨਿਯਮ ਅਸੀਂ ਨਹੀਂ ਬਣਾਏ।’ ਕੇਂਦਰੀ ਗ੍ਰਹਿ ਮੰਤਰੀ ਨੇ ਕਿਹਾ ਕਿ ਸੀਬੀਆਈ ਤੇ ਈਡੀ ਵਰਗੀਆਂ ਜਾਂਚ ਏਜੰਸੀਆਂ ਬਿਨਾਂ ਪੱਖਪਾਤ ਦੇ ਕੰਮ ਕਰ ਰਹੀਆਂ ਹਨ ਅਤੇ ਦੋ ਨੂੰ ਛੱਡ ਕੇ ਬਾਕੀ ਸਾਰੇ ਕੇਸ ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ, ਉਹ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਦਰਜ ਕੀਤੇ ਗਏ ਸਨ। ਉਨ੍ਹਾਂ ਕਿਹਾ ਕਿ ਜਾਂਚ ਏਜੰਸੀਆਂ ਜੋ ਵੀ ਕਰ ਰਹੀਆਂ ਹਨ, ਉਸ ਨੂੰ ਅਦਾਲਤਾਂ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਉਨ੍ਹਾਂ ਕਿਹਾ, ‘ਸਾਲ 2017 ’ਚ ਉੱਤਰ ਪ੍ਰਦੇਸ਼ ਚੋਣਾਂ ਦੌਰਾਨ ਕਾਂਗਰਸ ਦੀ ਇੱਕ ਵੱਡੀ ਮਹਿਲਾ ਆਗੂ ਨੇ ਕਿਹਾ ਸੀ ਕਿ ਜੇਕਰ ਉਹ ਭ੍ਰਿਸ਼ਟਾਚਾਰ ’ਚ ਸ਼ਾਮਲ ਹਨ ਤਾਂ ਜਾਂਚ ਕਿਉਂ ਨਹੀਂ ਹੋਈ। ਉਹ ਸਾਡੇ ਤੋਂ ਪੁੱਛ ਪੜਤਾਲ ਕਰ ਰਹੀ ਸੀ। ਹੁਣ ਜਦੋਂ ਕਾਰਵਾਈ ਹੋਈ ਤਾਂ ਉਹ ਹੰਗਾਮਾ ਕਰ ਰਹੇ ਹਨ।’ ਗ੍ਰਹਿ ਮੰਤਰੀ ਨੇ ਕਿਹਾ ਕਿ ਇਹ ਜਾਂਚ ਏਜੰਸੀਆਂ ਅਦਾਲਤ ਤੋਂ ਉੱਪਰ ਨਹੀਂ ਹਨ ਅਤੇ ਕਿਸੇ ਵੀ ਨੋਟਿਸ, ਐੱਫਆਈਆਰ ਤੇ ਦੋਸ਼ ਪੱਤਰ ਨੂੰ ਅਦਾਲਤ ’ਚ ਚੁਣੌਤੀ ਦਿੱਤੀ ਜਾ ਸਕਦੀ ਹੈ। ਰੋਧੀ ਧਿਰਾਂ ਦੇ ਆਗੂਆਂ ਨੂੰ ਨਿਸ਼ਾਨਾ ਬਣਾਏ ਜਾਣ ਦੇ ਸਵਾਲ ਬਾਰੇ ਉਨ੍ਹਾਂ ਕਿਹਾ ਕਿ ਏਜੰਸੀਆਂ ਬਿਨਾਂ ਕਿਸੇ ਪੱਖਪਾਤ ਦੇ ਕਾਰਵਾਈ ਕਰ ਰਹੀਆਂ ਹਨ। -ਪੀਟੀਆਈ

ਅਡਾਨੀ ਮਾਮਲੇ ਦੀ ਜਾਂਚ ਲਈ ਸੁਪਰੀਮ ਕੋਰਟ ਨੇ ਕਮੇਟੀ ਬਣਾਈ: ਸ਼ਾਹ

ਅਡਾਨੀ ਗਰੁੱਪ ਖ਼ਿਲਾਫ਼ ਜਾਂਚ ਦੇ ਮਾਮਲੇ ’ਚ ਅਮਿਤ ਸ਼ਾਹ ਨੇ ਕਿਹਾ ਕਿ ਸੁਪਰੀਮ ਕੋਰਟ ਵੱਲੋਂ ਸੇਵਾਮੁਕਤ ਜੱਜਾਂ ’ਤੇ ਆਧਾਰਿਤ ਦੋ ਮੈਂਬਰੀ ਕਮੇਟੀ ਬਣਾਈ ਗਈ ਹੈ ਅਤੇ ਜਿਸ ਕਿਸੇ ਕੋਲ ਜੋ ਵੀ ਸਬੂਤ ਹੈ, ਉਹ ਉਸ ਕਮੇਟੀ ਨੂੰ ਸੌਂਪਣਾ ਚਾਹੀਦਾ ਹੈ। ਉਨ੍ਹਾਂ ਕਿਹਾ, ‘ਜੇਕਰ ਕਿਸੇ ਨੇ ਕੁਝ ਗਲਤ ਕੀਤਾ ਹੈ ਤਾਂ ਉਸ ਨੂੰ ਛੱਡਿਆ ਨਹੀਂ ਜਾਵੇਗਾ। ਹਰ ਕਿਸੇ ਨੂੰ ਨਿਆਂਇਕ ਪ੍ਰਕਿਰਿਆ ’ਚ ਯਕੀਨ ਰੱਖਣਾ ਚਾਹੀਦਾ ਹੈ। ਲੋਕਾਂ ਨੂੰ ਬੇਬੁਨਿਆਦ ਦੋਸ਼ਾਂ ’ਚ ਯਕੀਨ ਨਹੀਂ ਕਰਨਾ ਚਾਹੀਦਾ।’ ਉਨ੍ਹਾਂ ਕਿਹਾ ਕਿ ਸੇਬੀ ਨੇ ਸੁਪਰੀਮ ਕੋਰਟ ’ਚ ਹਲਫ਼ਨਾਮਾ ਦਾਇਰ ਕਰ ਕੇ ਦੱਸਿਆ ਹੈ ਕਿ ਉਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸੁਪਰੀਮ ਕੋਰਟ ਨੇ ਵੀ ਸੇਬੀ ਨੂੰ ਆਪਣੀ ਜਾਂਚ ਜਾਰੀ ਰੱਖਣ ਲਈ ਕਿਹਾ ਹੈ।

ਸੰਸਦ ਵਿੱਚ ਜਮੂਦ ਤੋੜਨ ਲਈ ਕੋਈ ਵਿਚਲਾ ਰਾਹ ਨਹੀਂ: ਜੈਰਾਮ ਰਮੇਸ਼

ਨਵੀਂ ਦਿੱਲੀ: ਸੀਨੀਅਰ ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਅੱਜ ਇੱਥੇ ਕਿਹਾ ਕਿ ਸੰਸਦ ਵਿੱਚ ਜਮੂਦ ਤੋੜਨ ਲਈ ਕੋਈ ‘ਵਿਚਲਾ ਰਾਹ’ ਨਹੀਂ ਦਿਸ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰਾਂ ਵੱਲੋਂ ਅਡਾਨੀ ਮਸਲੇ ਦੀ ਜੇਪੀਸੀ ਜਾਂਚ ਦੀ ਮੰਗ ’ਤੇ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ। ਇਸ ਦੇ ਨਾਲ ਹੀ ਯੂਕੇ ਵਿੱਚ ਰਾਹੁਲ ਗਾਂਧੀ ਦੇ ਬਿਆਨ ਉੱਤੇ ਮੁਆਫੀ ਮੰਗਣ ਦਾ ਵੀ ਸੁਆਲ ਪੈਦਾ ਨਹੀਂ ਹੁੰਦਾ। ਇਸ ਖਬਰ ਏਜੰਸੀ ਨੂੰ ਦਿੱਤੀ ਇੰਟਰਵਿਊ ਵਿੱਚ ਰਮੇਸ਼ ਨੇ ਕਿਹਾ ਕਿ ਅਡਾਨੀ ਮਸਲੇ ’ਤੇ ਸਾਂਝੀ ਸੰਸਦੀ ਜਾਂਚ ਦੀ ਮੰਗ ਲਈ ਇਕਜੁੱਟ ਹੋਈਆਂ 16 ਵਿਰੋਧੀ ਪਾਰਟੀਆਂ ਤੋਂ ਸਰਕਾਰ ਘਬਰਾ ਗਈ ਹੈ। ਇਸ ਲਈ ਉਹ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰ ਕੇ ਬਦਨਾਮ ਕਰਨ ਦੀ ਨੀਤੀ ’ਤੇ ਚੱਲ ਰਹੀ ਹੈ। ਰਾਹੁਲ ਗਾਂਧੀ ਦੀ ਸੰਸਦੀ ਮੈਂਬਰੀ ਰੱਦ ਕਰਨ ਸਬੰਧੀ ਬਿਆਨ ਦੇਣ ’ਤੇ ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ’ਤੇ ਨਿਸ਼ਾਨਾ ਸੇਧਦਿਆਂ ਜੈਰਾਮ ਨੇ ਕਿਹਾ ਕਿ ਇਹ ਸਾਰਾ ਕੁਝ ਅਸਲ ਮੁੱਦਿਆਂ ਤੋਂ ਭਟਕਾਉਣ ਲਈ ਕੀਤਾ ਜਾ ਰਿਹਾ ਹੈ। ਗੌਰਤਲਬ ਹੈ ਕਿ ਯੂਕੇ ਦੌਰੇ ਦੌਰਾਨ ਗਾਂਧੀ ਦੀਆਂ ਜਮਹੂਰੀਅਤ ਬਾਰੇ ਟਿੱਪਣੀਆਂ ਦੇ ਮੁੱਦੇ ਉੱਪਰ ਸੰਸਦ ਵਿੱਚ ਖੜੋਤ ਚੱਲ ਰਹੀ ਹੈ। ਇਸੇ ਦਰਮਿਆਨ ਕਾਂਗਰਸ ਦੇ ਜਨਰਲ ਸਕੱਤਰ ਨੇ ਉਪਰੋਕਤ ਟਿੱਪਣੀਆਂ ਕੀਤੀਆਂ ਹਨ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਨਵਾਂ ਸੰਸਦ ਭਵਨ ਤੇ ਉੱਭਰ ਰਹੀ ਸਿਆਸਤ

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਸਦਭਾਵ ਦੇ ਪਰਦੇ ਹੇਠ ਦੁਫ਼ੇੜ ਬਰਕਰਾਰ...

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਜੀਵਨ: ਬ੍ਰਹਿਮੰਡ ਦੀ ਦੁਰਲੱਭ ਸ਼ੈਅ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਐਡਹਾਕ ਅਧਿਆਪਕਾਂ ਦੇ ਦੁੱਖ ਦਰਦ

ਇੱਕ ਸੀ ‘ਬਾਪੂ ਭਾਈ’

ਇੱਕ ਸੀ ‘ਬਾਪੂ ਭਾਈ’

ਸ਼ਹਿਰ

View All