ਨਵੀਂ ਦਿੱਲੀ, 2 ਅਗਸਤ
ਭਾਰਤ ਵਿਚ ਕਰੋਨਾਵਾਇਰਸ ਦੇ ਕੇਸ ਐਤਵਾਰ ਨੂੰ 17 ਲੱਖ ਦਾ ਅੰਕੜਾ ਪਾਰ ਕਰ ਗਏ ਹਨ। ਇਕੋ ਦਿਨ ਵਿਚ ਨਵੇਂ 54,735 ਕੇਸ ਹੋਰ ਸਾਹਮਣੇ ਆਏ ਹਨ ਜਦਕਿ ਰਿਕਵਰੀ ਵਾਲੇ ਕੇਸਾਂ ਦੀ ਗਿਣਤੀ 11 ਲੱਖ ਤੋਂ ਉੱਪਰ ਹੋ ਗਈ ਹੈ। ਕੇਸ ਸਿਰਫ਼ ਦੋ ਦਿਨ ਵਿਚ 16 ਤੋਂ 17 ਲੱਖ ਹੋਏ ਹਨ। ਸਿਹਤ ਮੰਤਰਾਲੇ ਦੇ ਅੰਕੜਿਆਂ ਮੁਤਾਬਕ ਭਾਰਤ ਵਿਚ ਹੁਣ ਤੱਕ ਕਰੋਨਾ ਦੇ ਕੁੱਲ 17,50,723 ਮਾਮਲੇ ਸਾਹਮਣੇ ਆ ਚੁੱਕੇ ਹਨ। ਚੌਵੀ ਘੰਟਿਆਂ ਵਿਚ 853 ਮੌਤਾਂ ਹੋਈਆਂ ਹਨ ਤੇ ਮੌਤਾਂ ਦੀ ਕੁੱਲ ਗਿਣਤੀ 37,364 ਹੋ ਗਈ ਹੈ। ਵਾਇਰਸ ਤੋਂ ਉੱਭਰ ਚੁੱਕੇ ਲੋਕਾਂ ਦੀ ਗਿਣਤੀ 11,45,629 ਹੈ। ਇਸ ਵੇਲੇ ਮੁਲਕ ’ਚ 5,67,730 ਐਕਵਿਟ ਕੇਸ ਹਨ। ਰਿਕਵਰੀ ਦਰ ਵੱਧ ਕੇ 65.44 ਫ਼ੀਸਦ ਹੋ ਗਈ ਹੈ ਤੇ ਮੌਤ ਦਰ ਵੀ ਘਟੀ ਹੈ। ਮੌਤ ਦਰ ਇਸ ਵੇਲੇ 2.13 ਫ਼ੀਸਦ ਹੈ। ਲਗਾਤਾਰ ਚੌਥੇ ਦਿਨ ਭਾਰਤ ਵਿਚ ਕੋਵਿਡ-19 ਦੇ 50 ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਆਈਸੀਐਮਆਰ ਮੁਤਾਬਕ ਹੁਣ ਤੱਕ 1,98,21,831 ਕੋਵਿਡ ਟੈਸਟ ਹੋ ਚੁੱਕੇ ਹਨ। ਸ਼ਨਿਚਰਵਾਰ ਨੂੰ 4,63,172 ਨਮੂਨੇ ਕੋਵਿਡ ਟੈਸਟ ਲਈ ਪਰਖ਼ੇ ਗਏ ਹਨ। ਚੌਵੀ ਘੰਟਿਆਂ ਵਿਚ ਮਹਾਰਾਸ਼ਟਰ ਵਿਚ ਸਭ ਤੋਂ ਵੱਧ 322 ਮੌਤਾਂ ਹੋਈਆਂ ਹਨ। ਤਾਮਿਲਨਾਡੂ ਵਿਚ 99, ਕਰਨਾਟਕ ਵਿਚ 98, ਆਂਧਰਾ ਪ੍ਰਦੇਸ਼ ਵਿਚ 58, ਪੱਛਮੀ ਬੰਗਾਲ ਵਿਚ 48, ਯੂਪੀ ਵਿਚ 47, ਦਿੱਲੀ ਵਿਚ 26, ਗੁਜਰਾਤ ਵਿਚ 23 ਮੌਤਾਂ ਹੋਈਆਂ ਹਨ। ਇਸ ਤੋਂ ਇਲਾਵਾ ਰਾਜਸਥਾਨ ਵਿਚ 16, ਬਿਹਾਰ ਵਿਚ 13 ਤੇ ਜੰਮੂ ਕਸ਼ਮੀਰ ਵਿਚ 10 ਮੌਤਾਂ ਹੋਈਆਂ ਹਨ। ਕੇਰਲ ਵਿਚ ਵੀ 8 ਮੌਤਾਂ ਦੀ ਸੂਚਨਾ ਹੈ। ਕੇਸਾਂ ਅਤੇ ਮੌਤਾਂ ਦੇ ਮਾਮਲੇ ਵਿਚ ਮਹਾਰਾਸ਼ਟਰ, ਤਾਮਿਲਨਾਡੂ, ਦਿੱਲੀ, ਗੁਜਰਾਤ, ਕਰਨਾਟਕ, ਉੱਤਰ ਪ੍ਰਦੇਸ਼, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਮੱਧ ਪ੍ਰਦੇਸ਼ ਕਾਫ਼ੀ ਪ੍ਰਭਾਵਿਤ ਹੋਏ ਹਨ।
-ਪੀਟੀਆਈ