ਕੋਲਕਾਤਾ, 28 ਨਵੰਬਰ
ਆਈਟੀਟੀ ਖੜ੍ਹਗਪੁਰ ਦੇ ਡਾਇਰੈਕਟਰ ਪ੍ਰੋਫੈਸਰ ਵੀ.ਕੇ. ਤਿਵਾੜੀ ਨੇ ਅੱਜ ਨਾ ਸਿਰਫ਼ ਸਕੂਲਾਂ ਵਿੱਚ ਹੀ ਬਲਕਿ ਤਕਨੀਕੀ ਸੰਸਥਾਵਾਂ ਵਿੱਚ ਵੀ ਖੇਤਰੀ ਭਾਸ਼ਾ ਸਿੱਖਿਆ ਲਈ ਇੱਕ ਨੀਤੀਗਤ ਢਾਂਚਾ ਵਿਕਸਿਤ ਕਰਨ ਦਾ ਸੱਦਾ ਦਿੱਤਾ ਤਾਂ ਕਿ ਭਾਸ਼ਾ ਸਿੱਖਿਆ ਵਿੱਚ ਅੜਿੱਕਾ ਨਾ ਬਣੇ। ਡਾਇਰੈਕਟਰ ਤਿਵਾੜੀ ਨੇ ਆਪਣੇ ਅਧਿਕਾਰਤ ਫੇਸਬੁੱਕ ਪੇਜ ’ਤੇ ਪੋਸਟ ’ਚ ਇਸ ਸਬੰਧੀ ਫ਼ੈਸਲੇ ਲਈ ਸਿੱਖਿਆ ਮੰਤਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਤਕਨੀਕੀ ਸਿੱਖਿਆ ’ਚ ਖੇਤਰੀ ਭਾਸ਼ਾ ਨੂੰ ਅਪਣਾਉਣਾ ‘ਲੰਮੇ ਸਮੇਂ ਦਾ ਇੱਕ ਲੋੜੀਂਦਾ ਉਦੇਸ਼’ ਹੈ। ਉਨ੍ਹਾਂ ਕਿਹਾ ਇਹ ਦੇਖਿਆ ਗਿਆ ਹੈ ਕਿ ਮਨੁੱਖੀ ਮਨ ਉਸੇ ਭਾਸ਼ਾ ’ਚ ਸੰਚਾਰ ਕਰਦਿਆਂ ਵਧੇਰੇ ਸਿੱਖਦਾ ਹੈ, ਜਿਸ ਵਿੱਚ ਉਸ ਨੂੰ ਬਚਪਨ ਤੋਂ ਹੀ ਸੋਚਣ ਦੀ ਆਦਤ ਹੁੰਦੀ ਹੈ। ਤਿਵਾੜੀ ਮੁਤਾਬਕ ਅਧਿਆਪਕਾਂ ਨੂੰ ਕਲਾਸਾਂ ’ਚ ਪ੍ਰਬੀਨਤਾ ਲਈ ਅੰਗਰੇਜ਼ੀ, ਪਾਠ ਪੁਸਤਕਾਂ ਅਤੇ ਸਬੰਧਤ ਸਮੱਗਰੀ ਦੇ ਨਾਲ-ਨਾਲ ਸਥਾਨਕ ਭਾਸ਼ਾਵਾਂ ’ਚ ਮੁਹਾਰਤ ਦੀ ਵੀ ਲੋੜ ਹੁੰਦੀ ਹੈ। -ਪੀਟੀਆਈ