ਨਵੀਂ ਦਿੱਲੀ, 23 ਸਤੰਬਰ
‘ਇਕ ਦੇਸ਼, ਇਕ ਚੋਣ’ ਲਈ ਬਣਾਈ ਕਮੇਟੀ ਦੀ ਪਹਿਲੀ ਅਧਿਕਾਰਤ ਮੀਟਿੰਗ ਅੱਜ ਇਥੇ ਜੋਧਪੁਰ ਹਾਊਸ ’ਚ ਕੀਤੀ ਗਈ। ਕਮੇਟੀ ਦੀ ਪ੍ਰਧਾਨਗੀ ਸਾਬਕਾ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕੀਤੀ। ਇਸ ਦੌਰਾਨ ਮੈਂਬਰਾਂ ਨੇ ਵਿਚਾਰ-ਵਟਾਂਦਰਾ ਕਰਨ, ਸਬੰਧਤ ਧਿਰਾਂ ਤੇ ਸਿਆਸੀ ਪਾਰਟੀਆਂ ਤੋਂ ਸੁਝਾਅ ਲੈਣ ਦਾ ਫੈਸਲਾ ਕੀਤਾ। ਪਹਿਲੀ ਮੀਟਿੰਗ ਇੱਥੋਂ ਦੇ ਜੋਧਪੁਰ ਹੋਸਟਲ ਵਿੱਚ ਹੋਈ, ਜਿਸ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਕੇਂਦਰੀ ਮੰਤਰੀ ਅਰਜੁਨ ਰਾਮ ਮੇਘਵਾਲ, ਕਮੇਟੀ ਮੈਂਬਰ ਅਤੇ ਰਾਜ ਸਭਾ ਵਿੱਚ ਵਿਰੋਧੀ ਧਿਰ ਦੇ ਸਾਬਕਾ ਆਗੂ ਗੁਲਾਮ ਨਬੀ ਆਜ਼ਾਦ ਸਮੇਤ ਹੋਰਨਾਂ ਨੇ ਸ਼ਿਰਕਤ ਕੀਤੀ। ਸੂਤਰ ਨੇ ਦੱਸਿਆ ਕਿ ਕਮੇਟੀ ਮੈਂਬਰਾਂ ਨੇ ਇਹ ਵੀ ਫੈਸਲਾ ਕੀਤਾ ਕਿ ਜੇ ਕੋਈ ਸਿਆਸੀ ਧਿਰ ਕਮੇਟੀ ਨਾਲ ਮੁਲਾਕਾਤ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਆਪਣੇ ਸੁਝਾਅ ਦੇਣ ਦੀ ਇਜਾਜ਼ਤ ਦਿੱਤੀ ਜਾਵੇਗੀ। ਕਮੇਟੀ ਮੈਂਬਰਾਂ ਨੇ ਭਾਰਤ ਦੇ ਚੋਣ ਕਮਿਸ਼ਨ ਅਤੇ ਹੋਰ ਸੰਸਥਾਵਾਂ ਵਰਗੇ ਭਾਈਵਾਲਾਂ ਦੇ ਸੁਝਾਅ ਅਤੇ ਵਿਚਾਰ ਪ੍ਰਾਪਤ ਕਰਨ ਲਈ ਵੀ ਚਰਚਾ ਕੀਤੀ। ਸੂਤਰ ਨੇ ਇਹ ਵੀ ਕਿਹਾ ਕਿ ਮੀਟਿੰਗ ਦੌਰਾਨ ਮੈਂਬਰਾਂ ਨੇ ਮੁੱਖ ਤੌਰ ‘ਤੇ ਇਸ ਗੱਲ ‘ਤੇ ਵੀ ਚਰਚਾ ਕੀਤੀ ਕਿ ਕਮੇਟੀ ਕਿਵੇਂ ਕੰਮ ਕਰੇਗੀ ਅਤੇ ‘ਇਕ ਰਾਸ਼ਟਰ, ਇਕ ਚੋਣ’ ਦੇ ਵਿਚਾਰ ‘ਤੇ ਸਹਿਮਤੀ ਬਣਾਉਣ ਲਈ ਇਸ ਨੂੰ ਕਿਹੜੇ ਮੁੱਦਿਆਂ ‘ਤੇ ਸਾਰਿਆਂ ਨਾਲ ਵਿਚਾਰ-ਵਟਾਂਦਰਾ ਕਰਨ ਦੀ ਲੋੜ ਹੈ।