ਜੰਮੂ, 5 ਸਤੰਬਰ
ਸੁਰੱਖਿਆ ਬਲਾਂ ਨੇ ਅੱਜ ਜੰਮੂੁ-ਕਸ਼ਮੀਰ ਦੇ ਕਿਸ਼ਤਵਾੜ ਜ਼ਿਲ੍ਹੇ ਦੇ ਉਪਰਲੇ ਇਲਾਕੇ ’ਚ ਪਾਬੰਦੀਸ਼ੁਦਾ ਹਿਜ਼ਬੁਲ ਮੁਜਾਹਿਦੀਨ ਨਾਲ ਲੰਮੇ ਸਮੇਂ ਤੋਂ ਸਬੰਧਤ ਦਹਿਸ਼ਤਗਰਦ ਜਹਾਂਗੀਰ ਸਰੂਰੀ ਵੱਲੋਂ ਵਰਤੇ ਜਾ ਰਹੇ ਇੱਕ ਟਿਕਾਣੇ ਦਾ ਪਰਦਾਫਾਸ਼ ਕੀਤਾ ਹੈ। ਇੱਕ ਪੁਲੀਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਕਿਸ਼ਤਵਾੜ ਦੇ ਐੱਸਐੱਸਪੀ ਖਲੀਲ ਪੋਸਵਾਲ ਨੇ ਦੱਸਿਆ ਕਿ ਪੁਲੀਸ ਨੇ ਰਾਸ਼ਟਰੀ ਰਾਈਫਲਜ਼ ਅਤੇ ਸੀਆਰਪੀਐੱਫ ਦੇ ਜਵਾਨਾਂ ਨਾਲ ਮਿਲ ਕੇ ਭਾਦਤ ਸਰੂਰ ਦੇ ਪਰੀਬਾਗ ਇਲਾਕੇ ’ਚ ਯੋਜਨਾਬੱਧ ਅਪਰੇਸ਼ਨ ਤਹਿਤ ਇਸ ਅਤਵਿਾਦੀ ਟਿਕਾਣੇ ਨੂੰ ਤਬਾਹ ਕਰ ਦਿੱਤਾ। ਜਹਾਂਗੀਰ ਸਰੂਰੀ 1990 ਦੇ ਦਹਾਕੇ ’ਚ ਦਹਿਸ਼ਤਗਰਦੀ ’ਚ ਸ਼ਾਮਲ ਹੋਇਆ ਸੀ ਅਤੇ ਮੰਨਿਆ ਜਾਂਦਾ ਹੈ ਕਿ ਉਹ ਕਿਸ਼ਤਵਾੜ ਦੇ ਉਚਾਈ ਵਾਲੇ ਇਲਾਕੇ ’ਚ ਲੁਕਿਆ ਹੈ। ਸਰੂਰੀ ਦੇ ਭਰਾ ਅਬਦੁੱਲ ਕਰੀਮ ਬੱਟ ਨੂੰ ਤਿੰਨ ਅਗਸਤ ਨੂੰ ਦਹਿਸ਼ਤਰਗਦਾਂ ਦਾ ਸਹਿਯੋਗੀ ਹੋਣ ਕਾਰਨ ਹਿਰਾਸਤ ਵਿੱਚ ਲਿਆ ਗਿਆ ਸੀ।
ਉਨ੍ਹਾਂ ਦੱਸਿਆ ਕਿ ਸਰੂਰੀ ’ਤੇ ਇਸ ਟਿਕਾਣੇ ਦੀ ਵਰਤੋਂ ਕਰਨ ਅਤੇ ਮਾਰੂ ਕਾਰਵਾਈਆਂ ਦੀ ਸਾਜ਼ਿਸ਼ ਰਚਣ ਦਾ ਸ਼ੱਕ ਹੈ। ਅਧਿਕਾਰੀ ਮੁਤਾਬਕ ਤਲਾਸ਼ੀ ਮੁਹਿੰਮ ਦੌਰਾਨ ਪੁਲੀਸ ਨੇ ਟਿਕਾਣੇ ਤੋਂ ਦੋ ਕੰਬਲ, ਖਾਣ ਪੀਣ ਦਾ ਕੁਝ ਸਮਾਨ ਅਤੇ ਨਿੱਜੀ ਵਰਤੋਂ ਦੀਆਂ ਕੁਝ ਚੀਜ਼ਾਂ ਬਰਾਮਦ ਕੀਤੀਆਂ ਹਨ, ਜਿਸ ਤੋਂ ਇੱਥੇ ਦਹਿਸ਼ਤਗਰਦਾਂ ਦੀ ਮੌਜੂਦਗੀ ਦਾ ਸੰਕੇਤ ਮਿਲਦਾ ਹੈ। ਐੱਸਐੱਸਪੀ ਨੇ ਦੱਸਿਆ ਕਿ ਪੂਰੇ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ ਅਤੇ ਤਲਾਸ਼ੀ ਲਈ ਜਾ ਰਹੀ ਹੈ। ਉਨ੍ਹਾਂ ਨੇ ਲੋਕਾਂ ਨੂੰ ਚੌਕਸ ਰਹਿਣ ਅਤੇ ਕਿਸੇ ਵੀ ਸ਼ੱਕੀ ਸਰਗਰਮੀ ਦੀ ਸੂੁਚਨਾ ਪੁਲੀਸ ਨੂੰ ਦੇਣ ਦੀ ਅਪੀਲ ਵੀ ਕੀਤੀ ਹੈ। -ਪੀਟੀਆਈ