ਪੰਜਾਬ ਵਿਧਾਨ ਸਭਾ ਵਿਚ Canada work permits ਦਾ ਮੁੱਦਾ ਭਖਿਆ
ਵਿਧਾਨ ਸਭਾ ’ਚ ਕੇਂਦਰ ਸਰਕਾਰ ਨੂੰ ਕੂਟਨੀਤਕ ਪੱਧਰ ’ਤੇ ਦਖ਼ਲ ਦੇਣ ਦੀ ਮੰਗ
Canada Work Permit: ਪੰਜਾਬ ਵਿਧਾਨ ਸਭਾ ’ਚ ਕੈਨੇਡਾ ਦੇ ਵਰਕ ਪਰਮਿਟ ਸੰਕਟ ਦਾ ਸੇਕ ਪੁੱਜ ਗਿਆ ਹੈ। ਕੈਲਗਰੀ ’ਚ ਵਰਕ ਪਰਮਿਟ ਤੋਂ ਨਾਂਹ ਹੋਣ ਕਾਰਨ ਪ੍ਰਦਰਸ਼ਨ ਕਰ ਰਹੇ ਪੰਜਾਬੀ ਨੌਜਵਾਨਾਂ ਦੇ ਹੰਝੂ ਪੂੰਝਣ ਦੀ ਗੱਲ ਅੱਜ ਸਦਨ ’ਚ ਹੋਈ। ਐੱਨ ਆਰ ਆਈ ਮਾਮਲਿਆਂ ਬਾਰੇ ਮੰਤਰੀ ਡਾ. ਰਵਜੋਤ ਸਿੰਘ ਨੇ ਕੈਨੇਡਾ ਦੇ ਵਰਕ ਪਰਮਿਟ ਦੇ ਮਾਮਲੇ ਨਾਲ ਨਜਿੱਠਣ ਲਈ ਹਰ ਮੰਚ ਤੋਂ ਲੜਨ ਦੀ ਗੱਲ ਆਖੀ। ਇਸ ਮੁੱਦੇ ’ਤੇ ਸੰਖੇਪ ਚਰਚਾ ਹੋਣ ਮਗਰੋਂ ਸਦਨ ਦੀ ਕਾਰਵਾਈ ਸੋਮਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ।
ਡਾ. ਰਵਜੋਤ ਸਿੰਘ ਨੇ ਕੇਂਦਰ ਸਰਕਾਰ ਨੂੰ ਪੰਜਾਬੀ ਵਿਦਿਆਰਥੀਆਂ ਦੇ ਵਰਕ ਪਰਮਿਟ ਦਾ ਮੁੱਦਾ ਕੂਟਨੀਤਕ ਪੱਧਰ ’ਤੇ ਕੈਨੇਡਾ ਸਰਕਾਰ ਕੋਲ ਜ਼ੋਰਦਾਰ ਤਰੀਕੇ ਨਾਲ ਉਠਾਏ ਜਾਣ ਦੀ ਅਪੀਲ ਕੀਤੀ। ਉਨ੍ਹਾਂ ਵਿਦੇਸ਼ ਮੰਤਰੀ ਡਾ. ਐੱਸ ਜੈਸ਼ੰਕਰ ਨੂੰ ਪੱਤਰ ਲਿਖ ਕੇ ਸਮਾਂ ਵੀ ਮੰਗਿਆ ਹੈ। ਉਨ੍ਹਾਂ ਕੈਨੇਡਾ ’ਚ ਪੰਜਾਬੀ ਮੂਲ ਦੇ ਸੰਸਦ ਮੈਂਬਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਸਿਆਸਤ ਤੋਂ ਉਪਰ ਉਠ ਕੇ ਇਸ ਮਾਨਵੀ ਮਸਲੇ ਨੂੰ ਕੈਨੇਡੀਅਨ ਸਰਕਾਰ ਅੱਗੇ ਜ਼ੋਰਦਾਰ ਢੰਗ ਨਾਲ ਚੁੱਕਣ।
ਕਾਂਗਰਸੀ ਵਿਧਾਇਕ ਅਵਤਾਰ ਸਿੰਘ ਜੂਨੀਅਰ ਨੇ ਪੰਜਾਬੀ ਨੌਜਵਾਨਾਂ ਦੀ ਕਾਨੂੰਨੀ ਲੜਾਈ ਲੜਨ ’ਚ ਵਿੱਤੀ ਮਦਦ ਕਰਨ ਬਾਰੇ ਸਵਾਲ ਪੁੱਛਿਆ। ਡਾ. ਰਵਜੋਤ ਨੇ ਦੱਸਿਆ ਕਿ ਕਾਫ਼ੀ ਪ੍ਰਭਾਵਿਤ ਵਿਦਿਆਰਥੀਆਂ ਨੇ ਸਿੱਧੇ ਤੌਰ ’ਤੇ ਉਨ੍ਹਾਂ ਨਾਲ ਰਾਬਤਾ ਕਰ ਕੇ ਮਦਦ ਦੀ ਅਪੀਲ ਕੀਤੀ ਹੈ ਅਤੇ ਲੋੜ ਪੈਣ ’ਤੇ ਸਰਕਾਰ ਯੋਗ ਵਕੀਲਾਂ ਦੀਆਂ ਸੇਵਾਵਾਂ ਉਪਲੱਬਧ ਕਰਵਾਉਣ ਦੀ ਸੰਭਾਵਨਾ ’ਤੇ ਵਿਚਾਰ ਕਰੇਗੀ। ਡਾ. ਰਵਜੋਤ ਨੇ ਸਦਨ ’ਚ ਦੱਸਿਆ ਕਿ ਮਈ 2024 ’ਚ ਦਾਖ਼ਲਾ ਲੈਣ ਵਾਲੇ ਵਿਦਿਆਰਥੀਆਂ ਨੂੰ ਵਰਕ ਪਰਮਿਟ ਲਈ ਅਯੋਗ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਜਲੰਧਰ ਦੀ ਇਮੀਗ੍ਰੇਸ਼ਨ ਫਰਮ ਦਾ ਸਦਨ ’ਚ ਨਾ ਕੋਈ ਜ਼ਿਕਰ ਕੀਤਾ ਅਤੇ ਨਾ ਹੀ ਉਸ ਖ਼ਿਲਾਫ਼ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਵੱਡੀ ਗਿਣਤੀ ’ਚ ਵਰਕ ਪਰਮਿਟ ਰੱਦ ਹੋਣ ਕਾਰਨ ਵਿਦਿਆਰਥੀ ਗੰਭੀਰ ਮਾਨਸਿਕ, ਆਰਥਿਕ ਅਤੇ ਕਾਨੂੰਨੀ ਸੰਕਟ ਦਾ ਸਾਹਮਣਾ ਕਰ ਰਹੇ ਹਨ। ਿਧਾਨ ਸਭਾ ’ਚ ਅੱਜ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਪੰਜਾਬ ਰੈਗੂਲੇਸ਼ਨ ਆਫ ਫੀਸ ਆਫ ਅਨ-ਏਡਿਡ ਐਜੂਕੇਸ਼ਨਲ ਇੰਸਟੀਚਿਊਸ਼ਨਜ਼ (ਸੋਧ) ਬਿੱਲ ਪੇਸ਼ ਕੀਤਾ। ਇਸ ਬਿੱਲ ਜ਼ਰੀਏ ਪ੍ਰਾਈਵੇਟ ਵਿਦਿਅਕ ਸੰਸਥਾਵਾਂ ਨੂੰ ਸਾਲਾਨਾ ਫੀਸ ’ਚ ਪੰਜ ਫ਼ੀਸਦੀ ਤੱਕ ਦੇ ਵਾਧੇ ਦੇ ਦਾਇਰੇ ’ਚ ਸੀਮਤ ਕੀਤਾ ਜਾਣਾ ਹੈ।
ਬਿਸ਼ਨੋਈ ਗਰੋਹ ਨੇ ਵਿਦਿਆਰਥੀ ਵੀਜ਼ਿਆਂ ਦੇ ਸਿਰ ’ਤੇ ਅਪਰਾਧਕ ਨੈੱਟਵਰਕ ਬਣਾਇਆ
ਚੰਡੀਗੜ੍ਹ (ਮੋਹਿਤ ਖੰਨਾ): ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ (ਸੀ ਬੀ ਐੱਸ ਏ) ਦੀ ਖੁਫੀਆ ਰਿਪੋਰਟ ਮੁਤਾਬਕ ਲਾਰੈਂਸ ਬਿਸ਼ਨੋਈ ਗਰੋਹ ਨੇ ਕੈਨੇਡਾ ਦੇ ਕੌਮਾਂਤਰੀ ਵਿਦਿਆਰਥੀ ਵੀਜ਼ਾ ਅਤੇ ਵਰਕ ਪਰਮਿਟ ਪ੍ਰੋਗਰਾਮਾਂ ਦਾ ਯੋਜਨਾਬੱਧ ਢੰਗ ਨਾਲ ਲਾਹਾ ਲੈਂਦਿਆਂ ਜਬਰੀ ਵਸੂਲੀ ਅਤੇ ਹਿੰਸਕ ਅਪਰਾਧਾਂ ਦੇ ਆਪਣੇ ਕੌਮਾਂਤਰੀ ਨੈੱਟਵਰਕ ਦਾ ਘੇਰਾ ਵਧਾਉਣ ਲਈ ਨੌਜਵਾਨਾਂ ਦੀ ਭਰਤੀ ਕੀਤੀ। ‘ਦਿ ਬਿਸ਼ਨੋਈ ਗੈਂਗ: ਐਨ ਇਮਰਜਿੰਗ ਥਰੈੱਟ ਇਨ ਕੈਨੇਡਾ’ ਸਿਰਲੇਖ ਵਾਲੀ ਇਹ ਰਿਪੋਰਟ ਦਸੰਬਰ 2025 ਵਿੱਚ ਇਮੀਗ੍ਰੇਸ਼ਨ ਅਧਿਕਾਰੀਆਂ ਵਿੱਚ ਸਰਕੁਲੇਟ ਕੀਤੀ ਗਈ ਸੀ ਤਾਂ ਕਿ ਉਨ੍ਹਾਂ ਨੂੰ ਗਰੋਹ ਦੀਆਂ ਵਧਦੀਆਂ ਸਰਗਰਮੀਆਂ ਦੇ ਟਾਕਰੇ ਵਿੱਚ ਮਦਦ ਮਿਲੇ। ਰਿਪੋਰਟ ਮੁਤਾਬਕ ਇਸ ਗਰੋਹ ਨੇ ਆਪਣੇ ਲੋਕਾਂ ਦੀ ਭਰਤੀ ਅਤੇ ੳੋੁੱਤਰੀ ਅਮਰੀਕਾ ਵਿੱਚ ਆਪਣੀ ਮੌਜੂਦਗੀ ਵਧਾਉਣ ਲਈ ਕੈਨੇਡਾ ਦੇ ਇਮੀਗ੍ਰੇਸ਼ਨ ਰਾਹ ਦਾ ਇਸਤੇਮਾਲ ਕੀਤਾ। ਕੈਨੇਡਾ ਵਿੱਚ ਨਾਮੀਂ ਵਿਅਕਤੀਆਂ ਦੀ ਹੱਤਿਆ, ਜਬਰੀ ਵਸੂਲੀ ਤੇ ਗੋਲੀਬਾਰੀ ਬਿਸ਼ਨੋਈ ਗਰੋਹ ਦੇ ਮੁੱਖ ਕੰਮ ਬਣ ਗਏ। ਹਾਲ ਹੀ ਵਿੱਚ ਜਨਤਕ ਕੀਤੀ ਰਿਪੋਰਟ ਦੀ ਕਾਪੀ ਮੁਤਾਬਕ ਖਾਲਿਸਤਾਨ ਪੱਖੀ ਹਰਦੀਪ ਸਿੰਘ ਨਿੱਜਰ ਦੀ ਹੱਤਿਆ ਉਪਰੰਤ ਬਿਸ਼ਨੋਈ ਗਰੋਹ ਨੇ ਉਸੇ ਸਾਲ ਜੂਨ ਵਿੱਚ ਕੈਨੇਡਾ ਦੇ ਵਿਨੀਪੈੱਗ ਵਿੱਚ ਸੁਖਦੁਲ ਸਿੰਘ ਗਿੱਲ ਉਰਫ਼ ਸੁੱਖਾ ਦੁਨੇਕੇ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਰਿਪੋਰਟ ਵਿੱਚ ਅਭਿਜੀਤ ਕਿੰਗਰਾ ਦੇ ਕੇਸ ਦਾ ਵੀ ਜ਼ਿਕਰ ਹੈ, ਜੋ 2018 ਵਿੱਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਇਆ ਸੀ ਤੇ ਮਗਰੋਂ ਲਾਰੈਂਸ ਬਿਸ਼ਨੋਈ ਗਰੋਹ ਦਾ ਸ਼ੂਟਰ ਬਣ ਗਿਆ। ਰਿਪੋਰਟ ਵਿੱਚ ਸਤਿੰਦਰਜੀਤ ਸਿੰਘ ਉਰਫ਼ ਗੋਲਡੀ ਬਰਾੜ ਦੇ ਵੀ ਵੇਰਵੇ ਹਨ, ਜੋ 2017 ਵਿੱਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਇਆ ਸੀ। ਬਰਾੜ ਨੇ ਖਾਸ ਕਰ ਕੇ ਐਡਮੰਟਨ ਤੇ ਬਰੈਂਪਟਨ ਤੋਂ ਨੌਜਵਾਨ ਭਾਰਤੀ ਵਿਦਿਆਰਥੀਆਂ ਦੀ ਗਰੋਹ ’ਚ ਭਰਤੀ ਕੀਤੀ। ਸਾਲ 2016 ਤੋਂ 2024 ਅਪਰਾਧਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਤੇ ਇਨ੍ਹਾਂ ਵਿੱਚ ਵੱਡੀ ਗਿਣਤੀ ਭਾਰਤੀ ਵਿਦਿਆਰਥੀ ਸ਼ਾਮਲ ਸਨ।
ਅਫਸਰਾਂ ਦੀਆਂ ਵੀਜ਼ਾ ਅਰਜ਼ੀਆਂ ’ਚ ਦੇਰੀ ਤੋਂ ਜਾਣੂ: ਭਾਰਤ ਸਰਕਾਰ
ਨਵੀਂ ਦਿੱਲੀ: ਕੇਂਦਰ ਸਰਕਾਰ ਨੇ ਸੰਸਦ ’ਚ ਸਪੱਸ਼ਟ ਕੀਤਾ ਹੈ ਕਿ ਉਸ ਨੂੰ ਕੈਨੇਡਾ ਸਰਕਾਰ ਵੱਲੋਂ ਵੀਜ਼ਾ ਅਰਜ਼ੀਆਂ ਦੀ ਪ੍ਰਕਿਰਿਆ ਵਿੱਚ ਹੋ ਰਹੀ ਦੇਰੀ ਦੀ ਜਾਣਕਾਰੀ ਹੈ। ਵਿਦੇਸ਼ ਰਾਜ ਮੰਤਰੀ ਕੀਰਤੀ ਵਰਧਨ ਸਿੰਘ ਨੇ ਲੋਕ ਸਭਾ ’ਚ ਲਿਖਤੀ ਜਵਾਬ ਦਿੰਦਿਆਂ ਦੱਸਿਆ ਕਿ ਕੇਂਦਰ ਦੇ ਸੇਵਾਮੁਕਤ ਸਰਕਾਰੀ ਮੁਲਾਜ਼ਮਾਂ ਅਤੇ ਵਿਦੇਸ਼ ਮੰਤਰਾਲੇ ਦੇ ਉਨ੍ਹਾਂ ਸੇਵਾਮੁਕਤ ਅਧਿਕਾਰੀਆਂ ਦੀਆਂ ਵੀਜ਼ਾ ਅਰਜ਼ੀਆਂ ਨੂੰ ਰੋਕਣ ਜਾਂ ਦੇਰੀ ਕਰਨ ਦੇ ਖਾਸ ਮਾਮਲੇ ਸਾਹਮਣੇ ਆਏ ਹਨ, ਜੋ ਪਹਿਲਾਂ ਕੈਨੇਡਾ ’ਚ ਤਾਇਨਾਤ ਰਹੇ ਸਨ। ਸਰਕਾਰ ਨੇ ਕਿਹਾ ਕਿ ਭਾਰਤ ਅਤੇ ਕੈਨੇਡਾ ਇਸ ਮੁੱਦੇ ’ਤੇ ਆਪਸ ਵਿੱਚ ਗੱਲਬਾਤ ਕਰ ਰਹੇ ਹਨ। ਇੱਕ ਹੋਰ ਸਵਾਲ ਦੇ ਜਵਾਬ ’ਚ ਮੰਤਰੀ ਨੇ ਦੱਸਿਆ ਕਿ 37 ਖੇਤਰੀ ਪਾਸਪੋਰਟ ਦਫ਼ਤਰਾਂ ਅਧੀਨ 93 ਪਾਸਪੋਰਟ ਸੇਵਾ ਕੇਂਦਰ ਕੰਮ ਕਰ ਰਹੇ ਹਨ। -ਪੀਟੀਆਈ

