ਨਵੀਂ ਦਿੱਲੀ, 3 ਦਸੰਬਰ
ਭਾਰਤੀ ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਗਲਵਾਨ ਘਾਟੀ ਵਿਵਾਦ ਨੂੰ ਲੈ ਕੇ ਭਾਰਤ ਤੇ ਚੀਨ ਵਿਚਾਲੇ ਮੁੱਖ ਮੁੱਦੇ ’ਤੇ ਕਾਇਮ ਅੜਿੱਕੇ ਅਤੇ ਦੋਵਾਂ ਧਿਰਾਂ ਨੂੰ ਵੱਖ ਵੱਖ ਦੁਵੱਲੇ ਸਮਝੌਤਿਆਂ ਤੇ ਪਰੋੋਟੋਕੋਲ ਦੀ ਪਾਲਣਾ ਕਰਨ ਦੀ ਲੋੜ ਹੈ। ਭਾਰਤ ਨੇ ਨਾਲ ਹੀ ਦਾਅਵਾ ਕੀਤਾ ਕਿ ਅਮਰੀਕੀ ਕਮਿਸ਼ਨ ਦੀ ਰਿਪੋਰਟ ਅਨੁਸਾਰ ਗਲਵਾਨ ਘਾਟੀ ’ਚ ਜੋ ਵੀ ਵਾਪਰਿਆ ਉਹ ਸਭ ਚੀਨ ਦੀ ਯੋਜਨਾ ਸੀ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਅਮਰੀਕਾ-ਚੀਨ ਵਿੱਤ ਤੇ ਸੁਰੱਖਿਆ ਨਜ਼ਰਸਾਨੀ ਕਮਿਸ਼ਨ ਨੇ ਅਮਰੀਕੀ ਕਾਂਗਰਸ ਨੂੰ ਸੌਂਪੀ ਆਪਣੀ ਰਿਪੋਰਟ ’ਚ ਕਿਹਾ ਹੈ ਕਿ ਚੀਨ ਸਰਕਾਰ ਨੇ ਜੂਨ ਮਹੀਨੇ ਗਲਵਾਨ ਘਾਟੀ ਦੀ ਘਟਨਾ ਦੀ ਯੋਜਨਾ ਬਣਾਈ ਸੀ ਜਿਸ ਕਾਰਨ ਉੱਥੇ ਵੱਡਾ ਜਾਨੀ ਨੁਕਸਾਨ ਹੋਇਆ ਸੀ। ਗਲਵਾਨ ਘਾਟੀ ਵਿਵਾਦ ਨੂੰ ਲੈ ਕੇ ਭਾਰਤ ਵੱਲੋਂ ਲੰਮੇ ਸਮੇਂ ਦੀ ਤਿਆਰੀ ਕੀਤੀ ਹੋਣ ਦਾ ਜ਼ਿਕਰ ਕਰਦਿਆਂ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਇੱਥੇ ਫੌਜ ਇਕੱਠੀ ਨਹੀਂ ਕੀਤੀ ਜਾਣੀ ਚਾਹੀਦੀ। ਦੋਵਾਂ ਧਿਰਾਂ ਨੂੰ ਐੱਲਏਸੀ ਦੀ ਇੱਜ਼ਤ ਕਰਨੀ ਚਾਹੀਦੀ ਹੈ ਅਤੇ ਕਿਸੇ ਨੂੰ ਵੀ ਇੱਕਪਾਸੜ ਕਾਰਵਾਈ ਕਰਕੇ ਇਸ ਦੀ ਉਲੰਘਣਾ ਨਹੀਂ ਕਰਨੀ ਚਾਹੀਦੀ। ਉਨ੍ਹਾਂ ਭਾਰਤ ਐੱਲਏਸੀ ’ਤੇ ਕਿਸੇ ਵੀ ਤਰ੍ਹਾਂ ਦੀ ਉਲੰਘਣਾ ਨਹੀਂ ਕਰੇਗਾ ਅਤੇ ਉਹ ਪੂਰਨ ਸ਼ਾਂਤੀ ਤੇ ਸਥਿਰਤਾ ਲਈ ਵਚਨਬੱਧ ਹੈ।
-ਪੀਟੀਆਈ
ਬ੍ਰਹਮਪੁੱਤਰ ਨੇੜੇ ਹਰ ਗਤੀਵਿਧੀ ਉੱਤੇ ਭਾਰਤ ਦੀ ਨਜ਼ਰ
ਨਵੀਂ ਦਿੱਲੀ: ਚੀਨ ਵੱਲੋਂ ਬ੍ਰਹਮਪੁੱਤਰ ’ਤੇ ਵੱਡਾ ਬੰਨ੍ਹ ਬਣਾਉਣ ਦੀ ਯੋਜਨਾ ਸਬੰਧੀ ਸਾਹਮਣੇ ਆਈਆਂ ਖ਼ਬਰਾਂ ਤੋਂ ਬਾਅਦ ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਵੱਲੋਂ ਇਸ ਨਦੀ ਨਾਲ ਸਬੰਧਤ ਸਾਰੀਆਂ ਗਤੀਵਿਧੀਆਂ ’ਤੇ ਨਜ਼ਰ ਰੱਖੀ ਜਾ ਰਹੀ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ਕਿ ਚੀਨ ਨੇ ਭਾਰਤ ਨੂੰ ਕਈ ਮੌਕਿਆਂ ’ਤੇ ਆਖਿਆ ਹੈ ਕਿ ਉਸ ਵੱਲੋਂ ਨਦੀ ਦੇ ਹਾਈਡਰੋ ਪਾਵਰ ਪ੍ਰਾਜੈਕਟਾਂ ਦੀ ਜ਼ਿੰਮੇਵਾਰੀ ਲਈ ਜਾ ਰਹੀ ਹੈ, ਜਿਸ ’ਚ ਬ੍ਰਹਮਪੁੱਤਰ ਨਦੀ ਦੇ ਪਾਣੀਆਂ ਦਾ ਰੁਖ਼ ਮੋੜਨਾ ਸ਼ਾਮਲ ਨਹੀਂ ਹੈ।
-ਪੀਟੀਆਈ
ਭਾਰਤ ਤੇ ਆਸਟਰੇਲੀਆ ਵਿਚਾਲੇ ਦੁਵੱਲੇ ਰਿਸ਼ਤੇ ਮਜ਼ਬੂਤ
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਭਾਰਤ ਤੇ ਆਸਟਰੇਲੀਆ ਬਾਰੇ ਕਿਹਾ, ‘ਦੋਵੇ ਮੁਲਕ ਦੁਵੱਲੇ ਰਿਸ਼ਤਿਆਂ ਨੂੰ ਮਹੱਤਵ ਦਿੰਦੇ ਹਨ ਤੇ ਅਸੀਂ ਖੇਤਰੀ ਤੇ ਆਲਮੀ ਵਿਕਾਸ ਨਾਲ ਜੁੜੇ ਮੁੱਦਿਆਂ ’ਤੇ ਚਰਚਾ ਕਰਦੇ ਰਹਿੰਦੇ ਹਾਂ।’ ਉਨ੍ਹਾਂ ਕਿਹਾ ਕਿ ਭਾਰਤ ਤੇ ਆਸਟਰੇਲੀਆ ਵਿਚਾਲੇ ਮਜ਼ਬੂਤ ਦੁਵੱਲੇ ਰਿਸ਼ਤੇ ਹਨ ਤੇ ਇਸ ਸਾਲ ਆਸਟਰੇਲੀਆ ਨੇ ਮਾਲਾਬਾਰ ਜਲ ਸੈਨਾਂ ਦੀਆਂ ਸਾਂਝੀਆਂ ਮਸ਼ਕਾਂ ’ਚ ਵੀ ਹਿੱਸਾ ਲਿਆ ਸੀ।