ਨਵੀਂ ਦਿੱਲੀ, 6 ਅਗਸਤ
ਚੀਨ ਵੱਲੋਂ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਘੁਸਪੈਠ ਕੀਤੇ ਜਾਣ ਦੀ ਗੱਲ ਭਾਰਤ ਸਰਕਾਰ ਨੇ ਮੰਨ ਲਈ ਹੈ ਤੇ ਇਸ ਦਾ ਖੁਲਾਸਾ ਰੱਖਿਆ ਮੰਤਰਾਲੇ ਦੀ ਵੈਬਸਾਈਟ ’ਤੇ ਪਾਈ ਰਿਪੋਰਟ ਤੋਂ ਹੋਇਆ ਹੈ। ਹਾਲਾਂਕਿ ਇਸ ਮੁੱਦੇ ’ਤੇ ਵਿਵਾਦ ਭਖਣ ਤੋਂ ਬਾਅਦ ਇਹ ਰਿਪੋਰਟ ਵੈੱਬਸਾਈਟ ਤੋਂ ਅੱਜ ਹਟਾ ਦਿੱਤੀ ਗਈ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਰੱਖਿਆ ਮੰਤਰਾਲੇ ਨੇ ਆਪਣੀ ਵੈੱਬਸਾਈਟ ’ਤੇ ਜੂਨ ਮਹੀਨੇ ਸਬੰਧੀ ਅਪਲੋਡ ਕੀਤੀ ਰਿਪੋਰਟ (ਜੋ ਹੁਣ ਹਟਾ ਦਿੱਤੀ ਗਈ ਹੈ) ’ਚ ਕਿਹਾ ਸੀ ਕਿ ਚੀਨੀ ਫੌਜਾਂ ਨੇ 17-18 ਮਈ ਨੂੰ ਲੱਦਾਖ ’ਚ ਭਾਰਤੀ ਮਲਕੀਅਤ ਵਾਲੇ ਇਲਾਕਿਆਂ ’ਚ ਘੁਸਪੈਠ ਕੀਤੀ ਸੀ। ਰੱਖਿਆ ਮੰਤਰਾਲੇ ਨੇ ਕਿਹਾ ਸੀ, ‘ਚੀਨ ਨਾਲ ਸਹਿਮਤੀ ਬਣਾਉਣ ਲਈ ਫੌਜੀ ਤੇ ਕੂਟਨੀਤਕ ਪੱਧਰ ’ਤੇ ਗੱਲਬਾਤ ਜਾਰੀ ਹੈ ਪਰ ਇਸ ਦੇ ਬਾਵਜੂਦ ਮੌਜੂਦਾ ਵਿਵਾਦ ਲੰਮਾ ਸਮਾਂ ਚੱਲਣ ਦੇ ਆਸਾਰ ਹਨ।’ ਮੰਤਰਾਲੇ ਵੱਲੋਂ ਅਜੇ ਤੱਕ ਇਸ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਗਈ ਹੈ।
ਮੀਡੀਆ ਰਿਪੋਰਟਾਂ ਅਨੁਸਾਰ ਸਬੰਧਤ ਰਿਪੋਰਟ ’ਚ ਕਿਹਾ ਗਿਆ ਹੈ ਕਿ ਪੂਰਬੀ ਲੱਦਾਖ ’ਚ ਚੀਨ ਦੇ ਲਗਾਤਾਰ ਘੁਸਪੈਠ ਕੀਤੇ ਜਾਣ ਕਾਰਨ ਹਾਲਾਤ ਗੰਭੀਰ ਹੁੰਦੇ ਜਾ ਰਹੇ ਹਨ ਅਤੇ ਹਾਲਾਤ ਨਾਲ ਨਜਿੱਠਣ ਲਈ ਇਸ ਦੀ ਨੇੜਿਓਂ ਨਿਗਰਾਨੀ ਕਰਨ ਅਤੇ ਢੁੱਕਵੀਂ ਕਾਰਵਾਈ ਕਰਨ ਦੀ ਲੋੜ ਹੈ। ਮੰਤਰਾਲੇ ਅਨੁਸਾਰ ਪੰਜ ਮਈ ਤੋਂ ਬਾਅਦ ਅਸਲ ਕੰਟਰੋਲ ਰੇਖਾ ਨੇੜੇ ਅਤੇ ਗਲਵਾਨ ਘਾਟੀ ’ਚ ਚੀਨ ਦੀ ਘੁਸਪੈਠ ਲਗਾਤਾਰ ਵੱਧ ਰਹੀ ਹੈ ਅਤੇ 17 ਤੇ 18 ਮਈ ਨੂੰ ਚੀਨ ਨੇ ਕੁਗਰੰਗ ਨਾਲਾ, ਗੋਗਰਾ ਤੇ ਪੈਂਗੌਗ ਝੀਲ ਦੇ ਉੱਤਰੀ ਕਿਨਾਰੇ ਵਾਲੇ ਇਲਾਕੇ ’ਚ ਘੁਸਪੈਠ ਕੀਤੀ ਹੈ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਵੱਲੋਂ ਮਸਲਾ ਸੁਲਝਾਉਣ ਲਈ ਜ਼ਮੀਨੀ ਪੱਧਰ ਦੀ ਗੱਲਬਾਤ ਵੀ ਕੀਤੀ ਗਈ ਹੈ। 6 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਕੋਰ ਕਮਾਂਡਰ ਪੱਧਰ ਦੀ ਫਲੈਗ ਮੀਟਿੰਗ ਵੀ ਕੀਤੀ ਗਈ ਪਰ 15 ਜੂਨ ਨੂੰ ਦੋਵਾਂ ਧਿਰਾਂ ਵਿਚਾਲੇ ਹਿੰਸਕ ਝੜਪ ਹੋ ਗਈ। ਰਿਪੋਰਟ ਅਨੁਸਾਰ ਕੋਰ ਕਮਾਂਡਰ ਪੱਧਰ ਦੀ ਦੂਜੀ ਮੀਟਿੰਗ 22 ਜੂਨ ਨੂੰ ਹੋਈ, ਜਿਸ ’ਚ ਫੌਜਾਂ ਪਿੱਛੇ ਹਟਾਉਣ ਬਾਰੇ ਚਰਚਾ ਕੀਤੀ ਗਈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਫੌਜੀ ਤੇ ਕੂਟਨੀਤਕ ਪੱਧਰ ਦੀ ਗੱਲਬਾਤ ਜਾਰੀ ਰਹਿਣ ਦੇ ਬਾਵਜੂਦ ਦੋਵਾਂ ਮੁਲਕਾਂ ਵਿਚਾਲੇ ਚੱਲ ਰਿਹਾ ਵਿਵਾਦ ਲੰਮਾ ਖਿੱਚਿਆ ਜਾ ਸਕਦਾ ਹੈ। ਇਸ ਰਿਪੋਰਟ ਦੇ ਅਖੀਰ ’ਚ ਕਿਹਾ ਗਿਆ, ‘ਹਾਲਾਤ ਨੂੰ ਦੇਖਦਿਆਂ ਸਖਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।’ ਜ਼ਿਕਰਯੋਗ ਹੈ ਕਿ ਦੋਵਾਂ ਮੁਲਕਾਂ ਵਿਚਾਲੇ ਤੀਜੀ ਮੀਟਿੰਗ 30 ਜੂਨ ਨੂੰ ਹੋਈ ਸੀ। ਚੀਨ ਪੈਂਗੌਗ ਇਲਾਕੇ ਤੋਂ ਪਿੱਛੇ ਹਟਣ ਲਈ ਰਾਜ਼ੀ ਹੋ ਗਿਆ ਸੀ ਪਰ ਉਹ ਹਟਿਆ ਨਹੀਂ। ਭਾਰਤ ਨੇ ਅਸਲ ਕੰਟਰੋਲ ਰੇਖਾ ਦੇ ਫਿੰਗਰ-8 ’ਤੇ ਦਾਅਵਾ ਕੀਤਾ ਸੀ ਅਤੇ ਚੀਨੀ ਫੌਜਾਂ ਫਿੰਗਰ-4 ਤੇ ਫਿੰਗਰ-5 ਵਿਚਕਾਰਲੇ ਇਲਾਕੇ ਤੋਂ ਇਲਾਵਾ ਦੇਪਸਾਂਗ ਤੇ ਡੈਮਚੋਕ ਦੇ ਲਾਂਘਿਆਂ ’ਤੇ ਡਟੀਆਂ ਹੋਈਆਂ ਹਨ। ਭਾਰਤੀ ਤੇ ਚੀਨੀ ਫੌਜੀ ਵਫ਼ਦ ਵਿਚਾਲੇ ਚੌਥੀ ਮੀਟਿੰਗ 14 ਜੁਲਾਈ ਨੂੰ ਹੋਈ ਜਿਸ ’ਚ ਫੌਜਾਂ ਤੇ ਫੌਜੀ ਸਾਮਾਨ ਵਿਵਾਦਤ ਇਲਾਕੇ ਤੋਂ ਹਟਾਉਣ ਬਾਰੇ ਗੱਲਬਾਤ ਕੀਤੀ ਗਈ। ਭਾਰਤੀ ਵਫ਼ਦ ਨੇ ਚੀਨੀ ਫੌਜ ਨੂੰ ਪੈਂਗੌਗ ਝੀਲ ਤੇ ਡੇਪਸਾਂਗ ਇਲਾਕੇ ਤੋਂ ਪੂਰੀ ਤਰ੍ਹਾਂ ਪਿੱਛੇ ਹਟਣ ਲਈ ਕਿਹਾ। ਇਸ ਵਿਵਾਦ ਸਬੰਧੀ ਪੰਜਵੀਂ ਮੀਟਿੰਗ 2 ਅਗਸਤ ਨੂੰ ਹੋ ਕੇ ਹਟੀ ਹੈ। ਇਸ ਮਗਰੋਂ ਇਹ ਸਪੱਸ਼ਟ ਹੋ ਗਿਆ ਹੈ ਕਿ ਚੀਨ ਦਾ ਪੂਰਬੀ ਲੱਦਾਖ ’ਚੋਂ ਫੌਜਾਂ ਪਿੱਛੇ ਹਟਾਉਣ ਦਾ ਕੋਈ ਇਰਾਦਾ ਨਹੀਂ ਹੇ ਤੇ ਭਾਰਤੀ ਅਧਿਕਾਰੀਆਂ ਵੱਲੋਂ ਫੌਜਾਂ ਨੂੰ ਲੰਮੇ ਸਮੇਂ ਲਈ ਤਿਆਰ ਰਹਿਣ ਨੂੰ ਕਿਹਾ ਗਿਆ ਹੈ।
-ਆਈਏਐੱਨਐੱਸ/ਰਾਇਟਰਜ਼
ਸੁਰੱਖਿਆ ਬਲਾਂ ਨੇ ਸਰਹੱਦ ’ਤੇ ਨਿਗਰਾਨੀ ਲਈ ਸੈਟੇਲਾਈਟ ਮੰਗੇ
ਨਵੀਂ ਦਿੱਲੀ: ਭਾਰਤੀ ਸੁਰੱਖਿਆ ਬਲਾਂ ਨੇ ਕੇਂਦਰ ਸਰਕਾਰ ਤੋਂ ਅਜਿਹੀਆਂ 5-6 ਵਿਸ਼ੇਸ਼ ਸੈਟੇਲਾਈਟ ਮੁਹੱਈਆ ਕਰਨ ਦੀ ਮੰਗ ਕੀਤੀ ਹੈ ਜਿਸ ਨਾਲ ਚੀਨ ਦੀ ਪੀਪਲਜ਼ ਲਬਿਰੇਸ਼ਨ ਆਰਮੀ (ਪੀਐੱਲਏ) ਦੀ ਕਾਰਵਾਈ ’ਤੇ ਨਜ਼ਰ ਰੱਖੀ ਜਾ ਸਕੇ ਅਤੇ ਭਵਿੱਖ ’ਚ ਚੀਨ ਦੀ ਘੁਸਪੈਠ ਰੋਕੀ ਜਾ ਸਕੇ। ਮੀਡੀਆ ਰਿਪੋਰਟਾਂ ਅਨੁਸਾਰ, ਉੱਚ ਸਰਕਾਰੀ ਸੂਤਰਾਂ ਨੇ ਕਿਹਾ ‘ਮੌਜੂਦਾ ਹਾਲਾਤ ਤੇ ਚੀਨ ਵੱਲੋਂ ਸਰਹੱਦ ’ਤੇ ਤਾਇਨਾਤ ਕੀਤੀ ਗਈ ਫੌਜ ਦੇ ਮੱਦੇਨਜ਼ਰ ਅਜਿਹੇ ਛੇ ਸੈਟੇਲਾਈਟ ਦੀ ਜ਼ਰੂਰਤ ਹੈ ਜੋ ਸਾਰੇ ਸਰਹੱਦੀ ਇਲਾਕੇ ਦੀ ਨਿਗਰਾਨੀ ਕਰ ਸਕਣ ਅਤੇ ਭਵਿੱਖ ’ਚ ਅਚਾਨਕ ਵਾਪਰਨ ਵਾਲੀ ਕਿਸੇ ਵੀ ਘਟਨਾ ਨੂੰ ਰੋਕਿਆ ਜਾ ਸਕੇ।’
-ਟ.ਨ.ਸ.
ਕੋਵਿਡ-19 ਦੌਰਾਨ ਚੀਨ ਵਧੇਰੇ ਹਮਲਾਵਰ ਹੋਇਆ: ਐਸਪਰ
ਵਾਸ਼ਿੰਗਟਨ: ਅਮਰੀਕੀ ਰੱਖਿਆ ਮੰਤਰੀ ਮਾਰਕ ਐਸਪਰ ਨੇ ਕਿਹਾ ਕਿ ਦੁਨੀਆਂ ਨੇ ਦੇਖਿਆ ਹੈ ਕਿ ਕੋਵਿਡ-19 ਆਲਮੀ ਮਹਾਮਾਰੀ ਦੌਰਾਨ ਚੀਨ ਵਧੇਰੇ ਹਮਲਾਵਰ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਚੀਨ ਨੇ ਭਾਰਤ ਨਾਲ ਲੱਗਦੀ ਅਸਲ ਕੰਟਰੋਲ ਰੇਖਾ ਨੇੜੇ ਫੌਜ ਤਾਇਨਾਤ ਕੀਤੀ ਹੈ ਅਤੇ ਉਹ ਜਿਵੇਂ ਦਾ ਵਿਹਾਰ ਕਰ ਰਿਹਾ ਹੈ, ਉਹ ਕੌਮਾਂਤਰੀ ਨਿਯਮਾਂ ਅਨੁਸਾਰ ਨਹੀਂ ਹੈ। ਉਨ੍ਹਾਂ ਕਿਹਾ, ‘ਕੋਵਿਡ-19 ਦੇ ਸੰਕਟ ਦੌਰਾਨ ਸੱਤ ਮਹੀਨਿਆਂ ’ਚ ਅਸੀਂ ਦੇਖਿਆ ਕਿ ਚੀਨ ਵਧੇਰੇ ਹਮਲਾਵਰ ਹੋ ਗਿਆ ਹੈ।’ ਉਨ੍ਹਾਂ ਕਿਹਾ ਕਿ ਚੀਨ ਆਪਣੇ ਫਾਇਦੇ ਲਈ ਇਸ ਤ੍ਰਾਸਦੀ ਦੀ ਵਰਤੋਂ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਅਮਰੀਕਾ ਦੇ ਦੋ ਸੰਸਦ ਮੈਂਬਰਾਂ ਐਲੀਅਟ ਐਂਗਲ ਅਤੇ ਮਾਈਕਲ ਟੀ ਮੈੱਕਾਲ ਨੇ ਕਿਹਾ ਹੈ ਕਿ ਭਾਰਤ ਪ੍ਰਤੀ ਚੀਨ ਦੇ ਹਮਲਾਵਰ ਰੁਖ਼ ਵਿਚਾਲੇ ਅਮਰੀਕਾ ਤੇ ਭਾਰਤ ਦੇ ਸਬੰਧ ਬਹੁਤ ਅਹਿਮ ਹਨ।
-ਪੀਟੀਆਈ
ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲਣਾ: ਰਾਹੁਲ
ਨਵੀਂ ਦਿੱਲੀ: ਕਾਂਗਰਸ ਨੇ ਅੱਜ ਸਰਕਾਰ ਨੂੰ ਸਵਾਲ ਕੀਤਾ ਕਿ ਰੱਖਿਆ ਮੰਤਰਾਲੇ ਦੀ ਵੈੱਬਸਾਈਟ ਤੋਂ ਉਹ ਰਿਪੋਰਟ ਕਿਉਂ ਹਟਾ ਦਿੱਤੀ ਗਈ ਹੈ ਜਿਸ ’ਚ ਖੁਲਾਸਾ ਕੀਤਾ ਗਿਆ ਸੀ ਕਿ ਮਈ ਮਹੀਨੇ ਚੀਨ ਨੇ ਪੂਰਬੀ ਲੱਦਾਖ ’ਚ ਘੁਸਪੈਠ ਕੀਤੀ ਸੀ। ਪਾਰਟੀ ਆਗੂ ਰਾਹੁਲ ਗਾਂਧੀ ਨੇ ਦੋਸ਼ ਲਾਇਆ ਕਿ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚ ਨਹੀਂ ਬਦਲ ਜਾਣਾ। ਸ੍ਰੀ ਗਾਂਧੀ ਨੇ ਟਵੀਟ ਕੀਤਾ, ‘ਭਾਰਤ ਦੇ ਪ੍ਰਧਾਨ ਮੰਤਰੀ ’ਚ ਚੀਨ ਦਾ ਨਾਂ ਲੈਣ ਦਾ ਵੀ ਹੌਸਲਾ ਨਹੀਂ ਹੈ। ਚੀਨ ਦੇ ਭਾਰਤੀ ਇਲਾਕੇ ’ਚ ਘੁਸਪੈਠ ਕਰਨ ਤੋਂ ਮੁਨਕਰ ਹੋਣ ਤੇ ਵੈੱਬਸਾਈਟ ਤੋਂ ਦਸਤਾਵੇਜ਼ ਹਟਾਉਣ ਨਾਲ ਸੱਚਾਈ ਨਹੀਂ ਬਦਲ ਜਾਣੀ।’ ਇਸੇ ਦੌਰਾਨ ਕਾਂਗਰਸ ਦੇ ਬੁਲਾਰੇ ਅਜੈ ਮਾਕਨ ਨੇ ਕਿਹਾ ਕਿ ਸਰਕਾਰ ਨੂੰ ਦੇਸ਼ ਨੂੰ ਚੀਨ ਦੀ ਘੁਸਪੈਠ ਬਾਰੇ ਸੱਚ ਦੱਸਣਾ ਚਾਹੀਦਾ ਹੈ।
-ਪੀਟੀਆਈ
ਚੀਨ ਦੇ ਪਿੱਛੇ ਹਟਣ ਦੀ ਪੂਰੀ ਉਮੀਦ: ਵਿਦੇਸ਼ ਮੰਤਰਾਲਾ
ਨਵੀਂ ਦਿੱਲੀ, 6 ਅਗਸਤ
ਭਾਰਤ ਨੇ ਅੱਜ ਕਿਹਾ ਕਿ ਉਹ ਉਮੀਦ ਕਰਦਾ ਹੈ ਕਿ ਚੀਨ ਪੂਰਬੀ ਲੱਦਾਖ ’ਚ ਪੂਰੀ ਤਰ੍ਹਾਂ ਪਿੱਛੇ ਹਟਣ ਤੇ ਤਣਾਅ ਖਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰੇਗਾ ਜਿਵੇਂ ਕਿ ਪਿਛਲੇ ਮਹੀਨੇ ਦੋਵਾਂ ਮੁਲਕਾਂ ਦੇ ਵਿਸ਼ੇਸ਼ ਪ੍ਰਤੀਨਿਧੀਆਂ ਨੇ ਫ਼ੈਸਲਾ ਕੀਤਾ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ 5 ਜੁਲਾਈ ਨੂੰ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਤੇ ਚੀਨ ਦੇ ਵਿਦੇਸ਼ ਮੰਤਰੀ ਵਾਂਗ ਯੀ ਵਿਚਾਲੇ ਹੋਈ ਗੱਲਬਾਤ ਦਾ ਜ਼ਿਕਰ ਕਰਦਿਆਂ ਕਿਹਾ, ‘ਦੋਵਾਂ ਵਿਸ਼ੇਸ਼ ਨੁਮਾਇੰਦਿਆਂ ਨੇ ਇਸ ਗੱਲ ’ਤੇ ਸਹਿਮਤੀ ਜ਼ਾਹਿਰ ਕੀਤੀ ਸੀ ਕਿ ਦੁਵੱਲੇ ਸਮਝੌਤੇ ਤੇ ਪ੍ਰੋਟੋਕੋਲ ਮੁਤਾਬਕ ਅਸਲ ਕੰਟਰੋਲ ਰੇਖਾ ’ਤੇ ਜਲਦੀ ਤੇ ਪੂਰੀ ਤਰ੍ਹਾਂ ਪਿੱਛੇ ਹਟਣਾ, ਭਾਰਤ-ਚੀਨ ਸਰਹੱਦ ਖੇਤਰਾਂ ’ਚ ਤਣਾਅ ਖਤਮ ਕਰਨ ਤੇ ਮੁਕੰਮਲ ਤੌਰ ’ਤੇ ਸ਼ਾਂਤੀ ਦੀ ਬਹਾਲੀ ਦੁਵੱਲੇ ਸਬੰਧਾਂ ਦੇ ਵਿਕਾਸ ਲਈ ਜ਼ਰੂਰੀ ਹੈ।’ ਉਨ੍ਹਾਂ ਕਿਹਾ, ‘ਅਸੀਂ ਉਮੀਦ ਕਰਦੇ ਹਾਂ ਕਿ ਚੀਨ ਪਿੱਛੇ ਹਟਣ, ਤਣਾਅ ਖਤਮ ਕਰਨ ਲਈ ਗੰਭੀਰਤਾ ਨਾਲ ਕੰਮ ਕਰੇਗਾ।’
-ਪੀਟੀਆਈ