ਗੁਜਰਾਤ ਚੋਣਾਂ ਦਾ ਪਹਿਲਾ ਗੇੜ ਅੱਜ : The Tribune India

ਗੁਜਰਾਤ ਚੋਣਾਂ ਦਾ ਪਹਿਲਾ ਗੇੜ ਅੱਜ

* 89 ਸੀਟਾਂ ’ਤੇ ਪੈਣਗੀਆਂ ਵੋਟਾਂ; 788 ਉਮੀਦਵਾਰ ਮੈਦਾਨ ’ਚ * ਭਾਜਪਾ, ਕਾਂਗਰਸ ਅਤੇ ‘ਆਪ’ ਵਿੱਚ ਸਖ਼ਤ ਮੁਕਾਬਲਾ

ਗੁਜਰਾਤ ਚੋਣਾਂ ਦਾ ਪਹਿਲਾ ਗੇੜ ਅੱਜ

ਰਾਜਕੋਟ ’ਚ ਈਵੀਐੱਮਜ਼ ਅਤੇ ਹੋਰ ਸਾਮਾਨ ਨਾਲ ਆਪਣੇ ਪੋਲਿੰਗ ਸਟੇਸ਼ਨਾਂ ਵੱਲ ਜਾਂਦੇ ਹੋਏ ਚੋਣ ਅਧਿਕਾਰੀ। -ਫੋਟੋ: ਪੀਟੀਆਈ

ਅਹਿਮਦਾਬਾਦ, 30 ਨਵੰਬਰ 

ਗੁਜਰਾਤ ਵਿਧਾਨ ਸਭਾ ਚੋਣਾਂ ਦੇ ਪਹਿਲੇ ਗੇੜ ਲਈ 89 ਸੀਟਾਂ ’ਤੇ ਭਲਕੇ ਵੋਟਾਂ ਪੈਣਗੀਆਂ। ਇਹ ਸੀਟਾਂ ਸੂਬੇ ਦੇ ਸੌਰਾਸ਼ਟਰ-ਕੱਛ ਅਤੇ ਦੱਖਣੀ ਹਿੱਸੇ ਦੇ 19 ਜ਼ਿਲ੍ਹਿਆਂ ’ਚ ਪੈਂਦੀਆਂ ਹਨ। ਇਨ੍ਹਾਂ ਸੀਟਾਂ ’ਤੇ 788 ਉਮੀਦਵਾਰ ਆਪਣੀ ਕਿਸਮਤ ਆਜ਼ਮਾ ਰਹੇ ਹਨ। ਪ੍ਰਦੇਸ਼ ਮੁੱਖ ਚੋਣ ਅਧਿਕਾਰੀ ਦੇ ਦਫ਼ਤਰ ਤੋਂ ਜਾਰੀ ਬਿਆਨ ’ਚ ਕਿਹਾ ਗਿਆ ਹੈ ਕਿ 14,382 ਪੋਲਿੰਗ ਸਟੇਸ਼ਨਾਂ ’ਤੇ ਵੋਟਿੰਗ ਵੀਰਵਾਰ ਸਵੇਰੇ 8 ਤੋਂ ਸ਼ਾਮ 5 ਵਜੇ ਤੱਕ ਹੋਵੇਗੀ। ਇਨ੍ਹਾਂ ’ਚੋਂ 3,311 ਪੋਲਿੰਗ ਸਟੇਸ਼ਨ ਸ਼ਹਿਰਾਂ ਅਤੇ 11,071 ਦਿਹਾਤੀ ਇਲਾਕਿਆਂ ’ਚ ਹਨ। ਭਾਜਪਾ ਸ਼ਾਸਿਤ ਸੂਬੇ ’ਚ ਪਹਿਲੇ ਗੇੜ ਦੀਆਂ ਚੋਣਾਂ ਦਾ ਪ੍ਰਚਾਰ ਮੰਗਲਵਾਰ ਸ਼ਾਮ 5 ਵਜੇ ਖ਼ਤਮ ਹੋ ਗਿਆ ਸੀ। ਦੂਜੇ ਗੇੜ ਦੀ ਵੋਟਿੰਗ 5 ਦਸੰਬਰ ਨੂੰ ਹੋਵੇਗੀ ਅਤੇ ਨਤੀਜੇ 8 ਦਸੰਬਰ ਨੂੰ ਆਉਣਗੇ। 

 ਭਾਜਪਾ ਨੇ 2017 ਦੀਆਂ ਚੋਣਾਂ ਦੌਰਾਨ 89 ’ਚੋਂ 48 ਸੀਟਾਂ ਜਿੱਤੀਆਂ ਸਨ ਜਦਕਿ ਕਾਂਗਰਸ ਨੂੰ 40 ਸੀਟਾਂ ਮਿਲੀਆਂ ਸਨ ਅਤੇ ਇਕ ਸੀਟ ਆਜ਼ਾਦ ਉਮੀਦਵਾਰ ਦੇ ਖਾਤੇ ’ਚ ਗਈ ਸੀ। ਪਹਿਲੇ ਗੇੜ ’ਚ ਵੱਖ ਵੱਖ ਸੀਟਾਂ ’ਤੇ ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਤੋਂ ਇਲਾਵਾ ਬਹੁਜਨ ਸਮਾਜ ਪਾਰਟੀ, ਸਮਾਜਵਾਦੀ ਪਾਰਟੀ, ਸੀਪੀਐੱਮ ਅਤੇ ਭਾਰਤੀ ਟ੍ਰਾਈਬਲ ਪਾਰਟੀ (ਬੀਟੀਪੀ) ਸਮੇਤ 36 ਪਾਰਟੀਆਂ ਨੇ ਆਪਣੇ ਉਮੀਦਵਾਰ ਖੜ੍ਹੇ ਕੀਤੇ ਹਨ। ਭਾਜਪਾ ਅਤੇ ਕਾਂਗਰਸ ਸਾਰੀਆਂ 89 ਸੀਟਾਂ ’ਤੇ ਚੋਣ ਲੜ ਰਹੀਆਂ ਹਨ। ਸੂਰਤ ਈਸਟ ਹਲਕੇ ਤੋਂ ਪਾਰਟੀ ਉਮੀਦਵਾਰ ਵੱਲੋਂ ਨਾਮਜ਼ਦਗੀ ਕਾਗਜ਼ ਵਾਪਸ ਲਏ ਜਾਣ ਕਾਰਨ ਪਹਿਲੇ ਗੇੜ ’ਚ ‘ਆਪ’ 88 ਸੀਟਾਂ ’ਤੇ ਚੋਣ ਲੜ ਰਹੀ ਹੈ। ਬਸਪਾ ਨੇ 57, ਬੀਟੀਪੀ ਨੇ 14 ਅਤੇ ਸੀਪੀਐੱਮ ਨੇ ਚਾਰ ਉਮੀਦਵਾਰ ਮੈਦਾਨ ’ਚ ਉਤਾਰੇ ਹਨ। ਕੁੱਲ 788 ਉਮੀਦਵਾਰਾਂ ’ਚੋਂ 70 ਮਹਿਲਾਵਾਂ ਹਨ। ਇਨ੍ਹਾਂ ’ਚੋਂ ਭਾਜਪਾ ਨੇ 9, ਕਾਂਗਰਸ ਨੇ 6 ਅਤੇ ‘ਆਪ’ ਨੇ 5 ਮਹਿਲਾਵਾਂ ਨੂੰ ਟਿਕਟਾਂ ਦਿੱਤੀਆਂ ਹਨ। ‘ਆਪ’  ਦਾ ਮੁੱਖ ਮੰਤਰੀ ਉਮੀਦਵਾਰ ਇਸੂਦਾਨ ਗੜਵੀ ਸੌਰਾਸ਼ਟਰ ਖ਼ਿੱਤੇ ’ਚ ਦੇਵਭੂਮੀ ਦਵਾਰਕਾ ਜ਼ਿਲ੍ਹੇ ਦੀ ਖੰਭਾਲੀਆ ਸੀਟ ਤੋਂ ਚੋਣ ਲੜ ਰਿਹਾ ਹੈ। ‘ਆਪ’ ਦਾ ਸੂਬਾ ਪ੍ਰਧਾਨ ਗੋਪਾਲ ਇਟਾਲੀਆ ਸੂਰਤ ’ਚ ਕਟਾਰਗਾਮ ਤੋਂ ਚੋਣ ਲੜ ਰਿਹਾ ਹੈ। ਚੋਣਾਂ ਦੇ ਪਹਿਲੇ ਗੇੜ ’ਚ ਭਲਕੇ ਕ੍ਰਿਕਟਰ ਰਵਿੰਦਰ ਜਡੇਜਾ ਦੀ ਪਤਨੀ ਰਿਵਾਬਾ ਜਡੇਜਾ, ਭਾਜਪਾ ਵਿਧਾਇਕ ਹਰਸ਼ ਸਾਂਘਵੀ, ਪੁਰਨੇਸ਼ ਮੋਦੀ, ਪਰਸ਼ੋਤਮ ਸੋਲੰਕੀ, ਕਾਂਗਰਸ ਦੇ ਲਲਿਤ ਕਗਾਥਰਾ, ਲਲਿਤ ਵਸੋਇਆ, ਰੁਤਵਿਕ ਮਕਵਾਨਾ ਅਤੇ ਮੁਹੰਮਦ ਜਾਵੇਦ ਪੀਰਜ਼ਾਦਾ ਆਦਿ ਆਗੂਆਂ ਦੀ ਕਿਸਮਤ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਬੰਦ ਹੋ ਜਾਵੇਗੀ। ਸੌਰਾਸ਼ਟਰ-ਕੱਛ ਖ਼ਿੱਤੇ ਦੀਆਂ 54 ਸੀਟਾਂ ਕਾਂਗਰਸ ਲਈ ਅਹਿਮ ਹਨ ਕਿਉਂਕਿ ਉਹ ਇਥੇ ਆਪਣੀ ਕਾਰਗੁਜ਼ਾਰੀ ਬਿਹਤਰ ਕਰਨਾ ਚਾਹੁੰਦੀ ਹੈ। ਕਾਂਗਰਸ ਨੇ 2017 ’ਚ ਖ਼ਿੱਤੇ ’ਚ 30 ਜਦਕਿ ਭਾਜਪਾ ਨੇ 23 ਸੀਟਾਂ ਜਿੱਤੀਆਂ ਸਨ। ਦੱਖਣੀ ਗੁਜਰਾਤ ’ਚ ਵੀ ਕਾਂਗਰਸ ਨੇ 2012 ਦੀਆਂ ਛੇ ਸੀਟਾਂ ਦੇ ਮੁਕਾਬਲੇ ’ਚ 2017 ’ਚ 10 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ ਜਦਕਿ ਭਾਜਪਾ ਨੂੰ 28 ਦੀ ਥਾਂ ’ਤੇ 25 ਸੀਟਾਂ ਮਿਲੀਆਂ ਸਨ। ਦੱਖਣੀ ਗੁਜਰਾਤ ’ਚ ਸੂਰਤ ਸ਼ਹਿਰ (12 ਸੀਟਾਂ) ਵੀ ਆਉਂਦਾ ਹੈ ਜੋ ਭਾਜਪਾ ਦਾ ਲੰਬੇ ਸਮੇਂ ਤੋਂ ਗੜ੍ਹ ਰਿਹਾ ਹੈ। ਭਾਜਪਾ ਨੂੰ ਇਸ ਵਾਰ ‘ਆਪ’ ਵੱਲੋਂ ਸਖ਼ਤ ਚੁਣੌਤੀ ਦਿੱਤੀ ਜਾ ਰਹੀ ਹੈ ਅਤੇ ਉਸ ਨੂੰ ਆਸ ਹੈ ਕਿ ਸੱਤ ਤੋਂ ਅੱਠ ਸੀਟਾਂ ਪਾਰਟੀ ਦੀ ਝੋਲੀ ਪੈਣਗੀਆਂ। ਗੁਜਰਾਤ ਦੇ ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਸੂਬੇ ’ਚ 4,91,35,400 ਰਜਿਸਟਰਡ ਵੋਟਰ ਹਨ ਜਿਨ੍ਹਾਂ ’ਚੋਂ 2,39,76,670 ਵੋਟਰ ਪਹਿਲੇ ਗੇੜ ਦੀਆਂ ਚੋਣਾਂ ’ਚ ਵੋਟਾਂ ਪਾਉਣ ਦੇ ਯੋਗ ਹਨ। ਇਨ੍ਹਾਂ ’ਚੋਂ 5.74 ਲੱਖ ਵੋਟਰ 18 ਤੋਂ 19 ਸਾਲ ਜਦਕਿ 4,945 ਵੋਟਰ 99 ਸਾਲ ਤੋਂ ਵੱਡੀ ਉਮਰ ਦੇ ਹਨ। -ਪੀਟੀਆਈ 

ਆਪਣੇ ਪੋਲਿੰਗ ਸਟੇਸ਼ਨਾਂ ’ਤੇ ਜਾਣ ਤੋਂ ਪਹਿਲਾਂ ਰਾਜਕੋਟ ’ਚ ਈਵੀਐੱਮਜ਼ ਅਤੇ ਹੋਰ ਚੋਣ ਸਮੱਗਰੀ ਇਕੱਤਰ ਕਰਦੇ ਹੋਏ ਪੋਲਿੰਗ ਅਧਿਕਾਰੀ। -ਫੋਟੋ: ਪੀਟੀਆਈ

ਸ਼ਰਾਬ ਖੁੱਲ੍ਹੇਆਮ ਵੇਚਣ ਬਾਰੇ ਦਿੱਤੇ ਬਿਆਨ ’ਤੇ ਭਾਜਪਾ ਉਮੀਦਵਾਰ ਖ਼ਿਲਾਫ਼ ਐੱਫਆਈਆਰ

ਪਾਲਨਪੁਰ: ਵਿਧਾਨ ਸਭਾ ਚੋਣਾਂ ਤੋਂ ਇਕ ਦਿਨ ਪਹਿਲਾਂ ਭਾਜਪਾ ਨੂੰ ਉਸ ਸਮੇਂ ਨਮੋਸ਼ੀ ਸਹਿਣੀ ਪਈ ਜਦੋਂ ਉਸ ਦੇ ਬਨਾਸਕਾਂਠਾ ਜ਼ਿਲ੍ਹੇ ਦੀ ਦਾਂਤਾ ਸੀਟ ਤੋਂ ਉਮੀਦਵਾਰ ਲਾਟੂਭਾਈ ਪਰਗੀ ਨੇ ਵਿਵਾਦਤ ਬਿਆਨ ਦਿੰਦਿਆਂ ਕਿਹਾ ਕਿ ਸ਼ਰਾਬ ਖੁੱਲ੍ਹੇਆਮ ਵੇਚੀ ਜਾ ਸਕਦੀ ਹੈ। ਉਸ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਗਈ ਹੈ। ਗੁਜਰਾਤ ’ਚ ਸ਼ਰਾਬ ’ਤੇ ਪਾਬੰਦੀ ਹੈ। ਪੁਲੀਸ ਨੇ ਕਿਹਾ ਕਿ ਇਕ ਚੋਣ ਅਧਿਕਾਰੀ ਦੀ ਸ਼ਿਕਾਇਤ ’ਤੇ ਇਹ ਐੱਫਆਈਆਰ ਦਰਜ ਕੀਤੀ ਗਈ ਹੈ। ਵੀਡੀਓ ’ਚ ਪਰਗੀ ਔਰਤਾਂ ਨੂੰ ਆਖ ਰਿਹਾ ਹੈ ਕਿ ਉਹ ਟੋਕਰੀ ’ਚ ਰੱਖ ਕੇ ਸ਼ਰਾਬ ਵੇਚ ਸਕਦੀਆਂ ਹਨ ਅਤੇ ਉਨ੍ਹਾਂ ਨੂੰ ਇਹ ਛੁਪਾਉਣ ਦੀ ਲੋੜ ਨਹੀਂ ਹੈ। 

ਸਰਵੇਖਣਾਂ ’ਤੇ ਰੋਕ ਲਈ ਕਾਂਗਰਸ ਵੱਲੋਂ ਚੋਣ ਕਮਿਸ਼ਨ ਤੱਕ ਪਹੁੰਚ

ਨਵੀਂ ਦਿੱਲੀ: ਕਾਂਗਰਸ ਨੇ ਚੋਣ ਕਮਿਸ਼ਨ ਨੂੰ ਬੇਨਤੀ ਕੀਤੀ ਹੈ ਕਿ ਗੁਜਰਾਤ ਵਿਧਾਨ ਸਭਾ ਚੋਣਾਂ ’ਤੇ ਕਥਿਤ ‘ਸਪਾਂਸਰਡ’ ਚੋਣ ਸਰਵੇਖਣ ਚਲਾਉਣ ਵਾਲੇ ਚੈਨਲਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਪਾਰਟੀ ਦੇ ਵਫ਼ਦ ਨੇ ਅੱਜ ਪਹਿਲੇ ਗੇੜ ਦੀਆਂ ਚੋਣਾਂ ਤੋਂ ਪਹਿਲਾਂ ਚੋਣ ਕਮਿਸ਼ਨ ਨਾਲ ਮੁਲਾਕਾਤ ਕੀਤੀ ਦੇ ਦਾਅਵਾ ਕੀਤਾ ਕਿ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਾਂਗਰਸ ਦੇ ਵਫ਼ਦ ਦੀ ਅਗਵਾਈ ਪਾਰਟੀ ਦੇ ਲੀਗਲ ਸੈੱਲ ਦੇ ਮੁਖੀ ਵਿਵੇਕ ਤਨਖਾ ਨੇ ਕੀਤੀ। ਉਨ੍ਹਾਂ ਚੋਣ ਕਮਿਸ਼ਨ ਨੂੰ ‘ਮੀਡੀਆ ਵੱਲੋਂ ਕੀਤੀ ਜਾ ਰਹੀ ਉਲੰਘਣਾ’ ਬਾਰੇ ਜਾਣੂ ਕਰਵਾਇਆ। ਵਿਰੋਧੀ ਧਿਰ ਨੇ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਹਦਾਇਤਾਂ ਦੀ ਉਲੰਘਣਾ ਕਰ ਰਹੇ ਨਿਊਜ਼ ਚੈਨਲਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਉਨ੍ਹਾਂ ਦੋਸ਼ ਲਾਇਆ ਕਿ ਮੀਡੀਆ ਚੈਨਲ ਚੋਣਾਂ ਦੇ ਨਤੀਜਿਆਂ ਬਾਰੇ ਅਨੁਮਾਨ ਲਾ ਕੇ ਵੋਟਰਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਤੇ ਇਹ ਗੰਭੀਰ ਮੁੱਦਾ ਹੈ। ਤਨਖਾ ਨੇ ਨਾਲ ਹੀ ਦਾਅਵਾ ਕੀਤਾ ਕਿ ਉਨ੍ਹਾਂ ਨੂੰ ‘ਬੈੱਲਟ ਬਾਕਸਾਂ ਦੀ ਸੁਰੱਖਿਆ’ ਨਾਲ ਸਬੰਧਤ ਜਾਣਕਾਰੀ ਵੀ ਮਿਲੀ ਹੈ, ਤੇ ਕਮਿਸ਼ਨ ਕਿਸੇ ਤਰ੍ਹਾਂ ਦੀ ਵੀ ਛੇੜਛਾੜ ਰੋਕਣੀ ਯਕੀਨੀ ਬਣਾਏ। ਕਾਂਗਰਸ ਆਗੂਆਂ ਨੇ ਚੋਣ ਕਮਿਸ਼ਨ ਨੂੰ ਤੁਰੰਤ ਕਾਰਵਾਈ ਦੀ ਬੇਨਤੀ ਕੀਤੀ। ਵਫਦ ਵਿਚ ਕਾਂਗਰਸ ਦੀ ਤਰਜਮਾਨ ਸੁਪ੍ਰਿਆ ਸ੍ਰੀਨੇਤ ਵੀ ਸ਼ਾਮਲ ਸੀ। ਇਸੇ ਦੌਰਾਨ ਇਕ ਸਾਬਕਾ ਨੌਕਰਸ਼ਾਹ ਨੇ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਰੈਲੀ ਵਿਚ ਕੀਤੀਆਂ ਟਿੱਪਣੀਆਂ ਦਾ ਨੋਟਿਸ ਲੈਣ ਦੀ ਅਪੀਲ ਕੀਤੀ ਹੈ। ਸ਼ਾਹ ਨੇ ਇਕ ਰੈਲੀ ਵਿਚ ਕਿਹਾ ਸੀ ਕਿ ਹਿੰਸਾ ਕਰਨ ਵਾਲਿਆਂ ਨੂੰ 2002 ਵਿਚ ‘ਸਬਕ ਸਿਖਾਇਆ ਗਿਆ ਸੀ।’ ਸਾਬਕਾ ਕੇਂਦਰੀ ਸਕੱਤਰ ਈ.ਏ.ਐੱਸ. ਸ਼ਰਮਾ ਨੇ ਚੋਣ ਕਮਿਸ਼ਨ ਨੂੰ ਇਨ੍ਹਾਂ ਟਿੱਪਣੀਆਂ ਪਿਛਲਾ ਸੱਚ ਘੋਖਣ ਦੀ ਬੇਨਤੀ ਕੀਤੀ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਜੇ ਇਹ ਕੀਤੀਆਂ ਗਈਆਂ ਹਨ ਤਾਂ ਬਣਦੀ ਕਾਰਵਾਈ ਕੀਤੀ ਜਾਵੇ। -ਪੀਟੀਆਈ

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਆਰਥਿਕ ਸਰਵੇਖਣ: ਮੰਦੀ ਦੇ ਬਾਵਜੂਦ ਸੰਭਲੇਗਾ ਅਰਥਚਾਰਾ

ਵਿੱਤੀ ਸਾਲ 2023-24 ’ਚ ਵਿਕਾਸ ਦਰ 6.5 ਫੀਸਦ ਰਹੇਗੀ; ਵਿੱਤ ਮੰਤਰੀ ਨੇ ...

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਭਾਰਤ ਨੂੰ 2047 ਤੱਕ ਆਤਮ-ਨਿਰਭਰ ਬਣਾਉਣ ਦੀ ਲੋੜ: ਰਾਸ਼ਟਰਪਤੀ

ਸੰਸਦ ਦੇ ਦੋਵਾਂ ਸਦਨਾਂ ਦੀ ਸਾਂਝੀ ਬੈਠਕ ਨੂੰ ਸੰਬੋਧਨ ਨਾਲ ਬਜਟ ਇਜਲਾਸ ਸ਼...

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਆਮਦਨ ਕਰ ਵਿਭਾਗ ਵੱਲੋਂ ਪਾਦਰੀਆਂ ਦੇ ਟਿਕਾਣਿਆਂ ’ਤੇ ਛਾਪੇ

ਅਹਿਮ ਦਸਤਾਵੇਜ਼, ਕੰਪਿਊਟਰ, ਲੈਪਟਾਪ ਤੇ ਮੋਬਾਈਲ ਜ਼ਬਤ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਅਧਿਕਾਰੀਆਂ ਨੂੰ ‘ਬਲੈਕਮੇਲ’ ਕਰਨ ਵਾਲਾ ਕਾਬੂ

ਪਟਿਆਲਾ ਦੇ ਨਿਗਮ ਇੰਜਨੀਅਰ ਤੋਂ ਮੰਗੇ ਸੀ 2 ਕਰੋੜ ਰੁਪਏ

ਸ਼ਹਿਰ

View All