ਲੜਾਈ BJP ਖ਼ਿਲਾਫ਼ ਹੈ, ਗੱਠਜੋੜ ਨਹੀਂ ਤੋੜਾਂਗੇ: Akhilesh Yadav
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੱਠਜੋੜ ਨਹੀਂ ਤੋੜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੜਾਈ ਭਾਜਪਾ ਦੇ ਖ਼ਿਲਾਫ਼ ਹੈ ਅਤੇ ਉਨ੍ਹਾਂ ਨੇ ਸੱਤਾਧਾਰੀ ਪਾਰਟੀ ’ਤੇ ਵੱਡੇ ਵਪਾਰਕ ਸਮੂਹਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ...
ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੱਠਜੋੜ ਨਹੀਂ ਤੋੜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਇਹ ਲੜਾਈ ਭਾਜਪਾ ਦੇ ਖ਼ਿਲਾਫ਼ ਹੈ ਅਤੇ ਉਨ੍ਹਾਂ ਨੇ ਸੱਤਾਧਾਰੀ ਪਾਰਟੀ ’ਤੇ ਵੱਡੇ ਵਪਾਰਕ ਸਮੂਹਾਂ ਨੂੰ ਫ਼ਾਇਦਾ ਪਹੁੰਚਾਉਣ ਵਾਲੀਆਂ ਨੀਤੀਆਂ ਅਪਣਾਉਣ ਦਾ ਦੋਸ਼ ਵੀ ਲਾਇਆ ਹੈ। ਇੱਥੇ ਪਾਰਟੀ ਹੈੱਡਕੁਆਰਟਰ ਵਿੱਚ ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਯਾਦਵ ਨੇ ਕਿਹਾ, ‘‘ਸਮਾਜਵਾਦੀ ਪਾਰਟੀ ਕਦੇ ਵੀ ਗੱਠਜੋੜ ਨਹੀਂ ਤੋੜਦੀ। ਜਦੋਂ ਸਮਾਜਵਾਦੀ ਪਾਰਟੀ ਦੂਜਿਆਂ ਨਾਲ ਅੱਗੇ ਵਧਣ ਲਈ ਸਹਿਮਤ ਹੁੰਦੀ ਹੈ, ਤਾਂ ਉਹ ਉਨ੍ਹਾਂ ਦੇ ਨਾਲ ਖੜ੍ਹਦੀ ਹੈ ਅਤੇ ਅਸੀਂ ਹਮੇਸ਼ਾ ਆਪਣੇ ਵਾਅਦਿਆਂ ਦਾ ਸਤਿਕਾਰ ਕੀਤਾ ਹੈ।’’ ਉਨ੍ਹਾਂ ਕਿਹਾ ਕਿ ਪਾਰਟੀ ਦਾ ਉਦੇਸ਼ ਸਮਾਜਵਾਦੀ ਵਿਚਾਰਧਾਰਾ ਅਤੇ ‘ਪੀ ਡੀ ਏ’ - ਪੱਛੜਿਆ ਵਰਗ, ਦਲਿਤ ਅਤੇ ਘੱਟ ਗਿਣਤੀਆਂ ਦੀ ਇੱਕਜੁੱਟਤਾ ’ਤੇ ਆਧਾਰਿਤ ਸਮਾਜਿਕ ਨਿਆਂ ਲਈ ਸਮਰਪਿਤ ਸਰਕਾਰ ਬਣਾਉਣਾ ਹੈ। ਯਾਦਵ ਨੇ ਕਿਹਾ, ‘‘ਉਹ ਪੀ ਡੀ ਏ ਤੋਂ ਡਰੇ ਹੋਏ ਹਨ, ਇਸੇ ਲਈ ਉਹ ਪੀ ਡੀ ਏ ਨੂੰ ਗ਼ਲਤ ਢੰਗ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਜਿੰਨਾ ਜ਼ਿਆਦਾ ਦੁੱਖ-ਦਰਦ ਵਧੇਗਾ, ਪੀ ਡੀ ਏ ਉਂਨਾ ਹੀ ਮਜ਼ਬੂਤ ਹੋਵੇਗਾ।’’ ਉਨ੍ਹਾਂ ਦੀ ਇਹ ਟਿੱਪਣੀ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦੇ ਉਸ ਦਾਅਵੇ ਦੇ ਜਵਾਬ ਵਿੱਚ ਆਈ ਹੈ, ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਸਮਾਜਵਾਦੀ ਪਾਰਟੀ ਦਾ ਪੀ ਡੀ ਏ ਲਗਾਤਾਰ ਬਦਲ ਰਿਹਾ ਹੈ।
ਅਖਿਲੇਸ਼ ਨੂੰ ਜਾਟਾਂ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ: ਮਾਇਆਵਤੀ
ਲਖਨਊ: ਬਹੁਜਨ ਸਮਾਜ ਪਾਰਟੀ ਦੀ ਮੁਖੀ ਮਾਇਆਵਤੀ ਨੇ ਅੱਜ ਕਿਹਾ ਕਿ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੂੰ ਆਰ ਐੱਲ ਡੀ ਅਤੇ ਉਸ ਦੇ ਪ੍ਰਧਾਨ ਜਯੰਤ ਚੌਧਰੀ ਜੋ ਕਿ ਸਾਬਕਾ ਪ੍ਰਧਾਨ ਮੰਤਰੀ ਸਵਰਗੀ ਚੌਧਰੀ ਚਰਨ ਸਿੰਘ ਦੇ ਪੋਤੇ ਹਨ, ਵਿਰੁੱਧ ਕੀਤੀਆਂ ਅਪਮਾਨਜਨਕ ਟਿੱਪਣੀਆਂ ਲਈ ਪੂਰੇ ਜਾਟ ਭਾਈਚਾਰੇ ਤੋਂ ਮੁਆਫ਼ੀ ਮੰਗਣੀ ਚਾਹੀਦੀ ਹੈ। ‘ਐਕਸ’ ਉੱਤੇ ਪਾਈ ਪੋਸਟ ਵਿੱਚ ਮਾਇਆਵਤੀ ਨੇ ਕਿਹਾ ਕਿ ਯਾਦਵ ਵੱਲੋਂ ਆਪਣੇ ਸਾਬਕਾ ਸਹਿਯੋਗੀ ਰਾਸ਼ਟਰੀ ਲੋਕ ਦਲ (ਆਰ ਐੱਲ ਡੀ) ਅਤੇ ਉਸ ਦੇ ਨੇਤਾ ਤੇ ਕੇਂਦਰੀ ਮੰਤਰੀ ਜਯੰਤ ਚੌਧਰੀ ਬਾਰੇ ਕੀਤੀ ਗਈ ਜਨਤਕ ਟਿੱਪਣੀ ਪੂਰੀ ਤਰ੍ਹਾਂ ਨਾਵਾਜਬ ਅਤੇ ਬੇਹੱਦ ਸ਼ਰਮਨਾਕ ਸੀ। ਜ਼ਿਕਰਯੋਗ ਹੈ ਕਿ ਯਾਦਵ ਨੇ ਜਯੰਤ ਚੌਧਰੀ ਬਾਰੇ ਕਿਹਾ ਸੀ, ‘‘ਅਸੀਂ ਉਨ੍ਹਾਂ ਨੂੰ ਚਵਾਨੀ ਤੋਂ ਰੁਪੱਈਆ ਬਣਾਇਆ।’’

