ਲਖਨਊ, 17 ਸਤੰਬਰ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਵਿਰੋਧੀ ਧਿਰ ਦੀਆਂ ਪਿਛਲੀਆਂ ਸਰਕਾਰਾਂ ’ਤੇ ‘ਕੁੱਝ ਖਾਸ ਲੋਕਾਂ’ ਨੂੰ ਕਰਜ਼ਾ ਦੇਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਪਿਛਲੀਆਂ ਸਰਕਾਰਾਂ ਵਿੱਚ ਬਿਨਾਂ ਮਤਲਬ ਅਜਿਹੇ ਕਰਜ਼ੇ ਦਿੱਤੇ ਗਏ, ਜਿਸ ਦਾ ਨਤੀਜਾ ਦੇਸ਼ ਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਹੈ। ਰਾਜਨਾਥ ਸਿੰਘ ਨੇ ਅੱਜ ਇੱਥੇ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਦੀ ਸ਼ੁਰੂਆਤ ਕਰਨ ਮੌਕੇ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਕਿਹਾ, ‘‘ਪਿਛਲੀਆਂ ਸਰਕਾਰਾਂ ਦੌਰਾਨ ਸਿਰਫ਼ ਕੁੱਝ ਲੋਕਾਂ ਨੂੰ ਹੀ ਕਰਜ਼ਾ ਦਿੱਤਾ ਜਾਂਦਾ ਸੀ। ਜੋ ਲੋਕ ਸਰਕਾਰ ਦੇ ਜ਼ਿਆਦਾ ਨੇੜੇ ਸੀ, ਉਨ੍ਹਾਂ ’ਤੇ ਸਰਕਾਰ ਕੁੱਝ ਵੱਧ ਹੀ ਮਿਹਰਬਾਨ ਹੁੰਦੀ ਸੀ। ਪਿਛਲੀਆਂ ਸਰਕਾਰਾਂ ਨੇ ਬਿਨਾਂ ਮਤਲਬ ਦੇ ਅਜਿਹੇ ਕਰਜ਼ੇ ਦਿੱਤੇ, ਜਿਸ ਦਾ ਨਤੀਜਾ ਦੇਸ਼ ਨੂੰ ਹੁਣ ਤੱਕ ਭੁਗਤਣਾ ਪੈ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਸਾਡੀ ਸਰਕਾਰ ਉਸ ਤਰ੍ਹਾਂ ਦੀ ਸਰਕਾਰ ਨਹੀਂ ਹੈ, ਜਿਸ ਵਿੱਚ ਕਿਸੇ ਦੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਬੈਂਕਾਂ ਤੋਂ ਕਰਜ਼ਾ ਦਿੱਤਾ ਜਾਂਦਾ ਹੈ। ਇਸ ਦੇਸ਼ ਦੇ ਲੋਕਾਂ ਨੇ ਸਾਡੇ ’ਤੇ ਭਰੋਸਾ ਜਤਾਇਆ ਅਤੇ ਸਾਡੀ ਸਰਕਾਰ ਬਣਾਈ, ਇਸ ਲਈ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਉਨ੍ਹਾਂ ਨੂੰ ਕਿਸੇ ਵੀ ਤਰ੍ਹਾਂ ਪ੍ਰੇਸ਼ਾਨ ਨਾ ਹੋਣ ਦਿੱਤਾ ਜਾਵੇ।’’ ਲਖਨਊ ਵਿੱਚ ਲੋਕ ਸਭਾ ਸੰਸਦ ਮੈਂਬਰ ਰਾਜਨਾਥ ਸਿੰਘ ਨੇ ਜਨ ਧਨ ਖਾਤਿਆਂ ਦਾ ਜ਼ਿਕਰ ਕਰਦਿਆਂ ਕਿਹਾ, ‘‘ਅੰਕੜੇ ਦੱਸਦੇ ਹਨ ਕਿ ਅੱਜ 50 ਕਰੋੜ ਤੋਂ ਵੱਧ ਜਨ ਧਨ ਖਾਤਿਆਂ ਵਿੱਚ ਦੋ ਲੱਖ ਕਰੋੜ ਰੁਪਏ ਤੋਂ ਵੱਧ ਜਮ੍ਹਾਂ ਹੋਏ ਹਨ। ਜਿਨ੍ਹਾਂ ਜਨ ਧਨ ਖ਼ਾਤਿਆਂ ਦਾ ਮਜ਼ਾਕ ਉਡਾਇਆ ਗਿਆ, ਅੱਜ ਉਨ੍ਹਾਂ ਜਨ ਧਨ ਖ਼ਾਤਿਆਂ ਤੋਂ ਤੁਹਾਨੂੰ ਗੈਸ ਸਬਸਿਡੀ ਮਿਲਦੀ ਹੈ ਅਤੇ ਉਨ੍ਹਾਂ ਖਾਤਿਆਂ ਰਾਹੀਂ ਹੀ ਪ੍ਰਧਾਨ ਮੰਤਰੀ ਵਿਸ਼ਵਕਰਮਾ ਯੋਜਨਾ ਤਹਿਤ ਮਦਦ ਮੁਹੱਈਆ ਕਰਵਾਈ ਜਾਵੇਗੀ।’’ -ਪੀਟੀਆਈ