ਨਵੀਂ ਦਿੱਲੀ, 8 ਜੁਲਾਈ
ਚੀਨੀ ਸੈਨਾ ਨੇ ਪੂਰਬੀ ਲੱਦਾਖ ’ਚ ਹੌਟ ਸਪਰਿੰਗਜ਼ ਇਲਾਕੇ ’ਚੋਂ ਅੱਜ ਸਾਰੇ ਆਰਜ਼ੀ ਢਾਂਚੇ ਹਟਾ ਲਏ ਹਨ ਅਤੇ ਊਥੋਂ ਸੈਨਾ ਤਕਰੀਬਨ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਗਈ ਹੈ। ਇਲਾਕੇ ’ਚ ਵਾਪਰ ਰਹੀਆਂ ਘਟਨਾਵਾਂ ਦੇ ਜਾਣਕਾਰ ਨੇ ਕਿਹਾ ਕਿ ਦੋਵੇਂ ਮੁਲਕਾਂ ਵੱਲੋਂ ਬਣੀ ਸਹਿਮਤੀ ਦੇ ਆਧਰ ’ਤੇ ਚੀਨੀ ਫ਼ੌਜ ਪਿੱਛੇ ਹਟ ਰਹੀ ਹੈ। ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਅਤੇ ਚੀਨ ਦੇ ਵਿਦੇਸ਼ ਮੰਤਰੀ ਵੈਂਗ ਯੀ ਵਿਚਕਾਰ ਐਤਵਾਰ ਨੂੰ ਫੋਨ ’ਤੇ ਕਰੀਬ ਦੋ ਘੰਟੇ ਤੱਕ ਹੋਈ ਗੱਲਬਾਤ ਮਗਰੋਂ ਸੋਮਵਾਰ ਤੋਂ ਚੀਨੀ ਸੈਨਾ ਦੇ ਪਿੱਛੇ ਹਟਣ ਦਾ ਅਮਲ ਜਾਰੀ ਹੈ। ਉਨ੍ਹਾਂ ਕਿਹਾ,‘‘ਚੀਨੀ ਸੈਨਾ ਹੌਟ ਸਪਰਿੰਗਜ਼ ’ਚ ਪੈਟਰੋਲਿੰਗ ਸਥਾਨ 15 ਤੋਂ ਪੂਰੀ ਤਰ੍ਹਾਂ ਨਾਲ ਪਿੱਛੇ ਹਟ ਗਈ ਹੈ।’’
ਉਨ੍ਹਾਂ ਕਿਹਾ ਕਿ ਅਗਲੇ ਕੁਝ ਦਿਨਾਂ ’ਚ ਭਾਰਤੀ ਅਤੇ ਚੀਨੀ ਫ਼ੌਜ ਇਲਾਕੇ ’ਚੋਂ ਪਿੱਛੇ ਹਟਣ ਦੀ ਤਸਦੀਕ ਲਈ ਸਾਂਝੀ ਮੁਹਿੰਮ ਚਲਾਏਗੀ। ਜਾਣਕਾਰੀ ਮੁਤਾਬਕ ਗੋਗਰਾ (ਪੈਟਰੋਲਿੰਗ ਸਥਾਨ 17ਏ) ’ਚ ਫ਼ੌਜਾਂ ਪਿੱਛੇ ਹਟਾਉਣ ਦਾ ਕੰਮ ਭਲਕੇ ਮੁਕੰਮਲ ਹੋਣ ਦੀ ਸੰਭਾਵਨਾ ਹੈ। ਫ਼ੌਜਾਂ ਪਿੱਛੇ ਹਟਣ ਦਾ ਪਹਿਲਾ ਗੇੜ ਮੁਕੰਮਲ ਹੋਣ ਮਗਰੋਂ ਇਸ ਹਫ਼ਤੇ ਦੋਵੇਂ ਮੁਲਕਾਂ ਦੀਆਂ ਫ਼ੌਜਾਂ ਵਿਚਕਾਰ ਅੱਗੇ ਗੱਲਬਾਤ ਹੋਣ ਦੀ ਸੰਭਾਵਨਾ ਹੈ। ਸੂਤਰਾਂ ਨੇ ਕਿਹਾ ਕਿ ਪੈਂਗੌਂਗ ਝੀਲ ਦੇ ਫਿੰਗਰ ਇਲਾਕਿਆਂ ’ਚੋਂ ਵੀ ਸੈਨਾ ਦੇ ਪਿੱਛੇ ਹਟਣ ਦਾ ਅਮਲ ਚੱਲ ਰਿਹਾ ਹੈ।
-ਪੀਟੀਆਈ
ਪਾਣੀ ਦਾ ਪੱਧਰ ਅਚਾਨਕ ਵਧਣ ਕਰਕੇ ਪਿੱਛੇ ਮੁੜੀ ਚੀਨੀ ਫ਼ੌਜ
ਨਵੀਂ ਦਿੱਲੀ: ਭਾਰਤ ਅਤੇ ਚੀਨ ਦੇ ਕੋਰ ਕਮਾਂਡਰਾਂ ਵਿਚਕਾਰ ਹੋਏ ਸਮਝੌਤੇ ਤਹਿਤ ਇਨ੍ਹਾਂ ਇਲਾਕਿਆਂ ’ਚ ਅਸਲ ਕੰਟਰੋਲ ਰੇਖਾ ਦੇ ਦੋਵੇਂ ਪਾਸੇ ਡੇਢ ਕਿਲੋਮੀਟਰ ਦਾ ਬਫ਼ਰ ਜ਼ੋਨ ਬਣਾਇਆ ਜਾਵੇਗਾ। ਸੂਤਰਾਂ ਨੇ ਕਿਹਾ ਕਿ ਗਲਵਾਨ ਘਾਟੀ ’ਚ ਬਰਫ਼ ਪਿਘਲਣ ਮਗਰੋਂ ਪਾਣੀ ਦਾ ਪੱਧਰ ਅਚਾਨਕ ਵਧਣ ਕਰਕੇ ਚੀਨ ਨੂੰ ਇਲਾਕੇ ’ਚੋਂ ਤੇਜ਼ੀ ਨਾਲ ਆਪਣੇ ਸੈਨਿਕ ਹਟਾਉਣੇ ਪਏ ਹਨ। ਚੀਨੀ ਫ਼ੌਜ ਦੇ ਪਿੱਛੇ ਹਟਣ ’ਤੇ ਭਾਰਤ ਵੱਲੋਂ ਡਰੋਨਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ ਕਿਉਂਕਿ ਗਲਵਾਨ ਦਰਿਆ ’ਚ ਪਾਣੀ ਦਾ ਪੱਧਰ ਵਧਣ ਕਰਕੇ ਉਥੇ ਜਾ ਕੇ ਇਸ ਦੀ ਤਸਦੀਕ ਕਰਨਾ ਮੁਸ਼ਕਲ ਹੋ ਗਿਆ ਹੈ।
-ਆਈਏਐਨਐਸ