ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ : The Tribune India

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ

ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਕੀਤਾ ਸੀ ਫਲੈਟ ਤੇ ਸੁਰੱਖਿਆ ਦੇਣ ਦਾ ਐਲਾਨ

ਰੋਹਿੰਗੀਆ ਸ਼ਰਨਾਰਥੀਆਂ ਨੂੰ ਫਲੈਟ ਦੇਣ ਤੋਂ ਪਿੱਛੇ ਹਟੀ ਕੇਂਦਰ ਸਰਕਾਰ

ਰੋਿਹੰਗੀਆ ਸ਼ਰਨਾਰਥੀਆਂ ਲਈ ਬਣੇ ਆਰਜ਼ੀ ਕੈਂਪ ’ਚ ਇੱਕ ਬਜ਼ੁਰਗ ਆਪਣੇ ਬੱਚੇ ਨੂੰ ਲਿਜਾਂਦਾ ਹੋਇਆ। -ਫੋਟੋ: ਪੀਟੀਆਈ

ਪੱਤਰ ਪ੍ਰੇਰਕ

ਨਵੀਂ ਦਿੱਲੀ, 17 ਅਗਸਤ

ਕੇਂਦਰੀ ਮੰਤਰੀ ਹਰਦੀਪ ਸਿੰਘ ਪੁਰੀ ਵੱਲੋਂ ਦਿੱਲੀ ਦੇ ਮਦਨਪੁਰ ਖਾਦਰ ਵਿੱਚ ਰਹਿੰਦੇ ਰੋਹਿੰਗੀਆ ਸ਼ਰਨਾਰਥੀਆਂ ਨੂੰ ਬੱਕਰਵਾਲਾ ਇਲਾਕੇ ’ਚ ਈਡਬਲਿਊਐੱਸ ਫਲੈਟ ਦੇਣ ਸਬੰਧੀ ਕੀਤੇ ਟਵੀਟ ਮਗਰੋਂ ਗ੍ਰਹਿ ਮੰਤਰਾਲੇ ਨੇ ਸਪੱਸ਼ਟ ਕੀਤਾ ਹੈ ਕਿ ਸ਼ਰਨਾਰਥੀਆਂ ਨੂੰ ਪੱਛਮੀ ਦਿੱਲੀ ਦੇ ਇਸ ਹਿੱਸੇ ਵਿਚ ਕੋਈ ਫਲੈਟ ਨਹੀਂ ਦਿੱਤਾ ਜਾ ਰਿਹਾ। ਗ੍ਰਹਿ ਮੰਤਰਾਲੇ ਨੇ ਅਜਿਹੇ ਕੋਈ ਨਿਰਦੇਸ਼ ਜਾਰੀ ਕਰਨ ਤੋਂ ਇਨਕਾਰ ਕੀਤਾ ਤੇ ਸਪੱਸ਼ਟ ਕੀਤਾ ਕਿ ਇਨ੍ਹਾਂ ‘ਗ਼ੈਰਕਾਨੂੰਨੀ ਵਿਦੇਸ਼ੀਆਂ’ ਨੂੰ ਕਾਨੂੰਨ ਅਨੁਸਾਰ ਉਨ੍ਹਾਂ ਦੇ ਦੇਸ਼ ਨਿਕਾਲੇ ਤੱਕ ਨਜ਼ਰਬੰਦੀ ਕੇਂਦਰ ਵਿੱਚ ਰੱਖਿਆ ਜਾਵੇਗਾ। ਇਸ ਤੋਂ ਪਹਿਲਾਂ ਮਕਾਨ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰੀ ਹਰਦੀਪ ਸਿੰਘ ਪੁਰੀ ਨੇ ਸ਼ਰਨਾਰਥੀਆਂ ਨੂੰ ਫਲੈਟ ਦੇਣ ਬਾਰੇ ਟਵੀਟ ਕੀਤਾ ਸੀ। ਜਦਕਿ ਮਗਰੋਂ ਕੇਂਦਰ ਸਰਕਾਰ ਨੇ ਕਿਹਾ ਕਿ ਅਜਿਹੀ ਕੋਈ ਤਜਵੀਜ਼ ਨਹੀਂ ਹੈ। ਰੋਹਿੰਗੀਆ ਪਰਵਾਸੀਆਂ ਨੂੰ ਨਵੀਂ ਥਾਂ ’ਤੇ ਤਬਦੀਲ ਕਰਨ ਦੀ ਤਜਵੀਜ਼ ’ਤੇ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਉਨ੍ਹਾਂ ਦਿੱਲੀ ਸਰਕਾਰ ਨੂੰ ਇਹ ਯਕੀਨੀ ਬਣਾਉਣ ਲਈ ਕਿਹਾ ਹੈ ਕਿ ਉਹ ਮੌਜੂਦਾ ਸਥਾਨ ’ਤੇ ਹੀ ਰਹਿਣ। ਕੇਂਦਰੀ ਮੰਤਰੀ ਹਰਦੀਪ ਪੁਰੀ ਨੇ ਟਵੀਟ ਕੀਤਾ ਸੀ ਕਿ ਮਦਨਪੁਰ ਖਾਦਰ ਖੇਤਰ ਵਿੱਚ ਤੰਬੂਆਂ ’ਚ ਰਹਿ ਰਹੇ ਲਗਭਗ 1100 ਰੋਹਿੰਗੀਆ ਸ਼ਰਨਾਰਥੀਆਂ ਨੂੰ ਬੁਨਿਆਦੀ ਸਹੂਲਤਾਂ ਵਾਲੇ ਫਲੈਟ ਤੇ ਚੌਵੀ ਘੰਟੇ ਸੁਰੱਖਿਆ ਦੇਣ ਦੀ ਯੋਜਨਾ ਬਣਾਈ ਜਾ ਰਹੀ ਹੈ। ਪੁਰੀ ਨੇ ਕਿਹਾ ਸੀ ਕਿ ਭਾਰਤ ਨੇ ਹਮੇਸ਼ਾ ਉਨ੍ਹਾਂ ਲੋਕਾਂ ਦਾ ਸਵਾਗਤ ਕੀਤਾ ਹੈ ਜਿਨ੍ਹਾਂ ਨੇ ਦੇਸ਼ ਵਿੱਚ ਸ਼ਰਨ ਲਈ ਹੈ। ਪੁਰੀ ਨੇ ਕਿਹਾ, ‘ਭਾਰਤ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀਆਂ ਬਾਰੇ ਸੰਧੀ-1951 ਦਾ ਸਤਿਕਾਰ ਕਰਦਾ ਹੈ ਅਤੇ ਉਸ ਦਾ ਪਾਲਣ ਕਰਦਾ ਹੈ। ਨਸਲ ਜਾਂ ਧਰਮ ਦੀ ਪ੍ਰਵਾਹ ਕੀਤੇ ਬਿਨਾਂ ਪਨਾਹ ਮੁਹੱਈਆ ਕਰਵਾਉਂਦਾ ਹੈ।’ ਪੁਰੀ ਮੁਤਾਬਕ ਕੇਂਦਰ ਨੇ ਮੁੱਖ ਸਕੱਤਰ ਨੂੰ ਰੂਪ-ਰੇਖਾ ਤਿਆਰ ਕਰਨ ਲਈ ਕਿਹਾ ਸੀ। ਇਸ ਤੋਂ ਬਾਅਦ ਨਵੀਂ ਦਿੱਲੀ ਮਿਉਂਸਿਪਲ ਕੌਂਸਲ (ਐਨਡੀਐਮਸੀ) ਨੂੰ ਬਾਹਰੀ ਦਿੱਲੀ ਦੇ ਬੱਕਰਵਾਲਾ ਪਿੰਡ ਵਿੱਚ ਪਏ ਖਾਲੀ ਫਲੈਟ ਤਿਆਰ ਕਰਨ ਲਈ ਕਿਹਾ ਗਿਆ ਸੀ। ਐਨਡੀਐਮਸੀ ਅਧਿਕਾਰੀਆਂ ਨੇ ਦੱਸਿਆ ਸੀ ਕਿ ਪਿੰਡ ਵਿੱਚ 250 ਫਲੈਟ ਹਨ ਤੇ ਮਦਨਪੁਰ ਖਾਦਰ ਕੈਂਪਾਂ ਵਿੱਚ ਰਹਿ ਰਹੇ ਸਾਰੇ 1,100 ਰੋਹਿੰਗੀਆ ਨੂੰ ਉੱਥੇ ਤਬਦੀਲ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ਐਨਡੀਐਮਸੀ ਕੇਂਦਰ ਸਰਕਾਰ ਅਧੀਨ ਹੈ।    

ਸ਼ਰਨਾਰਥੀਆਂ ਦੇ ਮੁੱਦੇ ਉਤੇ ‘ਆਪ’ ਨੇ ਭਾਜਪਾ ’ਤੇ ਨਿਸ਼ਾਨਾ ਸੇਧਿਆ

ਦਿੱਲੀ ਦੀ ਸੱਤਾਧਾਰੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਸ਼ਰਨਾਰਥੀਆਂ ਨੂੰ ਤਬਦੀਲ ਕਰਨ ਦੇ ਕਦਮ ਦਾ ਵਿਰੋਧ ਕਰਦਿਆਂ ਕਿਹਾ ਸੀ ਦਿੱਲੀ ਦੇ ਲੋਕ ਇਸ ਪ੍ਰਸਤਾਵ ਨੂੰ ਰੱਦ ਕਰ ਦੇਣਗੇ। ਉਨ੍ਹਾਂ ਇਸ ਨੂੰ ਦੇਸ਼ ਦੀ ਸੁਰੱਖਿਆ ਤੇ ਦਿੱਲੀ ਲਈ ‘ਵੱਡਾ ਖ਼ਤਰਾ’ ਕਰਾਰ ਦਿੱਤਾ ਸੀ।  ‘ਆਪ’ ਦੇ ਬੁਲਾਰੇ ਸੌਰਭ ਭਾਰਦਵਾਜ ਨੇ ਦੋਸ਼ ਲਾਇਆ ਕਿ ਦੇਸ਼ ਦੀ ਸੁਰੱਖਿਆ ਨਾਲ ਖੇਡਣ ਦੀ ਭਾਜਪਾ ਦੀ ਇੱਕ ਵੱਡੀ ਸਾਜ਼ਿਸ਼ ਦਾ ਹੁਣ ਪਰਦਾਫਾਸ਼ ਹੋ ਗਿਆ ਹੈ। ਉਨ੍ਹਾਂ ਕਿਹਾ ਸੀ ਕਿ ‘ਆਪ’ ਅਜਿਹਾ ਬਿਲਕੁਲ ਨਹੀਂ ਹੋਣ ਦੇਵੇਗੀ। ਭਾਰਦਵਾਜ ਨੇ ਕਿਹਾ ਸੀ ਕਿ ਭਾਜਪਾ ਚਾਹੇ ਤਾਂ ਉਨ੍ਹਾਂ ਨੂੰ ਆਪਣੇ ਅਧੀਨ ਸੂਬਿਆਂ ਵਿਚ ਵਸਾ ਸਕਦੀ ਹੈ। ਇਸੇ ਦੌਰਾਨ ਰਾਜ ਸਭਾ ਮੈਂਬਰ ਵਿਕਰਮਜੀਤ ਸਿੰਘ ਸਾਹਨੀ ਨੇ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਅਫ਼ਗਾਨ ਸ਼ਰਨਾਰਥੀਆਂ ਨੂੰ ਈਡਬਲਿਊਐੱਸ ਫਲੈਟ ਮੁਹੱਈਆ ਕਰਵਾਏ ਜਾਣ। 

ਰੋਹਿੰਗੀਆ ਸ਼ਰਨਾਰਥੀ ਕੌਮੀ ਸੁਰੱਖਿਆ ਲਈ ‘ਖ਼ਤਰਾ’: ਭਾਜਪਾ

ਨਵੀਂ ਦਿੱਲੀ: ਭਾਜਪਾ ਨੇ ਕਿਹਾ ਕਿ ਗ਼ੈਰਕਾਨੂੰਨੀ ਪਰਵਾਸੀ ਕੌਮੀ ਸੁਰੱਖਿਆ ਲਈ ‘ਖ਼ਤਰਾ’ ਹਨ ਤੇ ਮੋਦੀ ਸਰਕਾਰ ਕਦੇ ਵੀ ਇਸ ਮੁੱਦੇ ਉਤੇ ਸਮਝੌਤਾ ਨਹੀਂ ਕਰੇਗੀ। ਭਾਜਪਾ ਦੇ ਬੁਲਾਰੇ ਗੌਰਵ ਭਾਟੀਆ ਨੇ ਕਿਹਾ ਕਿ ‘ਅਰਵਿੰਦ ਕੇਜਰੀਵਾਲ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੇ ਹਨ ਤੇ ਕੌਮੀ ਸੁਰੱਖਿਆ ਨੂੰ ਅਣਗੌਲਿਆਂ ਕਰ ਰਹੇ ਹਨ।’ ਭਾਟੀਆ ਨੇ ਸਵਾਲ ਕੀਤਾ, ‘ਫਿਰ ਕਿਉਂ 29 ਜੁਲਾਈ ਨੂੰ ਦਿੱਲੀ ਦੇ ਮੁੱਖ ਸਕੱਤਰ ਦੀ ਅਗਵਾਈ ਵਿਚ ਹੋਈ ਮੀਟਿੰਗ ਵਿਚ ਜਲਦਬਾਜ਼ੀ ’ਚ ਫ਼ੈਸਲਾ ਲਿਆ ਗਿਆ ਸੀ ਕਿ ਸਾਰੇ ਘੁਸਪੈਠੀਆਂ ਨੂੰ ਈਡਬਲਿਊਐੱਸ ਫਲੈਟਾਂ ’ਚ ਤਬਦੀਲ ਕੀਤਾ ਜਾਵੇਗਾ।’ ਉਨ੍ਹਾਂ ਕਿਹਾ ਕਿ ਰੋਹਿੰਗੀਆ ਸ਼ਰਨਾਰਥੀਆਂ ਨੂੰ ਹਰ ਹਾਲ ਵਾਪਸ ਭੇਜਿਆ ਜਾਵੇਗਾ। ਇਸੇ ਦੌਰਾਨ ਵਿਸ਼ਵ ਹਿੰਦੂ ਪ੍ਰੀਸ਼ਦ ਦੇ ਕਾਰਜਕਾਰੀ ਪ੍ਰਧਾਨ ਆਲੋਕ ਕੁਮਾਰ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਸੰਸਦ ਵਿੱਚ ਦਿੱਤੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਉਨ੍ਹਾਂ ਨੇ ਉਦੋਂ ਕਿਹਾ ਸੀ ਕਿ ਰੋਹਿੰਗੀਆ ਸ਼ਰਨਾਰਥੀਆਂ ਨੂੰ ਭਾਰਤ ਸਵੀਕਾਰ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਬੰਗਲਾਦੇਸ਼ ਤੋਂ ਆਏ ਹਿੰਦੂ ਅਤੇ ਸਿੱਖ ਸ਼ਰਨਾਰਥੀ ਤਰਸਯੋਗ ਹਾਲਤ ਵਿਚ ਅੱਜ ਵੀ ਦਿੱਲੀ ਸਮੇਤ ਦੇਸ਼ ਦੀਆਂ ਵੱਖ-ਵੱਖ ਥਾਵਾਂ ’ਤੇ ਬੁਨਿਆਦੀ ਸਹੂਲਤਾਂ ਤੋਂ ਸੱਖਣੇ ਮਾੜੇ ਹਾਲਾਤ ’ਚ ਰਹਿਣ ਲਈ ਮਜਬੂਰ ਹਨ। -ਪੀਟੀਆਈ 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਮੁੱਖ ਖ਼ਬਰਾਂ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਸਰਕਾਰ ਨੇ 10 ਯੂ-ਟਿਊਬ ਚੈਨਲਾਂ ’ਤੇ ਪਈਆਂ 45 ਵੀਡੀਓਜ਼ ਬਲਾਕ ਕੀਤੀਆਂ: ਠਾਕੁਰ

ਵੀਡੀਓਜ਼ ਵਿੱਚ ਸੀ ਵੱਖ-ਵੱਖ ਧਰਮਾਂ ਦੇ ਫਿਰਕਿਆਂ ਵਿਚਾਲੇ ਨਫ਼ਰਤ ਫੈਲਾਉਣ...

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਸੀਯੂਈਟੀ-ਪੀਜੀ ਦਾ ਨਤੀਜਾ ਐਲਾਨਿਆ

ਕੌਮੀ ਟੈਸਟਿੰਗ ਏਜੰਸੀ ਨੇ ਪ੍ਰੀਖਿਆ ਦੇ ਵਿਸ਼ਾ ਵਾਰ ਟੌਪਰਾਂ ਦਾ ਐਲਾਨ ਕੀਤ...

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸੁਪਰੀਮ ਕੋਰਟ ਨੇ ਚੋਣ ਨਿਸ਼ਾਨ ਅਲਾਟ ਕਰਨ ਦੇ ਮੁੱਦੇ ਬਾਰੇ ਪਟੀਸ਼ਨ ਖਾਰਜ ਕੀਤੀ

ਸਿਖਰਲੀ ਅਦਾਲਤ ਵੱਲੋਂ ਪਟੀਸ਼ਨ ਚੋਣ ਅਮਲ ’ਚ ਅੜਿੱਕਾ ਕਰਾਰ

ਸ਼ਹਿਰ

View All