ਮਹੋਬਾ(ਯੂਪੀ), 3 ਮਈ
ਮਹੋਬਾ ਜ਼ਿਲ੍ਹੇ ਦੇ ਧਾਵਰ ਪਿੰਡ ਵਿੱਚ ਬਾਰਾਤ ਲੈ ਕੇ ਬਹੁੜੇ ਨੌਜਵਾਨ ਨੇ ਇਹ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਦੋ ਦੇ ਪਹਾੜੇ ਦੀ ਉਸ ਦੀ ਜ਼ਿੰਦਗੀ ’ਚ ਕਿੰਨੀ ਅਹਿਮੀਅਤ ਸਾਬਤ ਹੋਵੇਗੀ। ਵਿਆਹ ਦੌਰਾਨ ਫੁੱਲ ਮਾਲਾਵਾਂ ਪਾਉਣ ਤੋਂ ਐਨ ਪਹਿਲਾਂ ਕੁੜੀ ਨੇ ਮੁੰਡੇ ਨੂੰ ਆਖਿਆ ਕਿ ਫੁੱਲ ਮਾਲਾਵਾਂ ਤਾਂ ਹੀ ਬਦਲੀਆਂ ਜਾਣਗੀਆਂ ਜੇ ਕਰ ਉਹ ਦੋ ਦਾ ਪਹਾੜਾ ਸੁਣਾਏਗਾ। ਨੌਜਵਾਨ ਪਹਾੜਾ ਸੁਣਾਉਣ ਵਿੱਚ ਨਾਕਾਮ ਰਿਹਾ ਤੇ ਆਖਿਰ ਨੂੰ ਲੜਕੀ ਦੇ ਪਰਿਵਾਰ ਨੇ ਵਿਆਹ ਰੱਦ ਕਰ ਦਿੱਤਾ। ਪਨਵਾਰੀ ਥਾਣੇ ਦੇ ਇੰਚਾਰਜ ਵਿਨੋਦ ਕੁਮਾਰ ਨੇ ਕਿਹਾ ਕਿ ਵਿਆਹ ਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਰੱਖਿਆ ਗਿਆ ਸੀ, ਪਰ ਮੁੰਡੇ ਵਾਲਿਆਂ ਨੇ ਇਸ ਗੱਲ ਦਾ ਓਹਲਾ ਰੱਖਿਆ ਕਿ ਮੁੰਡਾ ਪੜ੍ਹਾਈ ਪੱਖੋਂ ਕੋਰਾ ਹੈ। ਕੁੜੀ ਨੂੰ ਇਸ ਗੱਲ ਦੀ ਭਿਣਕ ਲੱਗੀ ਤਾਂ ਉਸ ਨੇ ਮੁੰਡੇ ਅੱਗੇ ਇਹ ਸ਼ਰਤ ਰੱਖ ਦਿੱਤੀ। ਪੁਲੀਸ ਨੇ ਇਸ ਮਾਮਲੇ ’ਚ ਕੋਈ ਕੇਸ ਦਰਜ ਨਹੀਂ ਕੀਤਾ, ਕਿਉਂਕਿ ਆਪਸੀ ਰਜ਼ਾਮੰਦੀ ਮਗਰੋਂ ਦੋਵਾਂ ਪਰਿਵਾਰਾਂ ਨੇ ਇਕ ਦੂਜੇ ਵੱਲੋਂ ਦਿੱਤੇ ਤੋਹਫ਼ੇ ਤੇ ਗਹਿਣੇ ਮੋੜ ਦਿੱਤੇ। -ਆਈਏਐੱਨਐੱਸ