ਨਵੀਂ ਦਿੱਲੀ/ਪੇਈਚਿੰਗ, 3 ਜੂਨ
ਮੁੱਖ ਅੰਸ਼
- 6 ਜੂਨ ਦੀ ਮੀਟਿੰਗ ਤੋਂ ਪਹਿਲਾਂ ਦੋਵਾਂ ਮੁਲਕਾਂ ਦੀ ਅਹਿਮ ਪੇਸ਼ਕਦਮੀ
- ਸਰਹੱਦੀ ਵਿਵਾਦ ਸੁਲਝਾਉਣ ਲਈ ਕਿਸੇ ਤੀਜੀ ਧਿਰ ਦੀ ਲੋੜ ਨਹੀਂ: ਚੀਨ
ਸ਼ਨਿੱਚਰਵਾਰ ਨੂੰ ਹੋਣ ਵਾਲੀ ਲੈੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀਆਂ ਦੀ ਮੀਟਿੰਗ ਤੋਂ ਪਹਿਲਾਂ ਲੱਦਾਖ ਦੀ ਗਲਵਾਨ ਵਾਦੀ ਵਿੱਚ ਭਾਰਤ ਤੇ ਚੀਨ ਦੀਆਂ ਫੌਜਾਂ ਆਪੋ-ਆਪਣੀਆਂ ਮੌਜੂਦਾ ਪੁਜ਼ੀਸ਼ਨਾਂ ਤੋਂ ਕੁਝ ਪਿੱਛੇ ਹਟ ਗਈਆਂ ਹਨ। ਸੂਤਰਾਂ ਮੁਤਾਬਕ ਚੀਨੀ ਫੌਜ 2 ਕਿਲੋਮੀਟਰ ਤੇ ਭਾਰਤੀ ਫੌਜ ਆਪਣੀ ਮੌਜੂਦਾ ਜਗ੍ਹਾ ਤੋਂ ਇਕ ਕਿਲੋਮੀਟਰ ਪਿੱਛੇ ਹਟੀ ਹੈ। ਪਿਛਲੇ ਦਿਨੀਂ ਪੂਰਬੀ ਲੱਦਾਖ ’ਚ ਪੈਂਗੌਂਗ ਝੀਲ ਤੇ ਗਲਵਾਨ ਵਾਦੀ ਇਲਾਕਿਆਂ ਵਿੱਚ ਚਾਰ ਵੱਖ ਵੱਖ ਥਾਈਂ ਭਾਰਤ ਤੇ ਚੀਨ ਦੀਆਂ ਫੌਜਾਂ ਦਰਮਿਆਨ ਟਕਰਾਅ ਕਰਕੇ ਅਸਲ ਕੰਟਰੋਲ ਰੇਖਾ ਦੇ ਨਾਲ ਤਣਾਅ ਵਾਲੀ ਸਥਿਤੀ ਬਣੀ ਹੋਈ ਹੈ। ਹਾਲਾਂਕਿ ਦੋਵੇਂ ਮੁਲਕ ਤਲਖੀ ਨੂੰ ਘਟਾਉਣ ਲਈ ਸਫ਼ਾਰਤੀ ਚੈਨਲਾਂ ਤੇ ਮੌਜੂਦਾ ਵਿਵਸਥਾਵਾਂ ਰਾਹੀਂ ਇਕ ਦੂਜੇ ਦੇ ਸੰਪਰਕ ਵਿੱਚ ਹਨ।
ਮੰਗਲਵਾਰ ਨੂੰ ਮੇਜਰ ਜਨਰਲ ਪੱਧਰ ਦੇ ਅਧਿਕਾਰੀਆਂ ਵਿਚਾਲੇ ਹੋਈ ਗੱਲਬਾਤ ਮਗਰੋਂ ਹੁਣ 6 ਜੂਨ ਨੂੰ ਲੈਫਟੀਨੈਂਟ ਜਨਰਲ ਪੱਧਰ ਦੇ ਅਧਿਕਾਰੀ ਇਕ ਦੂਜੇ ਨਾਲ ਸੰਵਾਦ ਕਰਨਗੇ। ਭਾਰਤੀ ਵਫ਼ਦ ਦੀ ਅਗਵਾਈ ਲੇਹ ਅਧਾਰਿਤ 14ਵੀਂ ਕੋਰ ਦੇ ਕੋਰ ਕਮਾਂਡਰ ਕਰਨਗੇ। ਉਧਰ ਅੱਜ ਭਾਰਤ-ਚੀਨ ਵਿਚਾਲੇ ਹੱਦਬੰਦੀ ਸਬੰਧੀ ਤਾਜ਼ਾ ਵਿਵਾਦ ’ਚ ਕਿਸੇ ‘ਤੀਜੀ ਧਿਰ’ ਦੀ ਦਖ਼ਲਅੰਦਾਜ਼ੀ ਦੀ ਲੋੜ ਨਾ ਹੋਣ ’ਤੇ ਜ਼ੋਰ ਦਿੰਦਿਆਂ ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਜ਼ਾਓ ਲਿਜੀਅਨ ਨੇ ਕਿਹਾ ਸਰਹੱਦ ਦੇ ਮਸਲੇ ’ਤੇ ਭਾਰਤ ਨਾਲ ਚੀਨ ਦੀ ਸਥਿਤੀ ‘ਸਪੱਸ਼ਟ’ ਹੈ ਅਤੇ ਦੋਵੇਂ ਦੇਸ਼ ਮਸਲੇ ਨੂੰ ਸੁਲਝਾਉਣ ਦੇ ਸਮਰੱਥ ਹਨ। ਜ਼ਾਓ ਨੇ ਕਿਹਾ ਕਿ ਭਾਰਤ-ਚੀਨ ਸਰਹੱਦ ’ਤੇ ਸਥਿਤੀ ਸਥਿਰ ਅਤੇ ਕਾਬੂ ਹੇੇਠ ਹੈ। ਇਸ ਦੌਰਾਨ ਭਾਰਤ ਅਤੇ ਚੀਨ ਦੇ ਊਸਾਰੂ ਸਬੰਧਾਂ ਨੂੰ ਖੇਤਰੀ ਸਥਿਰਤਾ ਦੀ ‘ਕੁੰਜੀ’ ਦੱਸਦਿਆਂ ਰੂਸ ਨੇ ਉਮੀਦ ਪ੍ਰਗਟਾਈ ਕਿ ਭਾਰਤ ਤੇ ਚੀਨ ਜਲਦੀ ਹੀ ਪੂਰਬੀ ਲੱਦਾਖ ’ਚ ਪੈਦਾ ਹੋਏ ਤਣਾਅ ਨੂੰ ਸੁਲਝਾ ਲੈਣਗੇ।
-ਏਜੰਸੀ