ਨਵੀਂ ਦਿੱਲੀ, 20 ਸਤੰਬਰ
ਚੋਣ ਕਮਿਸ਼ਨ ਨੇ ਕੇਂਦਰੀ ਸਿੱਧੇ ਟੈਕਸਾਂ ਬਾਰੇ ਬੋਰਡ ਨੂੰ ਚੇਤੇ ਕਰਵਾਇਆ ਹੈ ਕਿ ਊਹ ਮਹਾਰਾਸ਼ਟਰ ਦੇ ਮੁੱਖ ਮੰਤਰੀ ਊਧਵ ਠਾਕਰੇ, ਊਸ ਦੇ ਪੁੱਤਰ ਮੰਤਰੀ ਅਦਿੱਤਿਆ ਠਾਕਰੇ ਅਤੇ ਐੱਨਸੀਪੀ ਦੀ ਲੋਕ ਸਭਾ ਮੈਂਬਰ ਸੁਪ੍ਰਿਆ ਸੁਲੇ ਵੱਲੋਂ ਦਾਖ਼ਲ ਝੂਠੇ ਹਲਫ਼ਨਾਮਿਆਂ ਦੇ ਦੋਸ਼ਾਂ ਦੀ ਜਾਂਚ ਕਰੇ। ਸੂਤਰਾਂ ਨੇ ਕਿਹਾ ਕਿ ਸਿੱਧੇ ਕੇਂਦਰੀ ਟੈਕਸਾਂ ਬਾਰੇ ਬੋਰਡ ਨੂੰ ਮਹੀਨਾ ਕੁ ਪਹਿਲਾਂ ਸ਼ਿਕਾਇਤਾਂ ਭੇਜੀਆਂ ਗਈਆਂ ਸਨ। ਸੀਬੀਡੀਟੀ ਨੂੰ ਬੇਨਤੀ ਕੀਤੀ ਗਈ ਸੀ ਕਿ ਊਹ ਚੋਣ ਹਲਫ਼ਨਾਮਿਆਂ ਨਾਲ ਦਾਖ਼ਲ ਸੰਪਤੀਆਂ ਦੇ ਵੇਰਵਿਆਂ ਬਾਰੇ ਤਸਦੀਕ ਕਰਨ। ਮੌਜੂਦਾ ਸਮੇਂ ’ਚ ਲੋਕ ਪ੍ਰਤੀਨਿਧ ਐਕਟ ਦੀ ਧਾਰਾ 125ਏ ਤਹਿਤ ਜੇਕਰ ਕੋਈ ਵਿਅਕਤੀ ਹਲਫ਼ਨਾਮੇ ’ਚ ਗਲਤ ਜਾਣਕਾਰੀ ਦਿੰਦਾ ਹੈ ਤਾਂ ਊਸ ਨੂੰ ਛੇ ਮਹੀਨਿਆਂ ਦੀ ਜੇਲ੍ਹ ਜਾਂ ਜੁਰਮਾਨਾ ਹੋ ਸਕਦਾ ਹੈ ਜਾਂ ਦੋਵੇਂ ਸਜ਼ਾਵਾਂ ਹੋ ਸਕਦੀਆਂ ਹਨ। ਇਸ ਸਾਲ ਜੂਨ ਤੱਕ ਚੋਣ ਕਮਿਸ਼ਨ ਸ਼ਿਕਾਇਤਕਰਤਾਵਾਂ ਨੂੰ ਆਖਦਾ ਸੀ ਕਿ ਊਹ ਝੂਠੇ ਹਲਫ਼ਨਾਮਿਆਂ ਦੇ ਮਾਮਲਿਆਂ ’ਚ ਸਿੱਧੇ ਹੀ ਅਦਾਲਤਾਂ ਕੋਲ ਪਹੁੰਚ ਕਰਨ। 16 ਜੂਨ ਨੂੰ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ ਊਹ ਅਪਰਾਧਿਕ ਇਤਿਹਾਸ, ਸੰਪਤੀਆਂ, ਦੇਣਦਾਰੀਆਂ ਅਤੇ ਵਿਦਿਅਕ ਯੋਗਤਾ ਬਾਰੇ ਚੋਣ ਹਲਫ਼ਨਾਮਿਆਂ ਦੌਰਾਨ ਗਲਤ ਜਾਂ ਝੂਠੀ ਜਾਣਕਾਰੀ ਦੇਣ ਸਬੰਧੀ ਸ਼ਿਕਾਇਤਾਂ ਦਾ ਖੁਦ ਨੋਟਿਸ ਲੈਂਦਿਆਂ ਯੋਗ ਏਜੰਸੀਆਂ ਕੋਲ ਇਹ ਮਾਮਲੇ ਪਹੁੰਚਾਊਣਗੀਆਂ। –ਪੀਟੀਆਈ