DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

TET Exam: ਹੁਣ ਮਹਾਰਾਸ਼ਟਰ ‘ਟੈੱਟ’ ਪੇਪਰ ਲੀਕ

ਪ੍ਰੀਖਿਆ ਮੁਲਤਵੀ; ਪੁਲੀਸ ਨੇ ਤਿੰਨ ਜਣੇ ਹਿਰਾਸਤ ’ਚ ਲਏ; ਸਿਟ ਕਾਇਮ

  • fb
  • twitter
  • whatsapp
  • whatsapp
featured-img featured-img
ਯੂਥ ਕਾਂਗਰਸ ਦੇ ਕਾਰਕੁਨ ਸ਼ਨਿਚਰਵਾਰ ਨੂੰ ਨਵੀਂ ਦਿੱਲੀ ’ਚ ਰਾਜ ਘਾਟ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਖਿਲਾਫ਼ ਮੁਜ਼ਾਹਰਾ ਕਰਦੇ ਹੋਏ। -ਫੋਟੋ: ਮੁਕੇਸ਼ ਅਗਰਵਾਲ
Advertisement

ਮਹਾਰਾਸ਼ਟਰ ’ਚ ਐਤਵਾਰ ਨੂੰ ਹੋਣ ਵਾਲੀ ਅਧਿਆਪਕ ਯੋਗਤਾ ਪ੍ਰੀਖਿਆ (ਟੀ ਈ ਟੀ) ਦਾ ਪੇਪਰ ਲੀਕ ਹੋਣ ਕਾਰਨ ਉਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਇਹ ਫ਼ੈਸਲਾ ਠਾਣੇ ਜ਼ਿਲ੍ਹੇ ਦੇ ਭਿਵੰਡੀ ’ਚ ਛਾਪੇ ਮਗਰੋਂ ਲਿਆ ਗਿਆ ਜਿਸ ’ਚ ਕੁਝ ਵਿਅਕਤੀਆਂ ਕੋਲੋਂ ਚਾਰ ਪ੍ਰਸ਼ਨ ਪੱਤਰ ਮਿਲੇ, ਜਿਹੜੇ ਭਲਕੇ ਵਰਤੇ ਜਾਣੇ ਸਨ। ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਪੁਸ਼ਟੀ ਕੀਤੀ ਕਿ ਇਹ ਅਸਲ ਪੇਪਰ ਹੀ ਸਨ। ਭਿਵੰਡੀ ਥਾਣੇ ’ਚ ਤਿੰਨ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰ ਕੇ ਉਨ੍ਹਾਂ ਨੂੰ ਹਿਰਾਸਤ ’ਚ ਲਿਆ ਗਿਆ ਹੈ। ਠਾਣੇ ਦੇ ਵਧੀਕ ਕਮਿਸ਼ਨਰ ਅਸ਼ੋਕ ਦੂਧੇ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਵਿਸ਼ੇਸ਼ ਜਾਂਚ ਟੀਮ (ਸਿਟ) ਬਣਾ ਦਿੱਤੀ ਗਈ ਹੈ। ਇਸ ਦੌਰਾਨ ਵਿਰੋਧੀ ਧਿਰ ਨੇ ਦੋਸ਼ ਲਾਇਆ ਕਿ ਪੇਪਰ ਲੀਕ ਹੁਣ ਮਹਾਰਾਸ਼ਟਰ ਸਰਕਾਰ ਦੀ ਪਛਾਣ ਬਣ ਚੁੱਕੇ ਹਨ।

ਮਹਾਰਾਸ਼ਟਰ ਰਾਜ ਪ੍ਰੀਖਿਆ ਪਰਿਸ਼ਦ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਉਹ ਪ੍ਰੀਖਿਆ ਪੂਰੀ ਪਾਰਦਰਸ਼ਤਾ ਨਾਲ ਕਰਾਉਣ ਲਈ ਵਚਨਬੱਧ ਹੈ ਅਤੇ ਹਾਲਾਤ ਦੀ ਗੰਭੀਰਤਾ ਨੂੰ ਦੇਖਦਿਆਂ 28 ਜੂਨ ਨੂੰ ਹੋਣ ਵਾਲੀ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪ੍ਰੀਖਿਆ ਲਈ ਉਮੀਦਵਾਰਾਂ ਤੋਂ ਦੁਬਾਰਾ ਰਜਿਸਟਰੇਸ਼ਨ ਫੀਸ ਨਹੀਂ ਲਈ ਜਾਵੇਗੀ।

Advertisement

ਪੇਪਰ ਲੀਕ ਹੋਣ ’ਤੇ ਸੂਬਾ ਸਰਕਾਰ ਨੂੰ ਘੇਰਦਿਆਂ ਮਹਾਰਾਸ਼ਟਰ ਕਾਂਗਰਸ ਪ੍ਰਧਾਨ ਹਰਸ਼ਵਰਧਨ ਸਪਕਾਲ ਨੇ ਸਵਾਲ ਕੀਤਾ ਕਿ ਲੱਖਾਂ ਵਿਦਿਆਰਥੀਆਂ ਦਾ ਭਵਿੱਖ ਬਰਬਾਦ ਕਰਨ ਵਾਲੇ ਰੈਕੇਟ ਨੂੰ ਕਿਸ ਦੀ ਸਿਆਸੀ ਸਰਪ੍ਰਸਤੀ ਹਾਸਲ ਹੈ। ਉਨ੍ਹਾਂ ਟੀ ਈ ਟੀ ਪੇਪਰ ਲੀਕ ਮਾਮਲੇ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ। ਕਾਂਗਰਸ ਵਿਧਾਇਕ ਦਲ ਦੇ ਆਗੂ ਵਿਜੈ ਵਡੈੱਤੀਵਾਰ ਨੇ ਇਸ ਨੂੰ ਵਿਦਿਆਰਥੀਆਂ ਦੇ ਸੁਪਨਿਆਂ ਦੀ ਚੋਰੀ ਦੱਸਦਿਆਂ ਸਰਕਾਰ ਦੀ ਨਾਕਾਮੀ ਕਰਾਰ ਦਿੱਤਾ। ਐੱਨ ਸੀ ਪੀ (ਐੱਸ ਪੀ) ਦੇ ਤਰਜਮਾਨ ਅਮੋਲ ਮਾਤਲੇ ਨੇ ਦੋਸ਼ ਲਾਇਆ ਕਿ ਪਿਛਲੀਆਂ ਘਟਨਾਵਾਂ ਦੇ ਬਾਵਜੂਦ ਕੋਈ ਸਖ਼ਤ ਕਾਰਵਾਈ ਨਹੀਂ ਹੋਈ, ਜਿਸ ਤੋਂ ਜਾਪਦਾ ਹੈ ਕਿ ਸਰਕਾਰ ਨਾਲ ਜੁੜੇ ਲੋਕ ਹੀ ਇਸ ਰੈਕੇਟ ਵਿੱਚ ਸ਼ਾਮਲ ਹਨ।

Advertisement

ਮਹਾਰਾਸ਼ਟਰ ’ਚ ਪੇਪਰ ਲੀਕ ਨਹੀਂ, ਨੌਜਵਾਨਾਂ ਦਾ ਭਵਿੱਖ ਚੋਰੀ ਹੋਇਆ: ਰਾਹੁਲ

ਨਵੀਂ ਦਿੱਲੀ: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਅੱਜ ਮਹਾਰਾਸ਼ਟਰ ਅਧਿਆਪਕ ਯੋਗਤਾ ਟੈਸਟ (ਟੀ ਈ ਟੀ) ਦੇ ਕਥਿਤ ਪੇਪਰ ਲੀਕ ਹੋਣ ਅਤੇ ਪ੍ਰੀਖਿਆ ਮੁਲਤਵੀ ਕੀਤੇ ਜਾਣ ਦੀ ਘਟਨਾ ਨੂੰ ਨੌਜਵਾਨਾਂ ਦੇ ਭਵਿੱਖ ਨਾਲ ਚੋਰੀ ਕਰਾਰ ਦਿੱਤਾ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਐਕਸ ’ਤੇ ਪੋਸਟ ਵਿੱਚ ਕਿਹਾ, ‘‘ਇੱਕ ਹੋਰ ਪੇਪਰ ਲੀਕ। ਇੱਕ ਹੋਰ ਪ੍ਰੀਖਿਆ ਰੱਦ। ਇਸ ਵਾਰ ਮਹਾਰਾਸ਼ਟਰ ਦੀ ਟੀ ਈ ਟੀ। ਦੇਸ਼ ਦੀ ਸਿੱਖਿਆ ਅਤੇ ਪ੍ਰੀਖਿਆ ਪ੍ਰਣਾਲੀ ਨੂੰ ਜਬਰਨ ਵਸੂਲੀ ਸਿਸਟਮ ’ਚ ਬਦਲ ਦਿੱਤਾ ਗਿਆ ਹੈ, ਜਿਸ ਨਾਲ ਦੇਸ਼ ਦਾ ਹਰ ਨੌਜਵਾਨ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਇਹ ਸਿਰਫ਼ ਪੇਪਰ ਲੀਕ ਨਹੀਂ ਸਗੋਂ ਨੌਜਵਾਨਾਂ ਦੇ ਭਵਿੱਖ ਦੀ ਚੋਰੀ ਹੈ।’’ -ਪੀਟੀਆਈ

ਦੀਪਕੇ ਨੇ ਮਹਾਰਾਸ਼ਟਰ ’ਚ ਪੇਪਰ ਲੀਕ ’ਤੇ ਸਰਕਾਰ ਨੂੰ ਘੇਰਿਆ

ਨਵੀਂ ਦਿੱਲੀ: ਕੌਕਰੋਚ ਜਨਤਾ ਪਾਰਟੀ (ਸੀ ਜੇ ਪੀ) ਦੇ ਬਾਨੀ ਅਭਿਜੀਤ ਦੀਪਕੇ ਨੇ ਮਹਾਰਾਸ਼ਟਰ ’ਚ ਟੀ ਈ ਟੀ ਪੇਪਰ ਲੀਕ ਹੋਣ ’ਤੇ ਕੇਂਦਰੀ ਸਿੱਖਿਆ ਮੰਤਰੀ ਧਰਮੇਂਦਰ ਪ੍ਰਧਾਨ ਦੇ ਅਸਤੀਫ਼ੇ ਦੀ ਮੰਗ ਦੁਹਰਾਈ ਹੈ। ਉਨ੍ਹਾਂ ਭਲਕੇ ਲੋਕਾਂ ਨੂੰ ਜੰਤਰ ਮੰਤਰ ’ਤੇ ਜੁੜਨ ਦਾ ਸੱਦਾ ਦਿੱਤਾ ਹੈ ਜਿਥੇ ਵਾਤਾਵਰਨ ਮਾਹਿਰ ਸੋਨਮ ਵਾਂਗਚੁਕ ਭੁੱਖ ਹੜਤਾਲ ਸ਼ੁਰੂ ਕਰਨਗੇ। ਇਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਨੀਟ ਵਿਵਾਦ ਤੋਂ ਬਾਅਦ ਪ੍ਰੀਖਿਆ ਤੋਂ ਸਿਰਫ਼ ਇਕ ਦਿਨ ਪਹਿਲਾਂ ਟੀ ਈ ਟੀ ਦਾ ਰੱਦ ਹੋਣਾ ਪ੍ਰਤੀਯੋਗੀ ਪ੍ਰੀਖਿਆਵਾਂ ਦੀ ਪਵਿੱਤਰਤਾ ਬਣਾਈ ਰੱਖਣ ’ਚ ਸਰਕਾਰ ਦੀ ਨਾਕਾਮੀ ਨੂੰ ਦਰਸਾਉਂਦਾ ਹੈ। ਦੀਪਕੇ ਨੇ ਭਾਜਪਾ ਸਰਕਾਰ ’ਤੇ ਤਨਜ਼ ਕੱਸਦਿਆਂ ਦੋਸ਼ ਲਾਇਆ ਕਿ ਭਾਵੇਂ ਸੂਬਾ ਹੋਵੇ ਜਾਂ ਕੌਮੀ ਪੱਧਰ, ਇਹ ਸਰਕਾਰ ਇਕ ਵੀ ਪ੍ਰੀਖਿਆ ਸਹੀ ਢੰਗ ਨਾਲ ਕਰਵਾਉਣ ਦੇ ਅਸਮਰੱਥ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪ੍ਰਬੰਧ ਸੁਧਾਰਨ ਦੀ ਬਜਾਏ ਸਿਰਫ਼ ਸਿਆਸੀ ਪਾਰਟੀਆਂ ਨੂੰ ਤੋੜਨ ਅਤੇ ਵਿਧਾਇਕਾਂ ਤੇ ਸੰਸਦ ਮੈਂਬਰਾਂ ਦੀ ਖ਼ਰੀਦੋ-ਫ਼ਰੋਖਤ ’ਚ ਰੁੱਝੀ ਹੋਈ ਹੈ। -ਪੀਟੀਆਈ

Advertisement
×