ਮਹਬਿੂਬਨਗਰ, 1 ਅਕਤੂਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਤਿਲੰਗਾਨਾ ਦੀ ਬੀਆਰਐੱਸ ਸਰਕਾਰ ’ਤੇ ਅਸਿੱਧਾ ਨਿਸ਼ਾਨਾ ਸੇਧਦਿਆਂ ਕਿਹਾ ਕਿ ਸੂਬੇ ਦੇ ਲੋਕ ਬਦਲਾਅ ਚਾਹੁੰਦੇ ਹਨ ਕਿਉਂਕਿ ਉਨ੍ਹਾਂ ਨੂੰ ਝੂੁਠੇ ਵਾਅਦਿਆਂ ਦੀ ਨਹੀਂ ਬਲਕਿ ਹਕੀਕੀ ਤੌਰ ’ਤੇ ਠੋਸ ਕੰਮਾਂ ਦੀ ਲੋੜ ਹੈ। ਇੱਥੇ ਜਨਤਕ ਰੈਲੀ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਆਖਿਆ ਕਿ ਭਾਜਪਾ ਤਿਲੰਗਾਨਾ ਦੇ ਲੋਕਾਂ ਦੀ ਜ਼ਿੰਦਗੀ ’ਚ ਸੁਧਾਰ ਲਿਆਉਣ ਲਈ ਵਚਨਬੱਧ ਹੈ। ਸ੍ਰੀ ਮੋਦੀ ਨੇ ਕਿਹਾ, ‘‘ਤਿਲੰਗਾਨਾ ਬਦਲਾਅ ਚਾਹੁੰਦਾ ਹੈ, ਕਿਉਂਕਿ ਲੋਕ ਇੱਥੇ ਭਾਜਪਾ ਸਰਕਾਰ ਚਾਹੁੰਦੇ ਹਨ।’’ ਉਨ੍ਹਾਂ ਕਿਹਾ ਕਿ ਸੂੁਬਾ ਤਬਦੀਲੀ ਚਾਹੁੰਦਾ ਹੈ ਕਿਉਂਕਿ ਇਹ ਇੱਕ ਭ੍ਰਿਸ਼ਟ ਸਰਕਾਰ ਨਹੀਂ ਬਲਕਿ ਇੱਕ ਪਾਰਦਰਸ਼ੀ ਅਤੇ ਇਮਾਨਦਾਰ ਸਰਕਾਰ ਚਾਹੁੰਦਾ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹੁਣ ਮਹਿਲਾਵਾਂ ਦੀ ਆਵਾਜ਼ ਸਿਰਫ ਸੰਸਦ ਵਿੱਚ ਹੀ ਨਹੀਂ ਸਗੋਂ ਹਰ ਵਿਧਾਨ ਸਭਾ ਵਿੱਚ ਪਹਿਲਾਂ ਨਾਲੋਂ ਹੋਰ ਮਜ਼ਬੂਤ ਹੋਵੇਗੀ। ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੂਬੇ ਵਿੱਚ 13,500 ਕਰੋੜ ਰੁਪਏ ਤੋਂ ਵੱਧ ਦੀ ਲਾਗਤ ਵਾਲੇ ਕਈ ਪ੍ਰਾਜੈਕਟਾਂ ਦੇ ਵਰਚੁਅਲੀ ਨੀਂਹ ਪੱਥਰ ਰੱਖੇ ਅਤੇ ਕਈਆਂ ਦਾ ਉਦਘਾਟਨ ਕੀਤਾ। -ਪੀਟੀਆਈ
ਪ੍ਰਧਾਨ ਮੰਤਰੀ ਨੂੰ ਜਾਗਣ ’ਚ ਸਾਢੇ ਨੌਂ ਸਾਲ ਲੱਗੇ: ਕਾਂਗਰਸ
ਨਵੀਂ ਦਿੱਲੀ: ਕਾਂਗਰਸ ਨੇ ਤਿਲੰਗਾਨਾ ’ਚ ਕੇਂਦਰੀ ਟ੍ਰਾਈਬਲ ਯੂਨੀਵਰਸਿਟੀ ਬਣਾਉਣ ਦੇ ਵਾਅਦੇ ਨੂੰ ਲੈ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਸੇਧਦਿਆਂ ਦਾਅਵਾ ਕੀਤਾ ਕਿ ਸੂਬੇ ਵਿੱਚ ਆਗਾਮੀ ਚੋਣਾਂ ’ਚ ਪਾਰਟੀ ਦੇ ਸਫ਼ਾਏ ਨੂੰ ਦੇਖਦਿਆਂ ਉਨ੍ਹਾਂ ਨੂੰ ਜਾਗਣ ’ਚ ਸਾਢੇ ਨੌਂ ਸਾਲ ਲੱਗ ਗਏ। ਕਾਂਗਰਸ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਕਿਹਾ ਕਿ ਟ੍ਰਾਈਬਲ ਯੂਨੀਵਰਸਿਟੀ ਦਾ ਵਾਅਦਾ ਆਂਧਰਾ ਪ੍ਰਦੇਸ਼ ਪੁਨਰਗਠਨ ਐਕਟ, 2014 ’ਚ ਸ਼ਾਮਲ ਹੈ, ਜਿਸ ਰਾਹੀਂ ਤਿਲੰਗਾਨਾ ਰਾਜ ਦਾ ਗਠਨ ਹੋਇਆ ਸੀ। -ਪੀਟੀਆਈ
ਸਵੱਛਤਾ ਨਾਲ ਤੰਦਰੁਸਤੀ ਅਤੇ ਭਲਾਈ ਦੇ ਮਿਸ਼ਨ ’ਤੇ ਜ਼ੋਰ
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੱਛਤਾ ਨਾਲ ਤੰਦਰੁਸਤੀ ਅਤੇ ਭਲਾਈ ਦੇ ਮਿਸ਼ਨ ’ਤੇ ਜ਼ੋਰ ਦਿੱਤਾ ਅਤੇ ਉਨ੍ਹਾਂ ਨੇ ਦੇਸ਼ਿਵਆਪੀ ਸਵੱਛਤਾ ਮੁਹਿੰਮ ਦੀ ਅਗਵਾਈ ਕੀਤੀ। ਪ੍ਰਧਾਨ ਮੰਤਰੀ ਮੋਦੀ ਫਿਟਨੈੱਸ ਇਨਫਲੂਐਂਸਰ ਅੰਕਿਤ ਬੈਯਾਨਪੁਰੀਆ ਨਾਲ ਇਸ ਮੁਹਿੰਮ ’ਚ ਸ਼ਾਮਲ ਹੋਏ। ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਗਾਂਧੀ ਜੈਅੰਤੀ (2 ਅਕਤੂਬਰ) ਤੋਂ ਇੱਕ ਦਿਨ ਪਹਿਲਾਂ 1 ਅਕਤੂਬਰ ਨੂੰ ਇੱਕ ਘੰਟਾ ‘‘ਸ਼੍ਰਮਦਾਨ’’ ਕਰਨ ਦੀ ਅਪੀਲ ਕੀਤੀ ਸੀ। ਪ੍ਰਧਾਨ ਮੰਤਰੀ ਨੇ ਆਪਣੇ ਅਧਿਕਾਰਤ ‘ਐਕਸ’ ਖਾਤੇ ’ਤੇ ਪੋਸਟ ਵੀਡੀਓ ’ਚ ਕਿਹਾ, ‘‘ਅੱਜ ਜਦੋਂ ਦੇਸ਼ ਸਵੱਛਤਾ ’ਤੇ ਧਿਆਨ ਕੇਂਦਰਤ ਕਰ ਰਿਹਾ ਹੈ ਤਾਂ ਅੰਕਿਤ ਬੈਯਾਨਪੁਰੀਆ ਅਤੇ ਮੈਂ ਵੀ ਅਜਿਹਾ ਹੀ ਕੀਤਾ। ਸਵੱਛਤਾ ਤੋਂ ਪਰ੍ਹੇ ਅਸੀਂ ਫਿਟਨੈੱਸ ਅਤੇ ਬਿਹਤਰ ਸਿਹਤ ’ਤੇ ਵੀ ਧਿਆਨ ਕੇਂਦਰਿਤ ਕੀਤਾ। ’’ ਕੇਂਦਰੀ ਆਵਾਸ ਤੇ ਸ਼ਹਿਰੀ ਮਾਮਲਿਆਂ ਬਾਰੇ ਮੰਤਰਾਲੇ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ ਦੇਸ਼ ਵਿੱਚ 9.20 ਲੱਖ ਤੋਂ ਵੱਧ ਥਾਵਾਂ ’ਤੇ ਸਵੱਛਤਾ ਪ੍ਰੋਗਰਾਮ ਕੀਤੇ ਗਏ। ਮੁਹਿੰਮ ਦੌਰਾਨ ਕੇਂਦਰੀ ਮੰਤਰੀ ਅਮਿਤ ਸ਼ਾਹ ਨੇ ਅਹਿਮਦਾਬਾਦ ਅਤੇ ਭਾਜਪਾ ਪ੍ਰਧਾਨ ਜੇ.ਪੀ. ਨੱਢਾ ਨੇ ਝੰਡੇਵਾਲਾ (ਦਿੱਲੀ) ਵਿੱਚ ਸਫ਼ਾਈ ਮੁਹਿੰਮ ’ਚ ਹਿੱਸਾ ਲਿਆ। -ਪੀਟੀਆਈ