ਅਹਿਮਦਾਬਾਦ, 28 ਅਗਸਤ
ਅਹਿਮਦਾਬਾਦ ਦੀ ਇੱਕ ਮੈਟਰੋਪਾਲਿਟਨ ਅਦਾਲਤ ਨੇ ਬਿਹਾਰ ਦੇ ਉੱਪ ਮੁੱਖ ਮੰਤਰੀ ਤੇਜਸਵੀ ਯਾਦਵ ਨੂੰ ਉਨ੍ਹਾਂ ਦੇ ਇੱਕ ਬਿਆਨ ਸਬੰਧੀ ਮਾਣਹਾਨੀ ਮਾਮਲੇ ’ਚ ਅੱਜ ਸੰਮਨ ਜਾਰੀ ਕੀਤਾ ਹੈ। ਤੇਜਸਵੀ ਨੇ ਕਿਹਾ ਸੀ ਕਿ ‘ਸਿਰਫ਼ ਗੁਜਰਾਤੀ ਹੀ ਠੱਗ ਹੋ ਸਕਦੇ ਹਨ।’ ਐਡੀਸ਼ਨਲ ਮੈਟਰੋਪਾਲਿਟਨ ਮੈਜਿਸਟਰੇਟ ਡੀ.ਜੇ. ਪਰਮਾਰ ਦੀ ਅਦਾਲਤ ਨੇ ਰਾਸ਼ਟਰੀ ਜਨਤਾ ਦਲ ਦੇ ਸੀਨੀਅਰ ਨੇਤਾ ਯਾਦਵ ਨੂੰ ਉਨ੍ਹਾਂ ਖ਼ਿਲਾਫ਼ ਦਾਇਰ ਮਾਮਲੇ ਸਬੰਧੀ 22 ਸਤੰਬਰ ਨੂੰ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਅਹਿਮਦਾਬਾਦ ਦੇ ਸਮਾਜ ਸੇਵੀ ਅਤੇ ਕਾਰੋਬਾਰੀ ਹਰੇਸ਼ ਮਹਿਤਾ ਦੀ ਸ਼ਿਕਾਇਤ ਦੇ ਆਧਾਰ ’ਤੇ ਯਾਦਵ ਖ਼ਿਲਾਫ਼ ਜਾਂਚ ਕੀਤੀ ਸੀ ਅਤੇ ਰਾਸ਼ਟਰੀ ਜਨਤਾ ਦਲ ਦੇ ਨੇਤਾ ਨੂੰ ਤਲਬ ਕਰਨ ਲਈ ਵਾਜਬ ਕਾਰਨ ਪਾਇਆ ਸੀ। -ਪੀਟੀਆਈ