ਰਾਸ਼ਟਰੀ ਜਨਤਾ ਦਲ (ਆਰ ਜੇ ਡੀ) ਦੇ ਕਾਰਜਕਾਰੀ ਪ੍ਰਧਾਨ ਤੇਜਸਵੀ ਯਾਦਵ ਅੱਜ ਵ੍ਹੀਲਚੇਅਰ ’ਤੇ ਬਿਹਾਰ ਵਿਧਾਨ ਸਭਾ ਪਹੁੰਚੇ। ਉਨ੍ਹਾਂ ਦੱਸਿਆ ਕਿ ਪੈਰ ਦੇ ਅੰਗੂਠੇ ਵਿੱਚ ਸੱਟ ਲੱਗਣ ਕਾਰਨ ਉਨ੍ਹਾਂ ਨੂੰ ਚੱਲਣ ਵਿੱਚ ਮੁਸ਼ਕਲ ਆ ਰਹੀ ਹੈ।
ਰਾਜਪਾਲ ਵੱਲੋਂ ਬਜਟ ਸੈਸ਼ਨ ਦੇ ਪਹਿਲੇ ਦਿਨ ਦੋਵਾਂ ਸਦਨਾਂ ਨੂੰ ਸੰਬੋਧਨ ਕੀਤੇ ਜਾਣ ਮਗਰੋਂ ਵਿਰੋਧੀ ਧਿਰ ਦੇ 36 ਸਾਲਾ ਆਗੂ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਕਿਹਾ, ‘‘ਮੇਰੇ ਖੱਬੇ ਪੈਰ ਦੇ ਅੰਗੂਠੇ ਵਿੱਚ ਹਾਲ ਹੀ ਵਿੱਚ ਸੱਟ ਲੱਗ ਗਈ। ਨਹੁੰ ਨੂੰ ਸਰਜਰੀ ਰਾਹੀਂ ਹਟਾਉਣਾ ਪਿਆ। ਇਸ ਕਾਰਨ ਚੱਲਣਾ ਮੁਸ਼ਕਲ ਹੋ ਗਿਆ ਹੈ।’’ ਤੇਜਸਵੀ ਯਾਦਵ ਨੂੰ ਹਾਲ ਹੀ ਵਿੱਚ ਆਰ ਜੇ ਡੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੇ ਸੂਬੇ ਦੀ ਨਿਤੀਸ਼ ਕੁਮਾਰ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਦੋਸ਼ ਲਾਇਆ ਕਿ ਰਾਜਪਾਲ ਦਾ ਭਾਸ਼ਣ ਸਰਕਾਰ ਵੱਲੋਂ ਤਿਆਰ ਕੀਤਾ ਗਿਆ ਸੀ ਅਤੇ ਇਸ ਵਿੱਚ ਵਿਕਾਸ ਦੀ ਗੁਲਾਬੀ ਤਸਵੀਰ ਪੇਸ਼ ਕੀਤੀ ਗਈ, ਜਦਕਿ ਬਹੁਤ ਸਾਰੇ ਵਿਕਾਸੀ ਅੰਕੜਿਆਂ ਵਿੱਚ ਬਿਹਾਰ ਕਈ ਹੋਰ ਸੂਬਿਆਂ ਤੋਂ ਪੱਛੜਿਆ ਹੋਇਆ ਹੈ।’’ ਸਾਬਕਾ ਉਪ ਮੁੱਖ ਮੰਤਰੀ ਨੇ ਦੋਸ਼ ਲਾਇਆ, ‘‘ਸਰਕਾਰ ਇਸ ਗੱਲ ’ਤੇ ਚੁੱਪ ਹੈ ਕਿ ਅਜਿਹਾ ਕਿਉਂ ਹੈ, ਜਦਕਿ ਸਾਡੇ ਮੁੱਖ ਮੰਤਰੀ ਪਿਛਲੇ 20 ਸਾਲ ਤੋਂ ਸੱਤਾ ਵਿੱਚ ਹਨ। ਇਸ ਤੋਂ ਇਲਾਵਾ ਜਬਰ-ਜਨਾਹ, ਹੱਤਿਆਵਾਂ ਅਤੇ ਹੋਰ ਅਪਰਾਧ ਲਗਾਤਾਰ ਹੋ ਰਹੇ ਹਨ ਅਤੇ ਸਰਕਾਰ ਦਾ ਕਾਨੂੰਨ-ਵਿਵਸਥਾ ਦਾ ਦਾਅਵਾ ਖੋਖਲਾ ਸਾਬਤ ਹੋ ਰਿਹਾ ਹੈ।’’

