ਟੋਰਾਂਟੋ ਵਿੱਚ ‘Taste of India Festival’ ਦਾ ਆਯੋਜਨ: ਭਾਰਤੀ ਰਵਾਇਤੀ ਪਕਵਾਨਾਂ ਅਤੇ ਸੱਭਿਆਚਾਰਕ ਨੇ ਲਾਈ ਰੌਣਕ
ਟੋਰਾਂਟੋ ਦੇ ਇਤਿਹਾਸਕ ਨੇਥਨ ਫਿਲਿਪਸ ਸਕੁਏਅਰ ਵਿੱਚ ਵੀਕਐਂਡ ਦੌਰਾਨ ਨੌਵੇਂ ‘Taste of India Festival’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਨੇ ਇੱਕ ਵਾਰ ਫਿਰ ਭਾਰਤੀ ਭੋਜਨ, ਸੱਭਿਆਚਾਰ ਅਤੇ ਵਿਭਿੰਨਤਾ ਦੀ ਰੰਗੀਨ ਝਲਕ ਪੇਸ਼ ਕਰਦਿਆਂ ਹਜ਼ਾਰਾਂ ਦਰਸ਼ਕਾਂ ਨੂੰ ਆਪਣੇ ਵੱਲ...
ਟੋਰਾਂਟੋ ਦੇ ਇਤਿਹਾਸਕ ਨੇਥਨ ਫਿਲਿਪਸ ਸਕੁਏਅਰ ਵਿੱਚ ਵੀਕਐਂਡ ਦੌਰਾਨ ਨੌਵੇਂ ‘Taste of India Festival’ ਦਾ ਸ਼ਾਨਦਾਰ ਆਯੋਜਨ ਕੀਤਾ ਗਿਆ, ਜਿਸ ਨੇ ਇੱਕ ਵਾਰ ਫਿਰ ਭਾਰਤੀ ਭੋਜਨ, ਸੱਭਿਆਚਾਰ ਅਤੇ ਵਿਭਿੰਨਤਾ ਦੀ ਰੰਗੀਨ ਝਲਕ ਪੇਸ਼ ਕਰਦਿਆਂ ਹਜ਼ਾਰਾਂ ਦਰਸ਼ਕਾਂ ਨੂੰ ਆਪਣੇ ਵੱਲ ਆਕਰਸ਼ਿਤ ਕੀਤਾ।
ਤਿੰਨ ਦਿਨ ਚੱਲੇ ਇਸ ਸਮਾਗਮ ਦੌਰਾਨ ਭਾਰਤੀ ਮੂਲ ਦੇ ਲੋਕਾਂ ਦੇ ਨਾਲ-ਨਾਲ ਕੈਨੇਡਾ ਦੇ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਿਤ ਨਾਗਰਿਕਾਂ ਅਤੇ ਵਿਦੇਸ਼ੀ ਸੈਲਾਨੀਆਂ ਨੇ ਵੀ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ। ਮੇਲੇ ਵਿੱਚ ਭਾਰਤੀ ਪਕਵਾਨਾਂ ਦੀ ਵਿਸ਼ਾਲ ਸ਼੍ਰੇਣੀ, ਸਭਿਆਚਾਰਕ ਪੇਸ਼ਕਾਰੀਆਂ, ਸੰਗੀਤ ਅਤੇ ਪਰਿਵਾਰਕ ਮਨੋਰੰਜਨ ਨੇ ਹਰ ਵਰਗ ਦੇ ਲੋਕਾਂ ਨੂੰ ਖ਼ੂਬ ਪ੍ਰਭਾਵਿਤ ਕੀਤਾ।
‘ਟੇਸਟ ਆਫ਼ ਇੰਡੀਆ’ ਦੀ ਸ਼ੁਰੂਆਤ ਸਾਲ 2017 ਵਿੱਚ ਭਾਰਤੀ ਰਸੋਈ ਦੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਅਤੇ ਬਹੁ-ਸਭਿਆਚਾਰਕ ਕੈਨੇਡੀਅਨ ਸਮਾਜ ਨੂੰ ਭਾਰਤ ਦੇ ਵੱਖ-ਵੱਖ ਖੇਤਰਾਂ ਦੇ ਵਿਲੱਖਣ ਸੁਆਦਾਂ ਨਾਲ ਜਾਣੂ ਕਰਵਾਉਣ ਦੇ ਉਦੇਸ਼ ਨਾਲ ਕੀਤੀ ਗਈ ਸੀ। ਕੁਝ ਹੀ ਸਾਲਾਂ ਵਿੱਚ ਇਹ ਮੇਲਾ ਟੋਰਾਂਟੋ ਦੇ ਪ੍ਰਮੁੱਖ ਸਭਿਆਚਾਰਕ ਅਤੇ ਭੋਜਨ ਸਮਾਗਮਾਂ ਵਿੱਚ ਆਪਣੀ ਵਿਲੱਖਣ ਪਛਾਣ ਬਣਾਉਣ ਵਿੱਚ ਕਾਮਯਾਬ ਹੋ ਗਿਆ ਹੈ। ਹਰ ਸਾਲ ਇਸ ਸਮਾਗਮ ਦੀ ਉਡੀਕ ਭਾਰਤੀ ਭਾਈਚਾਰੇ ਦੇ ਨਾਲ-ਨਾਲ ਸਥਾਨਕ ਲੋਕ ਵੀ ਬੇਸਬਰੀ ਨਾਲ ਕਰਦੇ ਹਨ।
ਫ਼ੈਸਟੀਵਲ ਦੌਰਾਨ ਦਰਜਨਾਂ ਫੂਡ ਸਟਾਲਾਂ 'ਤੇ ਪੰਜਾਬੀ, ਗੁਜਰਾਤੀ, ਦੱਖਣੀ ਭਾਰਤੀ, ਰਾਜਸਥਾਨੀ, ਮਹਾਰਾਸ਼ਟਰੀ, ਬੰਗਾਲੀ ਅਤੇ ਹੋਰ ਖੇਤਰੀ ਪਕਵਾਨਾਂ ਦੀ ਭਰਪੂਰ ਰੇਂਜ ਉਪਲਬਧ ਸੀ। ਦਰਸ਼ਕਾਂ ਨੇ ਚਾਟ, ਗੋਲ-ਗੱਪੇ, ਬਰਿਆਨੀ, ਡੋਸੇ , ਇਡਲੀ, ਛੋਲੇ-ਭਟੂਰੇ, ਤੰਦੂਰੀ ਵਿਅੰਜਨ, ਮਿਠਾਈਆਂ ਅਤੇ ਰਵਾਇਤੀ ਪੇਅ ਪਦਾਰਥਾਂ ਦਾ ਖ਼ੂਬ ਅਨੰਦ ਮਾਣਿਆ। ਇਸ ਤੋਂ ਇਲਾਵਾ ਹੱਥਾਂ ਨਾਲ ਬਣੀਆਂ ਕਲਾਤਮਕ ਵਸਤੂਆਂ, ਰਵਾਇਤੀ ਪਹਿਰਾਵਿਆਂ ਅਤੇ ਭਾਰਤੀ ਉਤਪਾਦਾਂ ਦੇ ਸਟਾਲ ਵੀ ਲੋਕਾਂ ਦੀ ਖਿੱਚ ਦਾ ਕੇਂਦਰ ਰਹੇ।
ਮੇਲੇ ਦਾ ਆਯੋਜਨ ਉਸ ਸਮੇਂ ਕੀਤਾ ਗਿਆ ਜਦੋਂ ਟੋਰਾਂਟੋ ਵਿੱਚ ਉੱਤਰੀ ਅਮਰੀਕਾ ਦਾ ਪ੍ਰਸਿੱਧ ਕੈਰੇਬਾਨਾ ਫ਼ੈਸਟੀਵਲ ਵੀ ਚੱਲ ਰਿਹਾ ਸੀ। ਪ੍ਰਬੰਧਕਾਂ ਅਨੁਸਾਰ ਕੈਰੇਬਾਨਾ ਵਿੱਚ ਸ਼ਾਮਲ ਹੋਣ ਲਈ ਆਉਣ ਵਾਲੇ ਹਜ਼ਾਰਾਂ ਸੈਲਾਨੀ ‘ਟੇਸਟ ਆਫ਼ ਇੰਡੀਆ’ ਦਾ ਵੀ ਰੁਖ਼ ਕਰਦੇ ਹਨ, ਜਿਸ ਨਾਲ ਇਸ ਸਮਾਗਮ ਦੀ ਲੋਕਪ੍ਰਿਯਤਾ ਅਤੇ ਦਰਸ਼ਕਾਂ ਦੀ ਗਿਣਤੀ ਵਿੱਚ ਹਰ ਸਾਲ ਵਾਧਾ ਹੋ ਰਿਹਾ ਹੈ। ਇਸ ਕਾਰਨ ਇਹ ਮੇਲਾ ਟੋਰਾਂਟੋ ਦੀ ਬਹੁ-ਸਭਿਆਚਾਰਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ।
ਸਮਾਗਮ ਵਿੱਚ ਕੰਜ਼ਰਵੇਟਿਵ ਆਗੂ ਪੀਅਰ ਪੌਲੀਏਵਰ ਅਤੇ ਟੋਰਾਂਟੋ ਦੀ ਮੇਅਰ ਓਲੀਵੀਆ ਚਾਓ ਨੇ ਵੀ ਹਾਜ਼ਰੀ ਭਰੀ। ਉਨ੍ਹਾਂ ਨੇ ਪ੍ਰਬੰਧਕਾਂ ਅਤੇ ਭਾਗੀਦਾਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਅਜਿਹੇ ਸਮਾਗਮ ਵੱਖ-ਵੱਖ ਭਾਈਚਾਰਿਆਂ ਨੂੰ ਇੱਕ ਮੰਚ 'ਤੇ ਲਿਆਉਣ, ਆਪਸੀ ਸਾਂਝ ਅਤੇ ਸਭਿਆਚਾਰਕ ਸਮਝ ਨੂੰ ਮਜ਼ਬੂਤ ਕਰਨ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ।
ਪ੍ਰਬੰਧਕਾਂ ਨੇ ਦੱਸਿਆ ਕਿ ਫ਼ੈਸਟੀਵਲ ਵਿੱਚ ਦਾਖ਼ਲਾ ਪੂਰੀ ਤਰ੍ਹਾਂ ਮੁਫ਼ਤ ਰੱਖਿਆ ਜਾਂਦਾ ਹੈ ਤਾਂ ਜੋ ਹਰ ਉਮਰ ਅਤੇ ਹਰ ਵਰਗ ਦਾ ਵਿਅਕਤੀ ਬਿਨਾਂ ਕਿਸੇ ਰੁਕਾਵਟ ਦੇ ਭਾਰਤੀ ਭੋਜਨ, ਸੰਗੀਤ ਅਤੇ ਸੱਭਿਆਚਾਰ ਦਾ ਅਨੰਦ ਮਾਣ ਸਕੇ। ਬੱਚਿਆਂ ਲਈ ਵਿਸ਼ੇਸ਼ ਮਨੋਰੰਜਨ ਗਤੀਵਿਧੀਆਂ, ਲਾਈਵ ਸੰਗੀਤ, ਲੋਕ ਨਾਚ ਅਤੇ ਬਾਲੀਵੁੱਡ ਪੇਸ਼ਕਾਰੀਆਂ ਨੇ ਸਮਾਗਮ ਨੂੰ ਹੋਰ ਵੀ ਰੌਣਕ ਮਈ ਬਣਾਇਆ।
ਫ਼ੈਸਟੀਵਲ ਦੇ ਬਾਨੀ ਮੈਂਬਰਾਂ ਵਿੱਚੋਂ ਇੱਕ ਵਰਜੇਸ਼ ਸ਼ਾਹ ਨੇ ਕਿਹਾ ਕਿ ਇਹ ਸਮਾਗਮ ਸਿਰਫ਼ ਖਾਣ-ਪੀਣ ਦਾ ਮੇਲਾ ਨਹੀਂ, ਸਗੋਂ ਉੱਭਰ ਰਹੇ ਰਸੋਈ ਕਲਾਕਾਰਾਂ, ਘਰੇਲੂ ਉਦਯੋਗਪਤੀਆਂ ਅਤੇ ਛੋਟੇ ਕਾਰੋਬਾਰੀਆਂ ਲਈ ਆਪਣੀ ਕਾਬਲੀਅਤ ਦਿਖਾਉਣ ਦਾ ਅਹਿਮ ਮੰਚ ਹੈ। ਉਨ੍ਹਾਂ ਕਿਹਾ ਕਿ ਕਈ ਨੌਜਵਾਨ ਨਵੇਂ ਅਤੇ ਵਿਲੱਖਣ ਪਕਵਾਨ ਤਿਆਰ ਕਰਦੇ ਹਨ, ਪਰ ਉਨ੍ਹਾਂ ਨੂੰ ਆਪਣੀ ਕਲਾ ਲੋਕਾਂ ਤੱਕ ਪਹੁੰਚਾਉਣ ਦਾ ਮੌਕਾ ਨਹੀਂ ਮਿਲਦਾ। ਇਸ ਫ਼ੈਸਟੀਵਲ ਵਿੱਚ ਸਟਾਲ ਲਗਾ ਕੇ ਉਹ ਨਾ ਸਿਰਫ਼ ਆਪਣੇ ਉਤਪਾਦਾਂ ਦੀ ਵਿੱਕਰੀ ਕਰਦੇ ਹਨ, ਸਗੋਂ ਦਰਸ਼ਕਾਂ ਤੋਂ ਮਿਲਣ ਵਾਲੀ ਪ੍ਰਤੀਕਿਰਿਆ ਦੇ ਆਧਾਰ 'ਤੇ ਭਵਿੱਖ ਵਿੱਚ ਰੈਸਟੋਰੈਂਟ, ਕੈਟਰਿੰਗ ਜਾਂ ਹੋਰ ਭੋਜਨ ਸੇਵਾਵਾਂ ਸ਼ੁਰੂ ਕਰਨ ਸਬੰਧੀ ਮਹੱਤਵਪੂਰਨ ਕਾਰੋਬਾਰੀ ਫ਼ੈਸਲੇ ਵੀ ਲੈ ਸਕਦੇ ਹਨ।
ਨੌਵਾਂ ‘ਟੇਸਟ ਆਫ਼ ਇੰਡੀਆ’ ਫ਼ੈਸਟੀਵਲ ਭਾਰਤੀ ਸੱਭਿਆਚਾਰ, ਰਸੋਈ ਪਰੰਪਰਾ ਅਤੇ ਉਦਯੋਗੀ ਸੋਚ ਦਾ ਇੱਕ ਸਫਲ ਜਸ਼ਨ ਸਾਬਤ ਹੋਇਆ, ਜਿਸ ਨੇ ਟੋਰਾਂਟੋ ਦੀ ਬਹੁ-ਸਭਿਆਚਾਰਕ ਪਛਾਣ ਨੂੰ ਹੋਰ ਮਜ਼ਬੂਤ ਕਰਨ ਦੇ ਨਾਲ-ਨਾਲ ਭਾਰਤੀ ਭਾਈਚਾਰੇ ਦੀ ਸਰਗਰਮ ਭੂਮਿਕਾ ਨੂੰ ਵੀ ਉਜਾਗਰ ਕੀਤਾ।

