ਤਰਨ ਤਾਰਨ: ‘ਆਪ’ ਦੇ ਹਰਮੀਤ ਸੰਧੂ ਨੇ ਜਿੱਤੀ ਜ਼ਿਮਨੀ ਚੋਣ
ਤਰਨ ਤਾਰਨ ਹਲਕੇ ਦੀ ਜ਼ਿਮਨੀ ਚੋਣ ਆਮ ਆਦਮੀ ਪਾਰਟੀ (ਆਪ) ਦੇ ਹਰਮੀਤ ਸਿੰਘ ਸੰਧੂ ਨੇ ਜਿੱਤ ਲਈ ਹੈ। ਉਨ੍ਹਾਂ ਆਪਣੇ ਨੇੜਲੇ ਵਿਰੋਧੀ ਉਮੀਦਵਾਰ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ 12091 ਵੋਟਾਂ ਦੇ ਫਰਕ ਨਾਲ ਹਰਾਇਆ| ਹਰਮੀਤ ਸਿੰਘ ਸੰਧੂ ਨੂੰ 42649 ਅਤੇ ਸੁਖਵਿੰਦਰ ਕੌਰ ਰੰਧਾਵਾ ਨੂੰ 30558 ਵੋਟ ਮਿਲੇ| ‘ਆਪ’ ਦੇ ਕਸ਼ਮੀਰ ਸਿੰਘ ਸੋਹਲ ਨੇ 2022 ’ਚ ਇਸ ਹਲਕੇ ਤੋਂ ਕਰੀਬ 13000 ਦੇ ਫਰਕ ਨਾਲ ਚੋਣ ਜਿੱਤੀ ਸੀ। ਉਨ੍ਹਾਂ ਦਾ ਦੇਹਾਂਤ ਹੋਣ ਕਾਰਨ ਇਸ ਸੀਟ ’ਤੇ ਚੋਣਾਂ ਕਰਵਾਈਆਂ ਗਈਆਂ ਸਨ। ਉਂਝ ‘ਆਪ’ ਪਿਛਲੇ ਸਾਲ ਲੋਕ ਸਭਾ ਚੋਣ ਮੌਕੇ ਇਸ ਵਿਧਾਨ ਸਭਾ ਹਲਕੇ ਤੋਂ 24000 ਵੋਟਾਂ ਦੇ ਫਰਕ ਨਾਲ ਪੱਛੜ ਗਈ ਸੀ। ‘ਵਾਰਸ ਪੰਜਾਬ ਦੇ’ ਅਤੇ ਹੋਰ ਪੰਥਕ ਧਿਰਾਂ ਦਾ ਸਾਂਝਾ ਉਮੀਦਵਾਰ ਮਨਦੀਪ ਸਿੰਘ 19620 ਵੋਟਾਂ ਲੈ ਕੇ ਤੀਜੇ ਸਥਾਨ ’ਤੇ ਰਿਹਾ। ਕਾਂਗਰਸ ਪਾਰਟੀ ਦੇ ਕਰਨਬੀਰ ਸਿੰਘ ਬੁਰਜ ਨੂੰ 15078 ਅਤੇ ਭਾਰਤੀ ਜਨਤਾ ਪਾਰਟੀ ਦੇ ਹਰਜੀਤ ਸਿੰਘ ਸੰਧੂ ਨੂੰ 6239 ਵੋਟਾਂ ਮਿਲੀਆਂ ਤੇ ਦੋਵੇਂ ਆਪਣੀ ਜ਼ਮਾਨਤ ਨਹੀਂ ਬਚਾ ਸਕੇ| 609 ਵੋਟਰਾਂ ਨੇ ‘ਨੋਟਾ’ (ਉਕਤ ਉਮੀਦਵਾਰਾਂ ’ਚੋਂ ਕੋਈ ਵੀ ਨਹੀਂ) ਵਾਲਾ ਬਟਨ ਦੱਬਿਆ।
‘ਆਪ’ ਆਗੂ ਹਰਮੀਤ ਸਿੰਘ ਸੰਧੂ ਨੇ ਰਿਟਰਨਿੰਗ ਅਧਿਕਾਰੀ ਗੁਰਮੀਤ ਸਿੰਘ ਤੋਂ ਚੋਣ ’ਚ ਜਿੱਤ ਦਾ ਸਰਟੀਫਿਕੇਟ ਲੈਣ ਉਪਰੰਤ ਆਪਣੇ ਸਮਰਥਕਾਂ ਨਾਲ ਜਲੂਸ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ। ਉਹ ਚੌਥੀ ਵਾਰ ਵਿਧਾਇਕ ਬਣੇ ਹਨ। ਸ੍ਰੀ ਸੰਧੂ ਨੇ ਇਕ ਵਾਰ ਆਜ਼ਾਦ ਉਮੀਦਵਾਰ ਅਤੇ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਜਿੱਤੀ ਸੀ।
ਸ੍ਰੀ ਹਰਮੀਤ ਸਿੰਘ ਸੰਧੂ ਨੇ ਆਪਣਾ ਰਾਜਸੀ ਜੀਵਨ ਖਾਲਸਾ ਕਾਲਜ ਅੰਮ੍ਰਿਤਸਰ ਤੋਂ ਪੜ੍ਹਾਈ ਕਰਦਿਆਂ ਹੀ ਸ਼ੁਰੂ ਕਰ ਲਿਆ ਸੀ ਅਤੇ ਉਹ ਵਿਦਿਆਰਥੀ ਆਗੂ ਦੇ ਤੌਰ ’ਤੇ ਵਿਚਰਦੇ ਰਹੇ ਸਨ| ਉਨ੍ਹਾਂ ਦੀ ਜਿੱਤ ’ਤੇ ਪਾਰਟੀ ਵਰਕਰਾਂ ਨੇ ਖੂਬ ਜਸ਼ਨ ਮਨਾਏ ਅਤੇ ਲੰਮਾ ਸਮਾਂ ਆਤਿਸ਼ਬਾਜ਼ੀ ਚਲਾਈ| ਚੋਣਾਂ ’ਚ ‘ਸੱਚੋ ਸੱਚ ਪਾਰਟੀ’ ਦੇ ਸ਼ਾਮ ਲਾਲ ਗਾਂਧੀ ਨੂੰ 123, ਨੈਸ਼ਨਲਿਸਟ ਜਸਟਿਸ ਪਾਰਟੀ ਦੇ ਨਾਇਬ ਸਿੰਘ ਨੂੰ 64, ਆਜ਼ਾਦ ਉਮੀਦਵਾਰਾਂ ਹਰਬਰਿੰਦਰ ਕੌਰ ਉਸਮਾਂ ਨੂੰ 547, ਵਿਜੇ ਕੁਮਾਰ ਨੂੰ 457, ਮਨਦੀਪ ਸਿੰਘ ਨੂੰ 873, ਨੀਟੂ ਸ਼ਟਰਾਂ ਵਾਲੇ ਨੂੰ 466, ਜਸਵੰਤ ਸਿੰਘ ਸੋਹਲ ਨੂੰ 146, ਐਡਵੋਕੇਟ ਕੋਮਲਪ੍ਰੀਤ ਸਿੰਘ (ਮਰਹੂਮ ਵਿਧਾਇਕ ਡਾ. ਸੋਹਲ ਦੇ ਪੀ ਏ) ਨੂੰ 68, ਹਰਪਾਲ ਸਿੰਘ ਭੰਗੂ ਨੂੰ 104 ਅਤੇ ਅਰੁਨ ਕੁਮਾਰ ਖੁਰਮੀ ਨੂੰ 113 ਵੋਟਾਂ ਭੁਗਤੀਆਂ।
ਲੋਕਾਂ ਨੇ ਭਗਵੰਤ ਮਾਨ ਦੀ ਅਗਵਾਈ ਨੂੰ ਤਰਜੀਹ ਦਿੱਤੀ: ਕੇਜਰੀਵਾਲ
ਨਵੀਂ ਦਿੱਲੀ (ਪੱਤਰ ਪ੍ਰੇਰਕ): ‘ਆਪ’ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਵਿੱਚ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਪੰਜਾਬ ਦੇ ਲੋਕਾਂ ਨੇ ਤਰਜੀਹ ਦਿੱਤੀ ਹੈ। ਉਨ੍ਹਾਂ ‘ਐਕਸ’ ’ਤੇ ਕਿਹਾ, ‘‘ਤਰਨ ਤਾਰਨ ਦੀ ਇਤਿਹਾਸਕ ਜਿੱਤ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਪੰਜਾਬ ਦੇ ਲੋਕ ਕੰਮ ਦੀ ਰਾਜਨੀਤੀ ਅਤੇ ਭਗਵੰਤ ਮਾਨ ਦੀ ਇਮਾਨਦਾਰ ਅਗਵਾਈ ਨੂੰ ਤਰਜੀਹ ਦਿੰਦੇ ਹਨ।’’
ਕੰਮ ਦੀ ਰਾਜਨੀਤੀ ਨੂੰ ਫ਼ਤਵਾ: ਮਾਨ
ਚੰਡੀਗੜ੍ਹ (ਟਨਸ): ਮੁੱਖ ਮੰਤਰੀ ਭਗਵੰਤ ਮਾਨ ਨੇ ਤਰਨ ਤਾਰਨ ਦੀ ਜ਼ਿਮਨੀ ਚੋਣ ਵਿਚ ‘ਆਪ’ ਨੂੰ ਮਿਲੀ ਜਿੱਤ ’ਤੇ ਖ਼ੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਹਲਕੇ ਦੇ ਲੋਕਾਂ ਨੇ ਕੰਮ ਦੀ ਰਾਜਨੀਤੀ ਨੂੰ ਫ਼ਤਵਾ ਦਿੱਤਾ ਹੈ ਅਤੇ ਇਹ ਜਿੱਤ ਸਾਬਤ ਕਰਦੀ ਹੈ ਕਿ ਪੰਜਾਬ ਕੰਮ ਅਧਾਰਿਤ ਸਿਆਸਤ ਦਾ ਸਮਰਥਨ ਕਰਦਾ ਹੈ। ਉਨ੍ਹਾਂ ਕਿਹਾ ਕਿ ਇਹ ਲੋਕਾਂ ਤੇ ਹਰ ਮਿਹਨਤੀ ਵਾਲੰਟੀਅਰ ਦੀ ਜਿੱਤ ਹੈ। ਮੁੱਖ ਮੰਤਰੀ ਨੇ ਤਰਨ ਤਾਰਨ ਹਲਕੇ ਦੇ ਵੋਟਰਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਉਨ੍ਹਾਂ ਨਾਲ ਕੀਤਾ ਗਿਆ ਹਰ ਵਾਅਦਾ ਪੂਰਾ ਕੀਤਾ ਜਾਵੇਗਾ।
‘ਆਪ’ ਦੀ ਨਹੀਂ, ਪੁਲੀਸ ਦੀ ਜਿੱਤ ਹੋਈ: ਸੁਖਬੀਰ
ਚੰਡੀਗੜ੍ਹ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਤਰਨ ਤਾਰਨ ਜ਼ਿਮਨੀ ਚੋਣ ਵਿਚ ਪਾਰਟੀ ਦੀ ਕਾਰਗੁਜ਼ਾਰੀ ਨੂੰ ਅਕਾਲੀ, ਪੰਜਾਬੀ ਅਤੇ ਪੰਥਕ ਤਾਕਤਾਂ ਵਿਰੋਧੀ ਸ਼ਕਤੀਆਂ ਖ਼ਿਲਾਫ਼ ਨੈਤਿਕ ਜਿੱਤ ਕਰਾਰ ਦਿੱਤਾ ਹੈ। ਉਨ੍ਹਾਂ ਹਲਕੇ ਦੇ ਵੋਟਰਾਂ ਅਤੇ ਪਾਰਟੀ ਦੇ ਆਗੂਆਂ ਤੇ ਵਰਕਰਾਂ ਦਾ ਧੰਨਵਾਦ ਕੀਤਾ ਜਿਨ੍ਹਾਂ ਪੁਲੀਸ ਦੇ ਜਬਰ ਖ਼ਿਲਾਫ਼ ਟੱਕਰ ਲਈ। ਉਨ੍ਹਾਂ ਵਿਅੰਗ ਕਰਦਿਆਂ ਕਿਹਾ ਕਿ ਪੰਜਾਬ ’ਚ ‘ਆਪ’ ਹਾਰੀ ਹੈ ਅਤੇ ਪੁਲੀਸ ਦੀ ਜਿੱਤ ਹੋਈ ਹੈ। ਖ਼ਾਲਸਾ ਪੰਥ ਨੇ ਵੀ ਦੇਖ ਲਿਆ ਹੈ ਕਿ ਕੌਣ ਅਕਾਲ ਤਖ਼ਤ ਸਾਹਿਬ ਦੀ ਸਾਡੇ ਖ਼ਿਲਾਫ਼ ਵਰਤੋਂ ਕਰਦਾ ਹੈ।
ਭਾਜਪਾ ਨੂੰ ਹਾਲੇ ਹੋਰ ਕੰਮ ਕਰਨ ਦੀ ਲੋੜ: ਜਾਖੜ
ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਤਰਨ ਤਾਰਨ ਚੋਣ ਦੇ ਨਤੀਜੇ ਮਗਰੋਂ ਕਿਹਾ ਕਿ ਭਾਜਪਾ ਨੂੰ ਸੂਬੇ ’ਚ ਹਾਲੇ ਹੋਰ ਕੰਮ ਕਰਨ ਦੀ ਲੋੜ ਹੈ। ਚੋਣ ਨਤੀਜਾ ਦਰਸਾ ਰਿਹਾ ਹੈ ਕਿ ਭਾਜਪਾ ਨੂੰ ਵਿਕਾਸ ਦੇ ਏਜੰਡੇ ਨੂੰ ਲੋਕ ਏਜੰਡਾ ਬਣਾਉਣਾ ਹੋਵੇਗਾ। ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਨੂੰ ਗ਼ਰੀਬ ਲੋਕਾਂ ਤੱਕ ਪਹੁੰਚਾਉਣ ਦੀ ਜ਼ਰੂਰਤ ਹੈ। ਆਉਣ ਵਾਲੇ ਸਮੇਂ ’ਚ ਉਹ ਇਹ ਕੰਮ ਤਨਦੇਹੀ ਨਾਲ ਕਰਨਗੇ।
ਹਾਰ ਦੇ ਕਾਰਨਾਂ ਦੀ ਜਾਂਚ ਕਰਾਂਗੇ: ਵੜਿੰਗ
ਚੰਡੀਗੜ੍ਹ: ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਪਾਰਟੀ ਤਰਨ ਤਾਰਨ ਵਿਧਾਨ ਸਭਾ ਜ਼ਿਮਨੀ ਚੋਣ ਵਿੱਚ ਲੋਕਾਂ ਦੇ ਫ਼ੈਸਲੇ ਨੂੰ ਸਵੀਕਾਰ ਕਰਦਿਆਂ ਹਾਰ ਦੇ ਕਾਰਨਾਂ ਦੀ ਜਾਂਚ ਕਰੇਗੀ ਅਤੇ ਭਵਿੱਖ ਵਿੱਚ ਇਨ੍ਹਾਂ ਨੂੰ ਹੱਲ ਕਰਨ ਲਈ ਲੋੜੀਂਦੇ ਉਪਾਅ ਕੀਤੇ ਜਾਣਗੇ। ਉਨ੍ਹਾਂ ਚੋਣ ਦੌਰਾਨ ਕੰਮ ਕਰਨ ਵਾਲੇ ਮਿਹਨਤੀ ਵਰਕਰਾਂ ਅਤੇ ਆਗੂਆਂ ਦਾ ਧੰਨਵਾਦ ਕਰਦਿਆਂ ਭਰੋਸਾ ਦਿੱਤਾ ਕਿ ਪਾਰਟੀ ਭਵਿੱਖ ’ਚ ਹੋਰ ਮਜ਼ਬੂਤ ਹੋ ਕੇ ਉੱਭਰੇਗੀ। ਉਨ੍ਹਾਂ ਕਿਹਾ ਕਿ ਪਾਰਟੀ ਯਕੀਨਨ 2027 ਵਿੱਚ ਵੱਡੀ ਖੇਡ ਜਿੱਤੇਗੀ।
