ਸ੍ਰੀਨਗਰ, 22 ਅਕਤੂਬਰ
ਕਸ਼ਮੀਰ ’ਚ ਬੀਤੇ ਦੋ ਹਫ਼ਤਿਆਂ ’ਚ ਅਤਿਵਾਦੀਆਂ ਵੱਲੋਂ ਆਮ ਨਾਗਰਿਕਾਂ ਦੀਆਂ ਕੀਤੀਆਂ ਗਈਆਂ ਹੱਤਿਆਵਾਂ ਮਗਰੋਂ ਵਾਦੀ ’ਚ ਵਧੇਰੇ ਨੀਮ ਫ਼ੌਜੀ ਬਲ ਤਾਇਨਾਤ ਕੀਤੇ ਜਾ ਰਹੇ ਹਨ। ਕਰੀਬ ਅੱਠ ਸਾਲਾਂ ਮਗਰੋਂ ਸ਼ਹਿਰ ਦੀਆਂ ਸੜਕਾਂ ’ਤੇ ਸੁਰੱਖਿਆ ਬੰਕਰ ਮੁੜ ਤੋਂ ਬਣ ਗਏ ਹਨ। ਇਨ੍ਹਾਂ ਬੰਕਰਾਂ ’ਤੇ ਕੇਂਦਰੀ ਹਥਿਆਰਬੰਦ ਨੀਮ ਸੁਰੱਖਿਆ ਬਲ ਤਾਇਨਾਤ ਹਨ ਅਤੇ ਇਹ ਸ੍ਰੀਨਗਰ ਦੇ ਕਈ ਇਲਾਕਿਆਂ ’ਚ ਬਣਾਏ ਜਾ ਰਹੇ ਹਨ। ਦੋ ਬੰਕਰ ਸ੍ਰੀਨਗਰ ’ਚ ਏਅਰਪੋਰਟ ਰੋਡ ’ਤੇ ਬਰਜ਼ੁੱਲਾ ਪੁਲ ਉਪਰ ਬਣਾਏ ਗਏ ਹਨ।
ਕਸ਼ਮੀਰ ਦੇ ਸੁਰੱਖਿਆ ਹਾਲਾਤ ’ਚ ਸੁਧਾਰ ਹੋਣ ਮਗਰੋਂ 2011 ਤੋਂ 2014 ਦੌਰਾਨ ਇਨ੍ਹਾਂ ਬੰਕਰਾਂ ਨੂੰ ਹਟਾ ਲਿਆ ਗਿਆ ਸੀ। ਸੂਤਰਾਂ ਨੇ ਕਿਹਾ ਕਿ ਅਤਿਵਾਦੀਆਂ ਦੇ ਵਧੇ ਹੌਸਲੇ ਨੂੰ ਤੋੜਨ ਲਈ ਨਵੇਂ ਬੰਕਰ ਉਸਾਰੇ ਜਾ ਰਹੇ ਹਨ ਅਤੇ ਵਧੇਰੇ ਜਵਾਨਾਂ ਨੂੰ ਤਾਇਨਾਤ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ,‘‘ਅਤਿਵਾਦੀ ਦਹਿਸ਼ਤੀ ਕਾਰਵਾਈਆਂ ਮਗਰੋਂ ਇਕ ਤੋਂ ਦੂਜੇ ਇਲਾਕੇ ’ਚ ਆਸਾਨੀ ਨਾਲ ਪਹੁੰਚ ਜਾਂਦੇ ਹਨ। ਸੁਰੱਖਿਆ ਬਲਾਂ ਦੀ ਨਫ਼ਰੀ ਵਧਾਉਣ ਅਤੇ ਅਤਿਵਾਦੀਆਂ ਦੇ ਆਜ਼ਾਦ ਘੁੰਮਣ ’ਤੇ ਰੋਕ ਲਗਾ ਕੇ ਉਨ੍ਹਾਂ ’ਤੇ ਨੱਥ ਪਾਈ ਜਾ ਸਕਦੀ ਹੈ।’’ ਸਰਕਾਰੀ ਸੂਤਰਾਂ ਨੇ ਕਿਹਾ ਕਿ ਨੀਮ ਫ਼ੌਜੀ ਬਲਾਂ ਦੀਆਂ 50 ਹੋਰ ਕੰਪਨੀਆਂ ਵਾਦੀ ਖਾਸ ਕਰਕੇ ਸ੍ਰੀਨਗਰ ’ਚ ਤਾਇਨਾਤ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਸੁਰੱਖਿਆ ਬੰਦੋਬਸਤ ਨੂੰ ਪੁਖ਼ਤਾ ਕੀਤਾ ਜਾ ਸਕੇ। ਸਾਲ 2010 ’ਚ ਕਸ਼ਮੀਰ ਦੇ ਦੌਰੇ ’ਤੇ ਗਏ ਸਰਬ ਦਲੀ ਵਫ਼ਦ ਦੀ ਸਿਫ਼ਾਰਿਸ਼ ’ਤੇ ਸ੍ਰੀਨਗਰ ’ਚ 50 ਨਾਕਿਆਂ ਅਤੇ ਬੰਕਰਾਂ ਨੂੰ ਹਟਾ ਦਿੱਤਾ ਗਿਆ ਸੀ। ਅਜਿਹੀਆਂ ਸਿਫ਼ਾਰਿਸ਼ਾਂ ਕੇਂਦਰ ਵੱਲੋਂ ਨਿਯੁਕਤ ਵਾਰਤਾਕਾਰਾਂ ਦੀ ਟੀਮ ਵੱਲੋਂ ਵੀ ਕੀਤੀਆਂ ਗਈਆਂ ਸਨ। ਉਸ ਸਮੇਂ ਹਾਲਾਤ ’ਚ ਇੰਨਾ ਸੁਧਾਰ ਹੋਇਆ ਸੀ ਕਿ ਤਤਕਾਲੀ ਗ੍ਰਹਿ ਮੰਤਰੀ ਪੀ ਚਿਦੰਬਰਮ ਜੰਮੂ ਕਸ਼ਮੀਰ ’ਚੋਂ ਪੜਾਅਵਾਰ ਢੰਗ ਨਾਲ ਅਫ਼ਸਪਾ ਹਟਾਉਣ ਦੇ ਪੱਖ ’ਚ ਸਨ। ਪੁਲੀਸ ਅਧਿਕਾਰੀਆਂ ਨੇ ਵਾਦੀ ’ਚ ਉਠਾਏ ਜਾ ਰਹੇ ਨਵੇਂ ਕਦਮਾਂ ਬਾਰੇ ਕੋਈ ਪ੍ਰਤੀਕਰਮ ਨਹੀਂ ਦਿੱਤਾ ਹੈ। ਪੁਲੀਸ ਨੇ ਸ੍ਰੀਨਗਰ ਅਤੇ ਦੱਖਣੀ ਕਸ਼ਮੀਰ ਦੇ ਕੁਝ ਇਲਾਕਿਆਂ ’ਚ ਇੰਟਰਨੈੱਟ ਸੇਵਾਵਾਂ ਬੰਦ ਕਰ ਦਿੱਤੀਆਂ ਹਨ ਅਤੇ ਸ਼ਹਿਰ ’ਚ ਦੋਪਹੀਆ ਵਾਹਨਾਂ ਖ਼ਿਲਾਫ਼ ਮੁਹਿੰਮ ਚਲਾਈ ਹੈ। -ਪੀਟੀਆਈ
ਸ਼ਾਹ ਦਾ ਵਾਦੀ ਵਿੱਚ ਦੌਰਾ ਅੱਜ, ਸੁਰੱਖਿਆ ਵਧਾਈ
ਸ੍ਰੀਨਗਰ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਦੌਰੇ ਤੋਂ ਇਕ ਦਿਨ ਪਹਿਲਾਂ ਵਾਦੀ ’ਚ ਸੁਰੱਖਿਆ ਵਧਾ ਦਿੱਤੀ ਗਈ ਹੈ। ਜੰਮੂ ਕਸ਼ਮੀਰ ’ਚੋਂ ਧਾਰਾ 370 ਮਨਸੂਖ ਕੀਤੇ ਜਾਣ ਮਗਰੋਂ ਸ਼ਾਹ ਦਾ ਵਾਦੀ ’ਚ ਇਹ ਪਲੇਠਾ ਦੌਰਾ ਹੈ। ਸ੍ਰੀ ਸ਼ਾਹ ਦੇ ਸ਼ਨਿਚਰਵਾਰ ਨੂੰ ਸ਼ਹਿਰ ਦੇ ਜਵਾਹਰ ਨਗਰ ਸਥਿਤ ਭਾਜਪਾ ਦਫ਼ਤਰ ’ਤੇ ਪਹੁੰਚਣ ਦੀ ਵੀ ਸੰਭਾਵਨਾ ਹੈ। ਇਲਾਕੇ ਦੀ ਸੁਰੱਖਿਆ ਬਲਾਂ ਵੱਲੋਂ ਘੇਰਾਬੰਦੀ ਕੀਤੀ ਗਈ ਹੈ। ਇਸੇ ਤਰ੍ਹਾਂ ਸ਼ੇਰ-ਏ-ਕਸ਼ਮੀਰ ਇੰਟਰਨੈਸ਼ਨਲ ਕਨਵੈਨਸ਼ਨ ਸੈਂਟਰ ਵੱਲ ਜਾਂਦੀਆਂ ਸੜਕਾਂ ’ਤੇ ਤਿੰਨ ਦਿਨਾਂ ਲਈ ਸਖ਼ਤ ਰੋਕਾਂ ਲਾਈਆਂ ਗਈਆਂ ਹਨ। -ਪੀਟੀਆਈ