DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sweeper Protest in Punjab: ਸਫ਼ਾਈ ਮੁਲਾਜ਼ਮਾਂ ਵੱਲੋਂ 30 ਜੁਲਾਈ ਨੂੰ ਪੰਜਾਬ ਬੰਦ ਦਾ ਐਲਾਨ

Punjab Safai Strike: ਬਰਨਾਲਾ ਘਟਨਾ ਨੇ ਹੜਤਾਲੀ ਮੁਲਾਜ਼ਮਾਂ ਦਾ ਰੋਹ ਵਧਾਇਆ

  • fb
  • twitter
  • whatsapp
  • whatsapp
Advertisement

Punjab Safai Strike: ਪੰਜਾਬ ਸਰਕਾਰ ਵੱਲੋਂ ਟਕਰਾਅ ਮੱਠਾ ਕਰਨ ਦੇ ਯਤਨਾਂ ਦਰਮਿਆਨ ਸਫ਼ਾਈ ਸੇਵਕਾਂ ਨੇ 30 ਜੁਲਾਈ ਨੂੰ ਸੂਬਾ ਪੱਧਰੀ ਬੰਦ ਕਰਨ ਦਾ ਐਲਾਨ ਕਰ ਦਿੱਤਾ ਹੈ। ਬਰਨਾਲਾ ਘਟਨਾ ਨੇ ਸਫ਼ਾਈ ਸੇਵਕਾਂ ਦੇ ਰੋਹ ’ਤੇ ਤੇਲ ਪਾ ਦਿੱਤਾ ਹੈ। ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਨੇ ਬੰਦ ਸਫਲ ਬਣਾਉਣ ਲਈ ਮੁਹਿੰਮ ਵਿੱਢ ਦਿੱਤੀ ਹੈ। ਮੌਸਮ ਵਿਭਾਗ ਵੱਲੋਂ ਮੀਂਹ ਦੀ ਭਵਿੱਖਬਾਣੀ ਦੇ ਮੱਦੇਨਜ਼ਰ ਸਫ਼ਾਈ ਪ੍ਰਬੰਧਾਂ ਸਬੰਧੀ ਸ਼ਹਿਰਾਂ ’ਚ ਵਿਵਸਥਾ ਹੋਰ ਵਿਗੜ ਸਕਦੀ ਹੈ। ਸਫ਼ਾਈ ਕਰਮਚਾਰੀਆਂ ਨੇ ਦਾਅਵਾ ਕੀਤਾ ਹੈ ਕਿ ਸੂਬੇ ਦੀਆਂ 167 ’ਚੋਂ ਬਹੁਗਿਣਤੀ ਸ਼ਹਿਰੀ ਸੰਸਥਾਵਾਂ ਵਿੱਚ ਕੂੜਾ ਚੁੱਕਣ ਅਤੇ ਪ੍ਰਬੰਧਨ ਦਾ ਕੰਮ ਪੂਰੀ ਤਰ੍ਹਾਂ ਠੱਪ ਹੋ ਗਿਆ ਹੈ।

ਪੰਜਾਬ ਸਟੇਟ ਸਫ਼ਾਈ ਕਰਮਚਾਰੀ ਯੂਨੀਅਨ ਦੇ ਆਗੂ ਕੁਲਦੀਪ ਸਿੰਘ ਨੇ ਕਿਹਾ ਕਿ ਬੰਦ ਦੀ ਕਾਮਯਾਬੀ ਲਈ ਸਮਰਥਨ ਲੈਣ ਵਾਸਤੇ ਸਮਾਜ ਦੇ ਹਰ ਵਰਗ ਦੀ ਲਾਮਬੰਦੀ ਸ਼ੁਰੂ ਕੀਤੀ ਹੈ ਤਾਂ ਕਿ ਮੁਕੰਮਲ ਤੌਰ ’ਤੇ ਪੰਜਾਬ ਬੰਦ ਕੀਤਾ ਜਾ ਸਕੇ। ਦੂਸਰੀ ਤਰਫ਼ ਪੰਜਾਬ ਸਰਕਾਰ ਨੇ ਨਗਰ ਨਿਗਮਾਂ ਅਤੇ ਕੌਂਸਲਾਂ ’ਚ ਕੂੜਾ ਇਕੱਠਾ ਕਰਨ ਅਤੇ ਪ੍ਰਬੰਧਨ ਲਈ ਬਦਲਵੇਂ ਪ੍ਰਬੰਧ ਕਰਨੇ ਸ਼ੁਰੂ ਕੀਤੇ ਹਨ ਤਾਂ ਕਿ ਸਫ਼ਾਈ ਦੇ ਕੰਮ ’ਚ ਕੋਈ ਵਿਘਨ ਨਾ ਪਵੇ।

Advertisement

ਸਥਾਨਕ ਸਰਕਾਰਾਂ ਵਿਭਾਗ ਦੇ ਸਕੱਤਰ ਨੇ ਡਿਪਟੀ ਕਮਿਸ਼ਨਰ ਨੂੰ 20 ਜੁਲਾਈ ਨੂੰ ਜਨਤਕ ਸੁਰੱਖਿਆ ਅਤੇ ਨਿਰੰਤਰ ਸ਼ਹਿਰੀ ਸੇਵਾਵਾਂ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ ਸਨ ਅਤੇ ਸ਼ਹਿਰੀ ਸੰਸਥਾਵਾਂ ਨੂੰ ਇਹ ਨਿਰਦੇਸ਼ ਅਮਲ ’ਚ ਲਿਆਉਣ ਲਈ ਕਿਹਾ ਸੀ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਨਗਰ ਕੌਂਸਲਾਂ ’ਚ ਸਫ਼ਾਈ ਦੀ ਸਥਿਤੀ ਨੂੰ ‘ਚਿੰਤਾਜਨਕ’ ਕਰਾਰ ਦਿੱਤਾ ਸੀ। ਪਟੀਸ਼ਨ ’ਤੇ ਸੁਣਵਾਈ ਮਗਰੋਂ ਸਰਕਾਰ ਹਰਕਤ ’ਚ ਆ ਗਈ ਸੀ।

Advertisement

ਜਾਣਕਾਰੀ ਮੁਤਾਬਕ ਸਰਕਾਰ ਨੇ ਸਫ਼ਾਈ ਕਰਮਚਾਰੀ ਯੂਨੀਅਨਾਂ ਨੂੰ ਭਲਕੇ (27 ਜੁਲਾਈ) ਮੀਟਿੰਗ ਲਈ ਸੱਦਿਆ ਹੈ। ਬਰਨਾਲਾ ਦੀ ਘਟਨਾ ਮਗਰੋਂ ਸਰਕਾਰ ਸਫ਼ਾਈ ਸੇਵਕਾਂ ਦੀ ਹੜਤਾਲ ਨੂੰ ਸਖ਼ਤੀ ਨਾਲ ਨਜਿੱਠਣ ਤੋਂ ਪਾਸਾ ਵੱਟਣ ਲੱਗ ਪਈ ਹੈ ਕਿਉਂਕਿ ਆਗਾਮੀ ਵਿਧਾਨ ਸਭਾ ਚੋਣਾਂ ਕਰ ਕੇ ‘ਆਪ’ ਸਰਕਾਰ ਲੋਕ ਨਾਰਾਜ਼ਗੀ ਦਾ ਕੋਈ ਖ਼ਤਰਾ ਮੁੱਲ ਨਹੀਂ ਲੈਣਾ ਚਾਹੁੰਦੀ। ਸਫ਼ਾਈ ਮੁਲਾਜ਼ਮਾਂ ਦੀ ਮੰਗ ਹੈ ਕਿ ਠੇਕੇ ’ਤੇ ਕੰਮ ਕਰਦੇ ਕਰੀਬ 40 ਹਜ਼ਾਰ ਸਫ਼ਾਈ ਕਰਮਚਾਰੀਆਂ ਨੂੰ ਪੱਕਾ ਕੀਤਾ ਜਾਵੇ। ਆਊਟਸੋਰਸਿੰਗ ਰਾਹੀਂ ਕੰਮ ਕਰਦੇ ਮੁਲਾਜ਼ਮਾਂ ਨੂੰ ਠੇਕੇ ’ਤੇ ਰੱਖੇ ਮੁਲਾਜ਼ਮਾਂ ਵਜੋਂ ਤਰੱਕੀ ਦਿੱਤੀ ਜਾਵੇ। ਇਸ ਤੋਂ ਇਲਾਵਾ ਘਰ-ਘਰ ਜਾ ਕੇ ਕੂੜਾ ਇਕੱਠਾ ਕਰਨ ਵਾਲੇ ਗ਼ੈਰ-ਸੰਗਠਤ ਕਰਮਚਾਰੀਆਂ ਸਮੇਤ ਸਮੁੱਚਾ ਅੰਕੜਾ 56 ਹਜ਼ਾਰ ਨੂੰ ਛੂਹ ਜਾਂਦਾ ਹੈ। ਸਰਕਾਰ ਵੱਲੋਂ ਸ਼ਹਿਰਾਂ ’ਚ ਸਫ਼ਾਈ ਦੀ ਸਮੱਸਿਆ ਦੇ ਬਦਲਵੇਂ ਪ੍ਰਬੰਧ ਕਦਮ ਚੁੱਕੇ ਗਏ ਤਾਂ ਹੜਤਾਲੀ ਸਫ਼ਾਈ ਮੁਲਾਜ਼ਮਾਂ ਨੇ ਉਸ ਦਾ ਵਿਰੋਧ ਕੀਤਾ। ਬਰਨਾਲਾ ਨਿਗਮ ਨੇ ਜਦੋਂ ਬਦਲਵੇਂ ਪ੍ਰਬੰਧਾਂ ਨੂੰ ਅਮਲ ’ਚ ਲਿਆਉਣਾ ਚਾਹਿਆ ਤਾਂ ਨੌਬਤ ਲਾਠੀਚਾਰਜ ਤੱਕ ਪਹੁੰਚ ਗਈ ਸੀ। ਸੰਗਰੂਰ ’ਚ ਵੀ ਇਸੇ ਤਰ੍ਹਾਂ ਦਾ ਵਿਰੋਧ ਹੋਇਆ ਸੀ।

ਡੱਬੀ

ਸਿਆਸਤ ਦੇ ਕੇਂਦਰ ’ਚ ਆਇਆ ਬਰਨਾਲਾ

ਸਫ਼ਾਈ ਮੁਲਾਜ਼ਮਾਂ ’ਤੇ ਲਾਠੀਚਾਰਜ ਮਗਰੋਂ ਬਰਨਾਲਾ ਹੁਣ ਸਿਆਸਤ ਦਾ ਕੇਂਦਰ ਬਿੰਦੂ ਬਣਨ ਲੱਗਿਆ ਹੈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ, ਸਾਬਕਾ ਮੁੱਖ ਮੰਤਰੀ ਚਰਨਜੀਤ ਚੰਨੀ, ਸੁਖਜਿੰਦਰ ਰੰਧਾਵਾ ਅਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਤੋਂ ਇਲਾਵਾ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਵੜਿੰਗ ਨੇ ਬਰਨਾਲਾ ਦਾ ਗੇੜਾ ਮਾਰਿਆ ਹੈ। ਸਾਬਕਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਵੀ ਬੀਤੇ ਦਿਨੀਂ ਬਰਨਾਲਾ ਪੁੱਜੇ ਸਨ। ਜਾਣਕਾਰੀ ਮੁਤਾਬਕ ਭਲਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਬਰਨਾਲਾ ਆ ਰਹੇ ਹਨ। ਵਿੱਤ ਮੰਤਰੀ ਹਰਪਾਲ ਚੀਮਾ ਵੀ ਬਰਨਾਲਾ ਜਾ ਚੁੱਕੇ ਹਨ।

Advertisement
×