Punjab ’ਚ ਗੋਲੀਬਾਰੀ ਮਾਮਲੇ ’ਚ ਲੋੜੀਂਦਾ ਭਗਵਾਨਪੁਰੀਆ ਗੈਂਗ ਦਾ ਸ਼ੱਕੀ ਮੈਂਬਰ ਗੁਜਰਾਤ ਤੋਂ ਗ੍ਰਿਫ਼ਤਾਰ
Punjab News: ਪੰਜਾਬ ਪੁਲੀਸ ਨੂੰ ਸੁਖਪਿੰਦਰ ਸਿੰਘ ਦੀ ਹਿਰਾਸਤ ਬਾਰੇ ਸੂਚਿਤ ਕੀਤਾ
ਗੁਜਰਾਤ ਐਂਟੀ-ਟੈਰਰਿਸਟ ਸਕੂਐਡ (ਏ.ਟੀ.ਐਸ.) ਨੇ ਮੰਗਲਵਾਰ ਨੂੰ ਕਿਹਾ ਕਿ ਇੱਕ ਅਜਿਹੇ ਵਿਅਕਤੀ ਨੂੰ ਕਾਬੂ ਕੀਤਾ ਹੈ, ਜਿਸ ਉੱਤੇ ਗੈਂਗਸਟਰ ਜੱਗੂ ਭਗਵਾਨਪੁਰੀਆ ਦੇ ਸਿੰਡੀਕੇਟ ਨਾਲ ਜੁੜੇ ਹੋਣ ਦਾ ਸ਼ੱਕ ਹੈ ਅਤੇ ਜੋ ਪਿਛਲੇ ਮਹੀਨੇ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਦਰਜ ਗੋਲੀਬਾਰੀ ਦੇ ਮਾਮਲੇ ਦੇ ਸਬੰਧ ਵਿੱਚ ਕਤਲ ਦੀ ਕੋਸ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਿਹਾ ਹੈ।
ਦੋਸ਼ੀ, ਸੁਖਪਿੰਦਰ ਸਿੰਘ ਉਰਫ਼ ਸੁੱਖੀ, ਨੂੰ 22 ਅਗਸਤ ਨੂੰ ਉੱਤਰ-ਪੂਰਬੀ ਗੁਜਰਾਤ ਦੇ ਬਣਸਕਾਂਠਾ ਜ਼ਿਲ੍ਹੇ ਦੇ ਪ੍ਰਸ਼ਾਸਕੀ ਮੁੱਖ ਦਫ਼ਤਰ ਪਾਲਨਪੁਰ ਦੇ ਇੱਕ ਹੋਟਲ ਵਿੱਚੋਂ ਲੱਭਿਆ ਗਿਆ ਸੀ, ਇੱਥੇ ਜਾਰੀ ਇੱਕ ਅਧਿਕਾਰਤ ਪ੍ਰੈਸ ਰਿਲੀਜ਼ ਵਿੱਚ ਇਹ ਜਾਣਕਾਰੀ ਦਿੱਤੀ ਗਈ।
ਗੁਰਦਾਸਪੁਰ ਜ਼ਿਲ੍ਹੇ ਦੀ ਬਟਾਲਾ ਤਹਿਸੀਲ ਦੀ ਪੁਲੀਸ ਨੇ ਜੁਲਾਈ ਵਿੱਚ ਉਸ ਖ਼ਿਲਾਫ਼ ਇੱਕ ਸਥਾਨਕ ਨਿਵਾਸੀ ਦੀ ਦੁਕਾਨ ਨੇੜੇ ਕਥਿਤ ਤੌਰ 'ਤੇ ਗੋਲੀ ਚਲਾਉਣ ਲਈ ਐੱਫ.ਆਈ.ਆਰ. ਦਰਜ ਕੀਤੀ ਸੀ। ਗੋਲੀਬਾਰੀ ਤੋਂ ਬਾਅਦ ਸੁਖਪਿੰਦਰ ਸਿੰਘ ਉੱਤੇ ਭਾਰਤੀ ਨਿਆਂ ਸੰਹਿਤਾ ਦੀਆਂ ਧਾਰਾਵਾਂ 109 (ਕਤਲ ਦੀ ਕੋਸ਼ਿਸ਼) ਅਤੇ 324(4) (20,000 ਰੁਪਏ ਜਾਂ ਇਸ ਤੋਂ ਵੱਧ ਦਾ ਜਾਇਦਾਦ ਦਾ ਨੁਕਸਾਨ ਪਹੁੰਚਾਉਣ ਵਾਲੀ ਸ਼ਰਾਰਤ) ਅਤੇ ਅਸਲਾ ਐਕਟ ਦੀਆਂ ਸੰਬੰਧਿਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।
ਇੱਕ ਗੁਪਤ ਸੂਚਨਾ ਦੇ ਆਧਾਰ 'ਤੇ ਕਿ ਜੱਗੂ ਭਗਵਾਨਪੁਰੀਆ ਗੈਂਗ ਨਾਲ ਕਥਿਤ ਤੌਰ 'ਤੇ ਜੁੜਿਆ ਸੁਖਪਿੰਦਰ ਸਿੰਘ ਪਾਲਨਪੁਰ ਵਿੱਚ ਮੌਜੂਦ ਹੈ, ਇੱਕ ਏ.ਟੀ.ਐਸ. ਟੀਮ ਨੇ ਤਸਦੀਕ ਕੀਤੀ ਅਤੇ ਰਾਜਸਥਾਨ ਦੀ ਸਰਹੱਦ ਨਾਲ ਲੱਗਦੇ ਇਸ ਕਸਬੇ ਦੇ ਇੱਕ ਹੋਟਲ ਵਿੱਚ ਉਸ ਨੂੰ ਲੱਭ ਲਿਆ। ਪ੍ਰੈਸ ਰਿਲੀਜ਼ ਦੇ ਅਨੁਸਾਰ ਉਸਨੂੰ ਬਾਅਦ ਵਿੱਚ ਪੁੱਛਗਿੱਛ ਲਈ ਅਹਿਮਦਾਬਾਦ ਵਿੱਚ ਏ.ਟੀ.ਐੱਸ. ਦਫ਼ਤਰ ਲਿਆਂਦਾ ਗਿਆ।
ਮੁੱਢਲੀ ਪੁੱਛਗਿੱਛ ਦੌਰਾਨ, ਦੋਸ਼ੀ ਨੇ ਕਥਿਤ ਤੌਰ 'ਤੇ ਸਵੀਕਾਰ ਕੀਤਾ ਕਿ 20 ਜੁਲਾਈ ਨੂੰ ਉਸ ਨੇ ਅਤੇ ਉਸਦੇ ਸਾਥੀਆਂ, ਸਾਹਿਬਦੀਪ ਸਿੰਘ, ਗਗਨਦੀਪ ਸਿੰਘ ਅਤੇ ਵਿਕਰਮਜੀਤ ਸਿੰਘ ਉਰਫ਼ ਵਿੱਕੀ ਨੇ ਇਸ ਮਾਮਲੇ ਦੇ ਸ਼ਿਕਾਇਤਕਰਤਾ, ਇੱਕ ਸਥਾਨਕ ਨਿਵਾਸੀ ਮਹਿਕਦੀਪ ਸਿੰਘ ਦੀ ਦੁਕਾਨ ਨੇੜੇ ਗੋਲੀ ਚਾਈ ਸੀ।
ਪੁਲੀਸ ਵੱਲੋਂ ਕਿਹਾ ਗਿਆ ਹੈ ਕਿ ਘਟਨਾ ਤੋਂ ਬਾਅਦ, ਸੁਖਪਿੰਦਰ ਸਿੰਘ ਕਥਿਤ ਤੌਰ 'ਤੇ ਪੰਜਾਬ ਦੇ ਕਾਦੀਆ ਖੇਤਰ ਦੇ ਇੱਕ ਪਿੰਡ ਵਿੱਚ ਆਪਣੀ ਮਾਸੀ ਦੇ ਘਰ ਗਿਆ ਅਤੇ ਆਪਣੇ ਯਤਨ ਨਾਲ ਮਿਲੀ .30-06 ਰਾਈਫਲ ਆਪਣੇ ਚਚੇਰੇ ਭਰਾ ਨੂੰ ਸੌਂਪ ਦਿੱਤੀ ਅਤੇ ਫਿਰ ਪਾਲਨਪੁਰ ਪਹੁੰਚਣ ਤੋਂ ਪਹਿਲਾਂ ਦਿੱਲੀ ਹੈਦਰਾਬਾਦ ਅਤੇ ਮਹਾਰਾਸ਼ਟਰ ਦੇ ਨਾਂਦੇੜ ਰਾਹੀਂ ਅੱਗੇ ਵਧਿਆ।
ਗੁਰਦਾਸਪੁਰ ਜ਼ਿਲ੍ਹੇ ਦੇ ਰਹਿਣ ਵਾਲੇ ਸੁਖਪਿੰਦਰ ਸਿੰਘ ਦਾ ਅਪਰਾਧਿਕ ਪਿਛੋਕੜ ਹੈ ਅਤੇ ਉਸਨੂੰ ਪੰਜਾਬ ਅਤੇ ਗੁਜਰਾਤ ਵਿੱਚ ਕਈ ਮਾਮਲਿਆਂ ਵਿੱਚ ਨਾਮਜ਼ਦ ਕੀਤਾ ਗਿਆ ਹੈ, ਜਿਸ ਵਿੱਚ ਕਤਲ ਦੀ ਕੋਸ਼ਿਸ਼ ਅਤੇ ਅਸਲਾ ਐਕਟ ਤਹਿਤ ਅਪਰਾਧ ਸ਼ਾਮਲ ਹਨ। ਏ.ਟੀ.ਐੱਸ. ਨੇ ਕਿਹਾ ਕਿ ਉਸਨੇ 2021 ਵਿੱਚ ਨਸ਼ਿਆਂ ਨਾਲ ਜੁੜੇ ਇੱਕ ਮਾਮਲੇ ਵਿੱਚ ਦੁਬਈ ਦੀ ਜੇਲ੍ਹ ਵਿੱਚ ਨੌਂ ਮਹੀਨੇ ਬਿਤਾਏ ਸਨ।
ਪੰਜਾਬ ਪੁਲੀਸ ਨੂੰ ਸੁਖਪਿੰਦਰ ਸਿੰਘ ਦੀ ਹਿਰਾਸਤ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ ਅਤੇ ਸੌਂਪਣ ਦੀ ਪ੍ਰਕਿਰਿਆ ਜਾਰੀ ਹੈ।

