ਮੁੰਬਈ, 15 ਜੂਨ
ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਦਾ ਅੱਜ ਇੱਥੇ ਪਵਨ ਹੰਸ ਸ਼ਮਸ਼ਾਨਘਾਟ ’ਚ ਪਰਿਵਾਰਕ ਮੈਂਬਰਾਂ ਅਤੇ ਫ਼ਿਲਮ ਤੇ ਟੀਵੀ ਸਨਅਤ ਨਾਲ ਜੁੜੇ ਉਸ ਦੇ ਨੇੜਲੇ ਦੋਸਤਾਂ ਦੀ ਹਾਜ਼ਰੀ ਵਿਚ ਅੰਤਿਮ ਸੰਸਕਾਰ ਕਰ ਦਿੱਤਾ ਗਿਆ। ਰਾਜਪੂਤ (34) ਐਤਵਾਰ ਆਪਣੇ ਬਾਂਦਰਾ ਸਥਿਤ ਫਲੈਟ ਵਿਚ ਫਾਹੇ ਨਾਲ ਲਟਕਦਾ ਮਿਲਿਆ ਸੀ। ਅਦਾਕਾਰ ਦੀ ਦੇਹ ਨੂੰ ਕੂਪਰ ਹਸਪਤਾਲ ਤੋਂ ਸ਼ਾਮ ਕਰੀਬ 4.15 ’ਤੇ ਵਿਲੇ ਪਾਰਲੇ ਸਥਿਤ ਸ਼ਮਸ਼ਾਨਘਾਟ ਲਿਆਂਦਾ ਗਿਆ। ਸਸਕਾਰ ਵੇਲੇ ਮੀਂਹ ਪੈਂਦਾ ਹੋਣ ਦੇ ਬਾਵਜੂਦ ਦੋਸਤ ਤੇ ਹੋਰ ਅਦਾਕਾਰ ਦੀਆਂ ਆਖ਼ਰੀ ਰਸਮਾਂ ਲਈ ਇਕੱਤਰ ਹੋਏ। ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਜੋ ਕਿ ਰਾਜਪੂਤ ਦੀ ਆਉਣ ਵਾਲੀ ਫ਼ਿਲਮ ‘ਦਿਲ ਬੇਚਾਰਾ’ ਦੇ ਨਿਰਦੇਸ਼ਕ ਵੀ ਹਨ, ਸਭ ਤੋਂ ਪਹਿਲਾਂ ਅਦਾਕਾਰਾ ਕ੍ਰਿਤੀ ਸੈਨਨ ਨਾਲ ਸ਼ਮਸ਼ਾਨਘਾਟ ਪੁੱਜੇ। ਸੈਨਨ ਨੇ ਰਾਜਪੂਤ ਨਾਲ 2017 ਵਿਚ ਆਈ ‘ਰਾਬਤਾ’ ’ਚ ਕੰਮ ਕੀਤਾ ਸੀ। ਰਾਜਪੂਤ ਦੀ ਦੋਸਤ ਰੀਆ ਚਕਰਵਰਤੀ ਨੇ ਵੀ ਹਸਪਤਾਲ ਜਾਣ ਮਗਰੋਂ ਅੰਤਿਮ ਰਸਮਾਂ ਮੌਕੇ ਸ਼ਮੂਲੀਅਤ ਕੀਤੀ। ਅਦਾਕਾਰ ਨਾਲ ‘ਛਿਛੋਰੇ’ ਵਿਚ ਕੰਮ ਕਰਨ ਵਾਲੀ ਅਭਿਨੇਤਰੀ ਸ਼੍ਰਧਾ ਕਪੂਰ ਤੇ ਵਰੁਣ ਸ਼ਰਮਾ ਵੀ ਇਸ ਮੌਕੇ ਹਾਜ਼ਰ ਸਨ। ਰਾਜਪੂਤ ਦੀਆਂ ਫ਼ਿਲਮਾਂ ‘ਕਾਏ ਪੋ ਛੇ!’ ਅਤੇ ‘ਕੇਦਾਰਨਾਥ’ ਦੇ ਨਿਰਦੇਸ਼ਕ ਅਭਿਸ਼ੇਕ ਕਪੂਰ, ਨਿਰਮਾਤਾ ਏਕਤਾ ਕਪੂਰ, ਅਦਾਕਾਰ ਵਿਵੇਕ ਓਬਰਾਏ, ਰਣਦੀਪ ਹੁੱਡਾ, ਪ੍ਰਤੀਕ ਬੱਬਰ ਤੇ ਗਾਇਕ ਉਦਿਤ ਨਾਰਾਇਣ ਵੀ ਇਸ ਮੌਕੇ ਹਾਜ਼ਰ ਸਨ। ਸੂੁਤਰਾਂ ਮੁਤਾਬਕ ਕਰੋਨਾਵਾਇਰਸ ਮਹਾਮਾਰੀ ਦੇ ਮੱਦੇਨਜ਼ਰ ਸਿਰਫ਼ ਕਰੀਬੀ ਪਰਿਵਾਰਕ ਮੈਂਬਰਾਂ ਤੇ ਚੋਣਵੇਂ ਦੋਸਤਾਂ ਨੂੰ ਹੀ ਸ਼ਮਸ਼ਾਨਘਾਟ ਦੇ ਅੰਦਰ ਜਾਣ ਦੀ ਪ੍ਰਵਾਨਗੀ ਦਿੱਤੀ ਗਈ। ਰਿਸ਼ਤੇ ਵਿਚ ਸੁਸ਼ਾਂਤ ਦੇ ਭਰਾ ਲੱਗਦੇ ਤੇ ਭਾਜਪਾ ਵਿਧਾਇਕ ਨੀਰਜ ਸਿੰਘ ਬਬਲੂ ਨੇ ਕਿਹਾ ਕਿ ਪਰਿਵਾਰ ਉਸ ਦਾ ਅੰਤਿਮ ਸੰਸਕਾਰ ਜੱਦੀ ਸੂਬੇ ਬਿਹਾਰ ਵਿਚ ਕਰਨਾ ਚਾਹੁੰਦਾ ਸੀ ਪਰ ਕਰੋਨਾਵਾਇਰਸ ਦੇ ਮੱਦੇਨਜ਼ਰ ਦੇਹ ਨੂੰ ਬਿਹਾਰ ਲਿਆਉਣਾ ਸੰਭਵ ਨਹੀਂ ਸੀ। ਮੈਗਾਸਟਾਰ ਅਮਿਤਾਭ ਬੱਚਨ, ਨਿਰਮਾਤਾ-ਨਿਰਦੇਸ਼ਕ ਸ਼ੇਖਰ ਕਪੂਰ, ਭੂਮੀ ਪੇਦਨੇਕਰ ਨੇ ਅੱਜ ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਉਹ ਬਿਹਤਰੀਨ ਕਲਾਕਾਰ ਸੀ ਤੇ ਹਮੇਸ਼ਾ ਸਿਤਾਰੇ ਵਾਂਗ ਚਮਕਦਾ ਰਹੇਗਾ। ਅਮਿਤਾਭ ਨੇ ਕਿਹਾ ਕਿ ਕਈ ਵਾਰ ਉਹ ਖ਼ੁਦ ਨੂੰ ਡੂੰਘੀ ਫਿਲਾਸਫੀ ਰਾਹੀਂ ਪ੍ਰਗਟਾਉਂਦਾ ਰਿਹਾ। ਉਹ ਨਾਪ-ਤੋਲ ਕੇ ਸ਼ਬਦਾਂ ਦਾ ਇਸਤੇਮਾਲ ਕਰਦਾ ਸੀ ਤੇ ਇਸੇ ਤਰ੍ਹਾਂ ਦੀ ਪੇਸ਼ਕਾਰੀ ਦਿੰਦਾ ਰਿਹਾ। ਉਨ੍ਹਾਂ ‘ਐਮਐੱਸ ਧੋਨੀ: ਦੀ ਅਨਟੋਲਡ ਸਟੋਰੀ’ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ। ਨਿਰਦੇਸ਼ਕ ਸ਼ੇਖਰ ਕਪੂਰ ਨੇ ਕਿਹਾ ਕਿ ਜਿਸ ਦਰਦ ’ਚੋਂ ਰਾਜਪੂਤ ਪਿਛਲੇ ਛੇ ਮਹੀਨਿਆਂ ਤੋਂ ਗੁਜ਼ਰ ਰਿਹਾ ਸੀ, ਉਹ ਜਾਣਦੇ ਹਨ। ਪ੍ਰਿਯੰਕਾ ਚੋਪੜਾ ਤੇ ਅਰਜੁਨ ਕਪੂਰ ਨੇ ਵੀ ਰਾਜਪੂਤ ਨਾਲ ਬਿਤਾਏ ਪਲ ਸਾਂਝੇ ਕੀਤੇ ਤੇ ਡੂੰਘਾ ਅਫ਼ਸੋਸ ਜ਼ਾਹਿਰ ਕੀਤਾ। -ਪੀਟੀਆਈ
ਮੁੰਬਈ ਪੁਲੀਸ ਨੇ ਖ਼ੁਦਕੁਸ਼ੀ ਮਾਮਲੇ ’ਚ ਜਾਂਚ ਆਰੰਭੀ
ਮੁੰਬਈ ਪੁਲੀਸ ਨੇ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਦੇ ਮਾਮਲੇ ਵਿਚ ਜਾਂਚ ਆਰੰਭ ਦਿੱਤੀ ਹੈ। ਅੱਜ ਸਸਕਾਰ ਹੋਣ ਦੇ ਬਾਵਜੂਦ ਪੁਲੀਸ ਖ਼ੁਦਕੁਸ਼ੀ ਪਿਛਲੇ ਕਾਰਨਾਂ ਦੀ ਕਈ ਨੁਕਤਿਆਂ ਤੋਂ ਜਾਂਚ ਕਰ ਰਹੀ ਹੈ। ਪੋਸਟਮਾਰਟਮ ਰਿਪੋਰਟ ਵਿਚ ਮੌਤ ਦਾ ਕਾਰਨ ਦਮ ਘੁੱਟਣਾ ਦਰਜ ਕੀਤਾ ਗਿਆ ਹੈ। ਹਾਲਾਂਕਿ ਪੁਲੀਸ ਨੇ ਕਿਸੇ ਸ਼ੱਕੀ ਗਤੀਵਿਧੀ ਵੱਲ ਸੰਕੇਤ ਨਹੀਂ ਕੀਤਾ। ਪੁਲੀਸ ਨੇ ਅਦਾਕਾਰ ਦੇ ਦੋਸਤ ਰਿਆ ਚਕਰਵਰਤੀ ਤੇ ਮਹੇਸ਼ ਸ਼ੈੱਟੀ ਤੋਂ ਪੁੱਛਗਿੱਛ ਕੀਤੀ ਹੈ। ਮਹਾਰਾਸ਼ਟਰ ਦੇ ਗ੍ਰਹਿ ਮੰਤਰੀ ਅਨਿਲ ਦੇਸ਼ਮੁਖ ਨੇ ਕਿਹਾ ਕਿ ਪੁਲੀਸ ‘ਡਿਪਰੈਸ਼ਨ’ ਦੇ ਪੱਖ ਤੋਂ ਵੀ ਜਾਂਚ ਕਰ ਰਹੀ ਹੈ। ਕੁਝ ਰਿਪੋਰਟਾਂ ਵਿਚ ਕਿਹਾ ਗਿਆ ਹੈ ਕਿ ਪੇਸ਼ੇਵਰ ਕਾਰਨਾਂ ਕਰ ਕੇ ਸੁਸ਼ਾਂਤ ਕਲੀਨਿਕਲ ਡਿਪਰੈਸ਼ਨ ਨਾਲ ਜੂਝ ਰਹੇ ਸਨ।