ਬੱਚਿਆਂ ਦਾ ਭਵਿੱਖ ਦਾਅ ’ਤੇ ਲਾਉਣਾ ਬੰਦ ਕਰੋ: Rahul Gandhi
ਨੀਟ ਉਮੀਦਵਾਰ ਦੇ ਪ੍ਰੀਖਿਆ ਕੇਂਦਰ ’ਚ ਹੋਈ ਗੜਬੜ ਲਈ ਸਰਕਾਰ ’ਤੇ ਨਿਸ਼ਾਨਾ ਸੇਧਿਆ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਮੋਦੀ ਸਰਕਾਰ ’ਤੇ ਨਿਸ਼ਾਨਾ ਸੇਧਦਿਆਂ ਕਿਹਾ ਕਿ ਸਰਕਾਰ ਨੂੰ ਬੱਚਿਆਂ ਦੇ ਭਵਿੱਖ ਨੂੰ ਦਾਅ ’ਤੇ ਲਾਉਣਾ ਬੰਦ ਕਰਨਾ ਚਾਹੀਦਾ ਹੈ। ਉਨ੍ਹਾਂ ਦਾ ਇਹ ਬਿਆਨ ਨਾਗਪੁਰ ਦੇ ਨੀਟ-ਯੂ ਜੀ ਉਮੀਦਵਾਰ ਨੂੰ ਮੁੜ-ਪ੍ਰੀਖਿਆ ਲਈ ਅਬੂ ਧਾਬੀ ਵਿੱਚ ਪ੍ਰੀਖਿਆ ਕੇਂਦਰ ਅਲਾਟ ਕੀਤੇ ਜਾਣ ਤੋਂ ਬਾਅਦ ਸਾਹਮਣੇ ਆਇਆ ਹੈ।
ਨਾਗਪੁਰ ਦੇ ਇਸ ਨੀਟ ਉਮੀਦਵਾਰ ਦੇ ਪਰਿਵਾਰ ਨੇ ਦਾਅਵਾ ਕੀਤਾ ਕਿ ਉਸ ਨੂੰ 21 ਜੂਨ ਨੂੰ ਹੋਣ ਵਾਲੀ ਮੁੜ-ਪ੍ਰੀਖਿਆ ਲਈ ਅਬੂ ਧਾਬੀ ਦਾ ਸਕੂਲ ਪ੍ਰੀਖਿਆ ਕੇਂਦਰ ਵਜੋਂ ਅਲਾਟ ਕੀਤਾ ਗਿਆ ਹੈ। ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਪਲੈਟਫਾਰਮ ‘ਐਕਸ’ ਉੱਤੇ ਹਿੰਦੀ ਵਿੱਚ ਪਾਈ ਪੋਸਟ ਵਿੱਚ ਕਿਹਾ, ‘‘ਨਾਗਪੁਰ ਦਾ ਵਿਦਿਆਰਥੀ ਮਹੀਨੇ ਭਰ ਤੋਂ ਨੀਟ ਦੀ ਮੁੜ-ਪ੍ਰੀਖਿਆ ਦੀ ਤਿਆਰੀ ਕਰ ਰਿਹਾ ਸੀ। ਪ੍ਰੀਖਿਆ ਤੋਂ ਠੀਕ ਇੱਕ ਦਿਨ ਪਹਿਲਾਂ ਉਸ ਨੇ ਆਪਣਾ ਐਡਮਿਟ ਕਾਰਡ ਡਾਊਨਲੋਡ ਕੀਤਾ, ਤਾਂ ਉਸ ਨੂੰ ਅਲਾਟ ਕੀਤਾ ਗਿਆ ਕੇਂਦਰ ਅਬੂ ਧਾਬੀ ਨਿਕਲ਼ਿਆ। ਉਸ ਕੋਲ ਕੋਈ ਪਾਸਪੋਰਟ ਨਹੀਂ ਹੈ, ਉਸ ਦੇ ਪਰਿਵਾਰ ਕੋਲ ਉਸ ਨੂੰ ਵਿਦੇਸ਼ ਭੇਜਣ ਲਈ ਪੈਸੇ ਨਹੀਂ ਹਨ। ਉਹ ਸਾਰੀ ਰਾਤ ਰੋਂਦਾ ਰਿਹਾ ਅਤੇ ਹੁਣ ਪ੍ਰੀਖਿਆ ਦੇਣ ਤੋਂ ਇਨਕਾਰ ਕਰ ਰਿਹਾ ਹੈ। ਕੀ ਕੋਈ ਇਸ ਮਾਨਸਿਕ ਤਣਾਅ ਦੇ ਪੱਧਰ ਦੀ ਕਲਪਨਾ ਕਰ ਸਕਦਾ ਹੈ?’’ ਉਨ੍ਹਾਂ ਸਵਾਲ ਕੀਤਾ, ‘‘ਇਹ ਸਭ ਆਖ਼ਰ ਹੋਇਆ ਕਿਵੇਂ? ਅਸਲ ’ਚ, ਐੱਨ ਟੀ ਏ ਸਿਰਫ਼ ਵਿਦਿਆਰਥੀਆਂ ਅਤੇ ਉਨ੍ਹਾਂ ਦੇ ਮਾਪਿਆਂ ਦੇ ਸਬਰ ਦਾ ਇਮਤਿਹਾਨ ਲੈ ਰਹੀ ਹੈ।’’

