DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਮੁੱਖ ਮੰਤਰੀ ਦੇ ਸਿਆਸੀ ਤਨਜ਼ ਨਾਲ ਹਲਚਲ

ਡੇਰਾ ਸਿਆਸਤ ਨਾਲ ਟੱਕਰ ਲੈਣ ਦੇ ਰੌਂਅ ’ਚ ਨਜ਼ਰ ਆਏ ਮੁੱਖ ਮੰਤਰੀ

  • fb
  • twitter
  • whatsapp
  • whatsapp
Advertisement

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਤੜਕਸਾਰ ‘ਐਕਸ’ ’ਤੇ ਕੀਤੇ ਸਿਆਸੀ ਤਨਜ਼ ਨੇ ਆਮ ਆਦਮੀ ਪਾਰਟੀ ਦੇ ਸਿਆਸੀ ਰੌਂਅ ਵੱਲ ਇਸ਼ਾਰਾ ਕੀਤਾ ਹੈ। ਮੁੱਖ ਮੰਤਰੀ ਨੇ ਡੇਰਾ ਬਿਆਸ ਮੁਖੀ ਦਾ ਨਾਮ ਲਿਖੇ ਬਗੈਰ ਤਨਜ਼ ਕੀਤਾ ਕਿ ‘ਕੱਲ੍ਹ ਬਣ ਜਾਣ, ਭਾਵੇਂ ਅੱਜ ਬਣ ਜਾਣ/ਅਦਾਲਤਾਂ ਦਾ ਓਥੇ ਰੱਬ ਰਾਖਾ, ਜਿੱਥੇ ਮੁਲਾਕਾਤੀ ਹੀ ਜੱਜ ਬਣ ਜਾਣ।’ ਡੇਰਾ ਬਿਆਸ ਮੁਖੀ ਗੁਰਿੰਦਰ ਸਿੰਘ ਨੇ ਸੋਮਵਾਰ ਨੂੰ ਨਾਭਾ ਜੇਲ੍ਹ ’ਚ ਬੰਦ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨਾਲ ਮੁਲਾਕਾਤ ਕਰਨ ਮਗਰੋਂ ਮਜੀਠੀਆ ਨੂੰ ਬੇਕਸੂਰ ਦੱਸਿਆ ਸੀ।

ਡੇਰਾ ਬਿਆਸ ਮੁਖੀ ਦੀ ਇਸ ਮੁਲਾਕਾਤ ਤੋਂ ਕੁਝ ਦੇਰ ਬਾਅਦ ਹੀ ਸੁਪਰੀਮ ਕੋਰਟ ਦਾ ਮਜੀਠੀਆ ਦੀ ਜ਼ਮਾਨਤ ਮਨਜ਼ੂਰ ਕੀਤੇ ਜਾਣ ਸਬੰਧੀ ਫ਼ੈਸਲਾ ਆ ਗਿਆ। ਮੁੱਖ ਮੰਤਰੀ ਨੇ ਅੱਜ ਮਜੀਠੀਆ ਦੀ ਜੇਲ੍ਹ ’ਚੋਂ ਰਿਹਾਈ ਤੋਂ ਪਹਿਲਾਂ ਹੀ ਇਹ ਤਨਜ਼ ਕੱਸ ਕੇ ਸੂਬੇ ਦੀ ਸਿਆਸਤ ’ਚ ਹਲਚਲ ਪੈਦਾ ਕਰ ਦਿੱਤੀ। ਉਨ੍ਹਾਂ ਇਸ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ’ਤੇ ਵੀ ਰਾਜਸੀ ਨਿਸ਼ਾਨੇ ਲਾਏ ਸਨ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ’ਤੇ ਵੀ ਸਵਾਲ ਖੜ੍ਹੇ ਕੀਤੇ ਸਨ। ਸ਼੍ਰੋਮਣੀ ਕਮੇਟੀ ਖ਼ਿਲਾਫ਼ ਤਾਂ ਮੁੱਖ ਮੰਤਰੀ ਸਿਆਸੀ ਸਟੇਜਾਂ ਤੋਂ ਬੋਲਦੇ ਰਹੇ ਹਨ। ਸਿਆਸੀ ਹਲਕਿਆਂ ਮੁਤਾਬਕ ਮੁੱਖ ਮੰਤਰੀ ਮਾਨ ਦਾ ਡੇਰਾ ਬਿਆਸ ਮੁਖੀ ’ਤੇ ਅਸਿੱਧੇ ਤਰੀਕੇ ਨਾਲ ਤਨਜ਼ ਇਸ਼ਾਰਾ ਕਰਦਾ ਹੈ ਕਿ ਸ਼੍ਰੋਮਣੀ ਕਮੇਟੀ ਮਗਰੋਂ ਹੁਣ ਮੁੱਖ ਮੰਤਰੀ ਡੇਰਾ ਸਿਆਸਤ ਖ਼ਿਲਾਫ਼ ਮੋਰਚਾ ਖੋਲ੍ਹ ਸਕਦੇ ਹਨ। ਆਮ ਆਦਮੀ ਪਾਰਟੀ ਨੂੰ ਚੋਣਾਂ ਤੋਂ ਐਨ ਪਹਿਲਾਂ ਡੇਰਿਆਂ ਖ਼ਿਲਾਫ਼ ਅਜਿਹਾ ਪੈਂਤੜਾ ਸਿਆਸੀ ਤੌਰ ’ਤੇ ਕਿੰਨਾ ਪੁੱਗੇਗਾ, ਇਹ ਵੀ ਵੱਡਾ ਸਵਾਲ ਹੈ।

Advertisement

‘ਆਪ’ ਆਗੂਆਂ ਨੇ ਡੇਰਾ ਬਿਆਸ ਮੁਖੀ ਵੱਲੋਂ ਬਿਕਰਮ ਸਿੰਘ ਮਜੀਠੀਆ ਬਾਰੇ ਦਿੱਤੇ ਬਿਆਨ ਨੂੰ ਲੈ ਕੇ ਬੋਚ-ਬੋਚ ਕੇ ਟਿੱਪਣੀਆਂ ਕੀਤੀਆਂ ਹਨ। ਆਮ ਆਦਮੀ ਪਾਰਟੀ ਬੇਸ਼ੱਕ ਸਿੱਧੇ ਤੌਰ ’ਤੇ ਡੇਰਾ ਸਿਆਸਤ ਵਿੱਚ ਨਹੀਂ ਕੁੱਦੀ ਹੈ ਪਰ ਮੌੜ ਬੰਬ ਕਾਂਡ ਦੀ ਜਾਂਚ ਦਾ ਕਿਸੇ ਤਣ ਪੱਤਣ ਨਾ ਲੱਗਣਾ, ਜ਼ਰੂਰ ‘ਆਪ’ ਸਰਕਾਰ ’ਤੇ ਸਵਾਲ ਖੜ੍ਹੇ ਕਰਦਾ ਹੈ। ਪੰਜਾਬ ਪੁਲੀਸ ਦੀ ਜਾਂਚ ਵਿੱਚ ਮੌੜ ਕਾਂਡ ਦੀ ਪੈੜ ਡੇਰਾ ਸਿਰਸਾ ਤੱਕ ਜਾਂਦੀ ਹੈ। ‘ਆਪ’ ਸਰਕਾਰ ਨੇ ਮੌੜ ਬੰਬ ਕਾਂਡ ਦੀ ਜਾਂਚ ਵੱਲ ਕੋਈ ਵਧੇਰੇ ਕਦਮ ਹਾਲੇ ਤੱਕ ਨਹੀਂ ਵਧਾਏ ਹਨ।

Advertisement

ਸਿਆਸੀ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਡੇਰਾ ਨੀਤੀ ਖ਼ਿਲਾਫ਼ ਸਿੱਖ ਭਾਈਚਾਰੇ ਨੂੰ ਆਪਣੇ ਨਾਲ ਜੋੜਨ ਲਈ ਵਾਹ ਲਾਏਗੀ। ਲਾਪਤਾ ਸਰੂਪਾਂ ਦੇ ਮਾਮਲੇ ’ਤੇ ਕੇਸ ਦਰਜ ਕਰਨਾ ਅਤੇ ਉਸ ਮਗਰੋਂ ਵਿਸ਼ੇਸ਼ ਜਾਂਚ ਟੀਮ ਦੀ ਮੁਸਤੈਦੀ ਤੋਂ ਜਾਪਦਾ ਹੈ ਕਿ ਆਉਂਦੇ ਦਿਨਾਂ ਵਿੱਚ ‘ਆਪ’ ਸਰਕਾਰ ਬੇਅਦਬੀ ਮਾਮਲਿਆਂ ’ਤੇ ਇਨਸਾਫ਼ ਲਈ ਸਰਗਰਮੀ ਵਧਾ ਸਕਦੀ ਹੈ।

ਬਾਕਸ

ਅਕਾਲੀ ਦਲ ਤੇ ਭਾਜਪਾ ਦਰਮਿਆਨ ਕੜੀ ਬਣ ਸਕਦੇ ਹਨ ਮਜੀਠੀਆ

ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ ਰਿਹਾਈ ਮਗਰੋਂ ਨਵੇਂ ਚਰਚੇ ਸ਼ੁਰੂ ਹੋ ਗਏ ਹਨ ਕਿ ਮਜੀਠੀਆ ਸ਼੍ਰੋਮਣੀ ਅਕਾਲੀ ਦਲ ਨੂੰ ਮੁੜ ਸੁਰਜੀਤ ਕਰਨ ’ਚ ਭੂਮਿਕਾ ਨਿਭਾ ਸਕਦੇ ਹਨ ਅਤੇ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦਰਮਿਆਨ ਅਹਿਮ ਕੜੀ ਬਣ ਸਕਦੇ ਹਨ। ਮਜੀਠੀਆ ਦੀ ਡੇਰਾ ਬਿਆਸ ਮੁਖੀ ਨਾਲ ਪਰਿਵਾਰਕ ਨੇੜਤਾ ਵੀ ਹੈ। ਮਜੀਠੀਆ ਨੇ ਜੇਲ੍ਹ ’ਚੋਂ ਰਿਹਾਈ ਮੌਕੇ ਉਚੇਚੇ ਤੌਰ ’ਤੇ ਭਾਜਪਾ ਆਗੂਆਂ ਦਾ ਜ਼ਿਕਰ ਵੀ ਕੀਤਾ ਸੀ।

ਬਾਕਸ:

ਅਕਾਲੀਆਂ ਵੱਲੋਂ ਮੁੱਖ ਮੰਤਰੀ ਦੀ ਨੁਕਤਾਚੀਨੀ

ਪਟਿਆਲਾ (ਸਰਬਜੀਤ ਭੰਗੂ): ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਡੇਰਾ ਬਿਆਸ ਮੁਖੀ ਦੇ ਅਸਿੱਧੇ ਹਵਾਲੇ ਨਾਲ ਕੱਸੇ ਤਨਜ਼ ਨੂੰ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਕਲੇਰ ਨੇ ਅਦਾਲਤ ਦੀ ਤੌਹੀਨ ਕਰਾਰ ਦਿੱਤਾ। ਇਥੇ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੇ ਬਿਕਰਮ ਸਿੰਘ ਮਜੀਠੀਆ, ਡਾ. ਦਲਜੀਤ ਚੀਮਾ, ਸ਼੍ਰੋਮਣੀ ਕਮੇਟੀ ਮੈਂਬਰ ਸੁਰਜੀਤ ਸਿੰਘ ਗੜ੍ਹੀ ਤੇ ਜਸਮੇਰ ਸਿੰਘ ਲਾਛੜੂ, ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਲਖਵੀਰ ਲੌਟ, ਜਨਰਲ ਸਕੱਤਰ ਰਾਜੂ ਖੰਨਾ, ਜ਼ਿਲ੍ਹਾ ਪ੍ਰਧਾਨ ਜਗਮੀਤ ਹਰਿਆਊ ਸਣੇ ਹੋਰਨਾਂ ਨੇ ਇਸ ਮਾਮਲੇ ਨੂੰ ਲੈ ਕੇ ਮੁੱਖ ਮੰਤਰੀ ਨੂੰ ਕੋਸਿਆ। ਉਨ੍ਹਾਂ ਕਿਹਾ ਕਿ ਅਜਿਹਾ ਕਰ ਕੇ ਮੁੱਖ ਮੰਤਰੀ ਨੇ ਆਪਣੀ ਅਗਿਆਨਤਾ ਦਰਸਾ ਦਿੱਤੀ ਹੈ। ਮੁੱਖ ਮੰਤਰੀ ਨੇ ਧਾਰਮਿਕ ਸ਼ਖ਼ਸੀਅਤ ਦਾ ਨਿਰਾਦਰ ਕਰ ਕੇ ਲੋਕ ਮਨਾਂ ’ਚ ਆਪਣਾ ਆਧਾਰ ਹੋਰ ਵੀ ਘਟਾ ਲਿਆ ਹੈ। ਇਸ ਨਾਲ ਨਾ ਸਿਰਫ਼ ਮੁੱਖ ਮੰਤਰੀ ਬਲਕਿ ‘ਆਪ’ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ।

Advertisement
×