ਨਵੀਂ ਦਿੱਲੀ: ਹਾਂਗਕਾਂਗ ਦੇ ਏਅਰਪੋਰਟ ਦੇ ਪਾਰਕਿੰਗ ਏਰੀਆ ’ਚ ਚੀਨੀ ਕੰਪਨੀ ਵੀਵੋ ਦੇ ਸਮਾਰਟਫੋਨਾਂ ਦੀ ਖੇਪ ਨੂੰ ਅੱਗ ਲੱਗਣ ਦੀ ਘਟਨਾ ਤੋਂ ਬਾਅਦ ਸਪਾਈਸਜੈੱਟ ਅਤੇ ਗੋਏਅਰ ਨੇ ਇਸ ਕੰਪਨੀ ਦਾ ਸਾਮਾਨ ਨਾ ਲਿਜਾਣ ਦਾ ਫ਼ੈਸਲਾ ਕੀਤਾ ਹੈ। ਇਸ ਤੋਂ ਇਲਾਵਾ ਸ਼ਹਿਰ ਹਵਾਬਾਜ਼ੀ ਦੇ ਡਾਇਰੈਕਟੋਰੇਟ ਜਨਰਲ ਵੱਲੋਂ ਘਰੇਲੂ ਜਹਾਜ਼ਾਂ ਵੱਲੋਂ ਵੀਵੋ ਕੰਪਨੀ ਦੇ ਸਾਮਾਨ ਲਿਜਾਣ ਸਬੰਧੀ ਕੋਈ ਐਡਵਾਈਜ਼ਰੀ ਜਾਰੀ ਕਰਨ ਬਾਰੇ ਫ਼ੈਸਲਾ ਜਲਦੀ ਹੀ ਲਿਆ ਜਾਵੇਗਾ। ਇੱਕ ਸੀਨੀਅਰ ਅਧਿਕਾਰੀ ਨੇ ਕਿਹਾ,‘ਅਸੀਂ ਭਲਕੇ (ਵੀਰਵਾਰ) ਨੂੰ ਇਸ ਬਾਰੇ ਗੱਲਬਾਤ ਕਰਾਂਗੇ।’ ਇਸ ਦੌਰਾਨ ਵੀਵੋ ਕੰਪਨੀ ਦੇ ਬੁਲਾਰੇ ਨੇ ਕਿਹਾ,‘ਅਸੀਂ ਇਸ ਮਾਮਲੇ ਵੱਲ ਖ਼ਾਸ ਤੌਰ ’ਤੇ ਧਿਆਨ ਦਿੱਤਾ ਹੈ ਅਤੇ ਇਸ ਘਟਨਾ ਦੇ ਕਾਰਨਾਂ ਬਾਰੇ ਪਤਾ ਲਾਉਣ ਲਈ ਸਥਾਨਕ ਅਧਿਕਾਰੀਆਂ ਨਾਲ ਮਿਲਕੇ ਕੰਮ ਕਰਨ ਲਈ ਇੱਕ ਵਿਸ਼ੇਸ਼ ਟੀਮ ਬਣਾਈ ਹੈ।’ -ਪੀਟੀਆਈ