DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Souther States Water Dispute ਵਾਰਤਾ ਰਾਹੀਂ ਹੱਲ ਕਰਨ ਲਈ ਰਾਜ਼ੀ

ਮੇਕੇਦਾਤੂ ਡੈਮ ਦੇ ਮੁੱਦੇ ’ਤੇ ਤਾਮਿਲ ਨਾਡੂ ਅਤੇ ਪੁੱਡੂਚੇਰੀ ਦੇ ਹਿੱਤਾਂ ਦੀ ਰੱਖਿਆ ਦਾ ਵਚਨ ਦਿੱਤਾ: ਡੀ ਕੇ ਸ਼ਿਵਕੁਮਾਰ; ਦੱਖਣੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਮੀਟਿੰਗ ’ਚ ਸ਼ਾਹ ਨੇ ਹਾਜ਼ਰੀ ਭਰੀ

  • fb
  • twitter
  • whatsapp
  • whatsapp
featured-img featured-img
ਤਾਮਿਲ ਨਾਡੂ ਦੇ ਮਹਾਬਲੀਪੁਰਮ ਵਿੱਚ 31ਵੀਂ ਦੱਖਣੀ ਖੇਤਰੀ ਕੌਂਸਲ ਦੀ ਮੀਟਿੰਗ ਵਿੱਚ ਮੌਜੂਦ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਤਾਮਿਲ ਨਾਡੂ ਦੇ ਮੁੱਖ ਮੰਤਰੀ ਜੀ ਜੋਸਫ ਵਿਜੈ ਅਤੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ। -ਫੋਟੋ: ਪੀਟੀਆਈ
Advertisement

ਦੱਖਣੀ ਸੂਬਿਆਂ ਦੇ ਮੁੱਖ ਮੰਤਰੀਆਂ ਦੀ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਦੌਰਾਨ ਪਾਣੀਆਂ ਦੇ ਬਕਾਏ ਮੁੱਦਿਆਂ ਦਾ ਹੱਲ ਵਾਰਤਾ ਰਾਹੀਂ ਕੱਢਣ ’ਤੇ ਸਹਿਮਤੀ ਪ੍ਰਗਟਾਈ ਗਈ। ਦੱਖਣੀ ਜ਼ੋਨਲ ਕੌਂਸਲ ਦੀ 31ਵੀਂ ਮੀਟਿੰਗ ਦੌਰਾਨ ਸੂਬਿਆਂ ਦੇ ਮੁੱਖ ਮੰਤਰੀਆਂ ਨੇ ਹਲਕਾਬੰਦੀ ਦਾ ਮੁੱਦਾ ਵੀ ਚੁੱਕਿਆ। ਸ਼ਾਹ ਨੇ ਪਾਣੀਆਂ ਨਾਲ ਸਬੰਧਤ ਅੰਤਰ-ਸੂਬਾ ਵਿਵਾਦਾਂ ਦੇ ਫੌਰੀ ਹੱਲ ਦੀ ਵਕਾਲਤ ਕੀਤੀ। ਆਂਧਰਾ ਪ੍ਰਦੇਸ਼ ਅਤੇ ਤਿਲੰਗਾਨਾ ਪਾਣੀਆਂ ਦੀ ਵੰਡ ਅਤੇ ਹੋਰ ਦੇਣਦਾਰੀਆਂ ਸਬੰਧੀ ਮਸਲੇ ਗੱਲਬਾਤ ਰਾਹੀਂ ਹੱਲ ਕਰਨ ਲਈ ਰਾਜ਼ੀ ਹੋਏ। ਸ਼ਾਹ ਨੇ ਦੱਖਣੀ ਸੂਬਿਆਂ ਨੂੰ ਮੁਲਕ ਦੀ ਤਰੱਕੀ ਦੇ ਮੁੱਖ ਥੰਮ੍ਹ ਕਰਾਰ ਦਿੰਦਿਆਂ ਕਿਹਾ ਕਿ ਉੱਤਰੀ ਭਾਰਤ ’ਚ ਦਰਿਆਣੀ ਪਾਣੀਆਂ ਦੀ ਵੰਡ ਸਬੰਧੀ ਅੱਠ ’ਚੋਂ ਪੰਜ ਮਸਲੇ ਬ੍ਰਿਟਿਸ਼ ਕਾਲ ਤੋਂ ਪਹਿਲਾਂ ਦੇ ਹਨ।

ਕਰਨਾਟਕ ਦੇ ਮੁੱਖ ਮੰਤਰੀ ਡੀ ਕੇ ਸ਼ਿਵਕੁਮਾਰ ਨੇ ਕਿਹਾ ਕਿ ਉਨ੍ਹਾਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੀ ਹਾਜ਼ਾਰੀ ’ਚ ਵਚਨ ਦਿੱਤਾ ਹੈ ਕਿ ਪ੍ਰਸਤਾਵਿਤ ਮੇਕੇਦਾਤੂ ਡੈਮ ਦੇ ਮੁੱਦੇ ’ਤੇ ਤਾਮਿਲ ਨਾਡੂ ਅਤੇ ਪੁੱਡੂਚੇਰੀ ਦੇ ਹਿੱਤਾਂ ਦੀ ਰੱਖਿਆ ਕੀਤੀ ਜਾਵੇਗੀ। ਮੀਟਿੰਗ ਦੌਰਾਨ ਕਰਨਾਟਕ, ਤਾਮਿਲ ਨਾਡੂ, ਆਂਧਰਾ ਪ੍ਰਦੇਸ਼ ਅਤੇ ਕੇਰਲਾ ਸਮੇਤ ਕਈ ਹੋਰ ਸੂਬਿਆਂ ਦੇ ਪ੍ਰਮੁੱਖ ਆਗੂਆਂ ਨੇ ਹਿੱਸਾ ਲਿਆ।

Advertisement

ਕਰਨਾਟਕ ਦੇ ਮੁੱਖ ਮੰਤਰੀ ਸ਼ਿਵਕੁਮਾਰ ਨੇ ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਪਾਣੀਆਂ ਦੀ ਵੰਡ ਦੇ ਮੁੱਦੇ ਦੇ ਹੱਲ ਲਈ ਵੱਖਰੀ ਮੀਟਿੰਗ ਸੱਦਣ ਦੀ ਵਕਾਲਤ ਕੀਤੀ ਹੈ। ਉਨ੍ਹਾਂ ਐਲਾਨ ਕੀਤਾ ਕਿ ਡੈਮ ਵਿੱਚੋਂ ਸਿਰਫ਼ 5 ਟੀ ਐੱਮ ਸੀ ਪਾਣੀ ਪੀਣ ਦੀਆਂ ਜ਼ਰੂਰਤਾਂ ਲਈ ਰੱਖਿਆ ਜਾਵੇਗਾ ਅਤੇ ਬਾਕੀ ਬਚਦਾ ਸਾਰਾ ਪਾਣੀ ਤਾਮਿਲ ਨਾਡੂ ਅਤੇ ਪੁੱਡੂਚੇਰੀ ਲਈ ਛੱਡ ਦਿੱਤਾ ਜਾਵੇਗਾ। ਉਨ੍ਹਾਂ ਜ਼ੋਰ ਦਿੱਤਾ ਕਿ ਦਰਿਆਵਾਂ ਦੇ ਮਾਮਲੇ ਵਿੱਚ ਹੁਣ ‘ਪਾਣੀ ਦੀ ਵੰਡ’ ਤੋਂ ਅਗਾਂਹ ਜਾ ਕੇ ‘ਪਾਣੀ ਦੇ ਸਹਿਯੋਗ’ ਵੱਲ ਕਦਮ ਰੱਖਣਾ ਚਾਹੀਦਾ ਹੈ ਕਿਉਂਕਿ ਦਰਿਆ ਕੋਈ ਸਿਆਸੀ ਹੱਦਾਂ ਨਹੀਂ ਦੇਖਦੇ। ਇਸ ਮੌਕੇ ਆਂਧਰਾ ਪ੍ਰਦੇਸ਼ ਦੇ ਮੁੱਖ ਮੰਤਰੀ ਐੱਨ ਚੰਦਰਬਾਬੂ ਨਾਇਡੂ ਨੇ ਦੱਖਣੀ ਸੂਬਿਆਂ ਦੇ ਸਰਬਪੱਖੀ ਵਿਕਾਸ ਲਈ ਵਿਆਪਕ ਖ਼ਾਕਾ ਪੇਸ਼ ਕੀਤਾ। ਉਨ੍ਹਾਂ ਆਂਧਰਾ ਪ੍ਰਦੇਸ਼, ਕਰਨਾਟਕ ਅਤੇ ਤਾਮਿਲ ਨਾਡੂ ਨੂੰ ਆਪਸ ’ਚ ਜੋੜਨ ਲਈ ਖੇਤਰੀ ਬੁਲੇਟ ਟ੍ਰੇਨ ਕੋਰੀਡੋਰ ਬਣਾਉਣ ਦਾ ਸੁਝਾਅ ਦਿੱਤਾ। ਇਸ ਤੋਂ ਇਲਾਵਾ ਅਮਰਾਵਤੀ, ਬੰਗਲੂਰੂ ਅਤੇ ਚੇਨਈ ਨੂੰ ਜੋੜਨ ਵਾਲਾ ਟਰਾਂਜ਼ਿਟ ਨੈੱਟਵਰਕ, ਸਾਂਝੇ ਲੌਜਿਸਟਿਕਸ ਅਤੇ ਸਾਊਥ ਪਾਵਰ ਗਰਿੱਡ ਨੂੰ ਨੈਸ਼ਨਲ ਗਰਿੱਡ ਨਾਲ ਜੋੜਨ ਵਰਗੇ ਅਹਿਮ ਮੁੱਦੇ ਉਠਾਏ ਗਏ।

Advertisement

ਤਾਮਿਲ ਨਾਡੂ ਨੂੰ ਮੁਲਪੇਰੀਆਰ ਡੈਮ ਤੋਂ ਪਾਣੀ ਦਾ ਪੂਰਾ ਹਿੱਸਾ ਦੇਵਾਂਗੇ: ਸਤੀਸ਼ਨ

ਤਿਰੁਵਨੰਤਪੁਰਮ/ਚੇਨਈ: ਕੇਰਲਾ ਦੇ ਮੁੱਖ ਮੰਤਰੀ ਵੀ ਡੀ ਸਤੀਸ਼ਨ ਨੇ ਚੇਨਈ ਵਿਖੇ ਹੋਈ 31ਵੀਂ ਦੱਖਣੀ ਜ਼ੋਨਲ ਕੌਂਸਲ ਦੀ ਮੀਟਿੰਗ ਦੌਰਾਨ ਮੁਲਪੇਰੀਆਰ ਡੈਮ ਦਾ ਮੁੱਦਾ ਜ਼ੋਰਦਾਰ ਢੰਗ ਨਾਲ ਉਠਾਇਆ। ਉਨ੍ਹਾਂ ਸਿਹਤ ਸੰਭਾਲ, ਬੁਨਿਆਦੀ ਢਾਂਚੇ ਅਤੇ ਖੇਤਰੀ ਸੁਰੱਖਿਆ ’ਚ ਸਹਿਕਾਰੀ ਸੰਘਵਾਦ ’ਤੇ ਜ਼ੋਰ ਦਿੱਤਾ। ਸਤੀਸ਼ਨ ਨੇ ਸਪੱਸ਼ਟ ਕੀਤਾ ਕਿ ਕੇਰਲਾ ਨਵੇਂ ਮੁਲਪੇਰੀਆਰ ਡੈਮ ਤੋਂ ਤਾਮਿਲ ਨਾਡੂ ਨੂੰ ਪਾਣੀ ਦਾ ਪੂਰਾ ਹਿੱਸਾ ਦੇਣ ਲਈ ਤਿਆਰ ਹੈ। ਇਸ ਯੋਜਨਾ ਤਹਿਤ ਤਾਮਿਲ ਨਾਡੂ ਨਵੇਂ ਡੈਮ ਦਾ ਡਿਜ਼ਾਈਨ ਅਤੇ ਸਥਾਨ ਤੈਅ ਕਰੇਗਾ ਅਤੇ ਇਸ ਦੀ ਉਸਾਰੀ ਕਰਵਾਏਗਾ ਜਦਕਿ ਕੇਰਲਾ ਸਾਰਾ ਖ਼ਰਚਾ ਖ਼ੁਦ ਚੁੱਕੇਗਾ।

ਡੈਮ ’ਚੋਂ ਤਾਮਿਲ ਨਾਡੂ ਲਈ ਪਾਣੀ ਛੱਡਣ ’ਤੇ ਮੁਜ਼ਾਹਰਾ

ਬੰਗਲੂਰੂ/ਮਾਂਡਿਆ: ਕਾਵੇਰੀ ਬੇਸਿਨ ਖ਼ਾਸ ਕਰ ਕੇ ਮਾਂਡਿਆ ’ਚ ਕਿਸਾਨਾਂ ਵੱਲੋਂ ਕੇ ਆਰ ਐੱਸ ਡੈਮ ਵਿੱਚੋਂ ਪਾਣੀ ਛੱਡੇ ਜਾਣ ਦੇ ਵਿਰੋਧ ’ਚ ਰੋਸ ਮੁਜ਼ਾਹਰੇ ਤੇਜ਼ ਹੋ ਗਏ ਹਨ। ਕਿਸਾਨਾਂ ਦਾ ਦੋਸ਼ ਹੈ ਕਿ ਡੈਮ ’ਚ ਪਾਣੀ ਦਾ ਪੱਧਰ ਪਹਿਲਾਂ ਹੀ ਘੱਟ ਹੈ ਪਰ ਫਿਰ ਵੀ ਤਾਮਿਲ ਨਾਡੂ ਲਈ ਪਾਣੀ ਛੱਡਿਆ ਜਾ ਰਿਹਾ ਹੈ। ਮਾਂਡਿਆ ਵਿਖੇ ਸੰਜੈ ਸਰਕਲ ’ਤੇ ਕਿਸਾਨਾਂ ਨੇ ਧਰਨਾ ਦਿੱਤਾ ਅਤੇ ਕੰਨੜ ਸੈਨਾ ਦੇ ਕਾਰਕੁਨਾਂ ਦੀ ਹਮਾਇਤ ਨਾਲ ਪੁਰਾਣਾ ਬੰਗਲੂਰੂ-ਮੈਸੂਰ ਹਾਈਵੇਅ ਜਾਮ ਕੀਤਾ। ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਕੰਨੜ ਕਾਰਕੁਨ ਵਟਲ ਨਾਗਰਾਜ ਅਤੇ ਵਿਧਾਇਕ ਰਵੀ ਕੁਮਾਰ ਗੌੜਾ ਨੇ ਮੰਗ ਕੀਤੀ ਕਿ ਤਾਮਿਲ ਨਾਡੂ ਨੂੰ ਪਾਣੀ ਛੱਡਣਾ ਤੁਰੰਤ ਬੰਦ ਕੀਤਾ ਜਾਵੇ ਤਾਂ ਕਿ ਕਰਨਾਟਕ ਦੇ ਆਪਣੇ ਕਿਸਾਨਾਂ ਨੂੰ ਪਾਣੀ ਤੋਂ ਵਾਂਝਾ ਨਾ ਹੋਣਾ ਪਵੇ।

Advertisement
×